ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ-ਕਈ ਵਾਰ ਝੂਠਾ ਪ੍ਰਚਾਰ ਲੋਕਾਂ ’ਤੇ ਕਰ ਜਾਂਦੈ ਅਸਰ
Sunday, Mar 20, 2022 - 10:17 PM (IST)
ਲੰਬੀ (ਜੁਨੇਜਾ)-ਵਿਧਾਨ ਸਭਾ ਚੋਣਾਂ ’ਚ ਮਿਲੀ ਵੱਡੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਫਿਰ ਲੰਬੀ ਹਲਕੇ ਅੰਦਰ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। 95 ਸਾਲਾ ਬਜ਼ੁਰਗ ਸਿਆਸਤਦਾਨ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਪਾਰਟੀ ਵਰਕਰਾਂ ਦੇ ਧੰਨਵਾਦ ਲਈ ਕੀਤੀਆਂ ਮੀਟਿੰਗਾਂ ’ਚ ਕਿਹਾ ਕਿ ਜਿੱਤ-ਹਾਰ ਜ਼ਿੰਦਗੀ ਦਾ ਹਿੱਸਾ ਹਨ ਅਤੇ ਕਈ ਵਾਰ ਗ਼ਲਤ ਤੇ ਝੂਠਾ ਪ੍ਰਚਾਰ ਲੋਕਾਂ ’ਤੇ ਅਸਰ ਕਰ ਜਾਂਦਾ ਹੈ। ਹਲਕੇ ਦੇ ਪਿੰਡਾਂ ਫਤੂਹੀ ਵਾਲਾ, ਸਿੰਘੇਵਾਲਾ, ਮਿੱਠੜੀ ਅਤੇ ਗੱਗੜ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਉਹ ਦਿਲ ਦੀਆਂ ਗਹਿਰਾਈਆਂ ਤੋਂ ਲੋਕਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਹਮੇਸ਼ਾ ਤਨ, ਮਨ ਅਤੇ ਧਨ ਨਾਲ ਅਕਾਲੀ ਦਲ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਜਿੱਤਾਂ-ਹਾਰਾਂ ਪਾਰਟੀਆਂ ’ਤੇ ਆਉਂਦੀਆਂ ਰਹਿੰਦੀਆਂ ਹਨ ਕਿਉਂਕਿ ਕਈ ਵਾਰ ਝੂਠਾ ਪ੍ਰਚਾਰ ਲੋਕਾਂ ’ਤੇ ਅਸਰ ਕਰ ਜਾਂਦਾ ਹੈ।
ਇਹ ਵੀ ਪੜ੍ਹੋ : SGPC ਚੋਣਾਂ ਤੇ ਪੰਥਕ ਮਾਮਲਿਆਂ ਨੂੰ ਲੈ ਕੇ ਸੁਖਦੇਵ ਢੀਂਡਸਾ ਦੀ ਅਗਵਾਈ ’ਚ ਵਫ਼ਦ CM ਮਾਨ ਨੂੰ ਮਿਲੇਗਾ
ਉਨ੍ਹਾਂ ਕਿਹਾ ਕਿ ਪਹਿਲਾਂ 2017 ’ਚ ਹੀ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਰੁਜ਼ਗਾਰ ਅਤੇ ਨਸ਼ੇ ਦੇ ਖਾਤਮੇ ਦਾ ਵਾਅਦਾ ਕੀਤਾ ਸੀ, ਜਿਸ ਕਰਕੇ ਲੋਕ ਝੂਠੇ ਪ੍ਰਚਾਰ ਵਿਚ ਆ ਗਏ। ਇਸ ਮੌਕੇ ਬਾਦਲ ਨੇ ਇਹ ਵੀ ਕਿਹਾ ਕਿ ਉਹ ਲੋਕਾਂ ਨਾਲ ਸਿੱਧਾ ਰਾਬਤਾ ਰੱਖਣਗੇ ਅਤੇ ਹਮੇਸ਼ਾ ਲੋਕਾਂ ਦੀ ਸੇਵਾ ’ਚ ਹਾਜ਼ਰ ਹਨ | ਉਨ੍ਹਾਂ ਕਿਹਾ ਕਿ ਉਹ ਆਪਣੀ ਕਮਾਈ ’ਚੋਂ ਕਿਸੇ ਵੀ ਗ਼ਰੀਬ ਵਿਅਕਤੀ ਦੇ ਇਲਾਜ ਲਈ ਪੀ. ਜੀ. ਆਈ. ਤੱਕ ਮਦਦ ਕਰਨਗੇ। ਇਸ ਤੋਂ ਇਲਾਵਾ ਗਰੀਬ ਲੜਕੀਆਂ ਦੇ ਵਿਆਹ ਅਤੇ ਬੱਚੀਆਂ ਦੀ ਪੜ੍ਹਾਈ ਲਈ ਉਹ ਹਰ ਤਰ੍ਹਾਂ ਦੀ ਮਦਦ ਕਰਨਗੇ । ਇਹ ਮਦਦ ਉਨ੍ਹਾਂ ਲੋਕਾਂ ਦੀ ਕੀਤੀ ਜਾਵੇਗੀ, ਜਿਹੜੇ ਖੁਦ ਖਰਚ ਕਰਨ ਤੋਂ ਅਸਮਰੱਥ ਹਨ। ਇਸ ਤੋਂ ਇਲਾਵਾ ਵਰਕਰਾਂ ਨੂੰ ਚੜ੍ਹਦੀ ਕਲਾ ’ਚ ਰਹਿਣ ਦੀ ਅਪੀਲ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਫ਼ੈਸਲਾ ਕੀਤਾ ਕਿ ਹਲਕੇ ਦੇ ਹਰ ਪਿੰਡ ’ਚ ਵਰਕਰਾਂ ਦੀਆਂ ਕਮੇਟੀਆਂ ਬਣਾ ਕੇ ਉਹ ਖੁਦ ਸਿੱਧਾ ਤਾਲਮੇਲ ਰੱਖਣਗੇ।
ਇਹ ਵੀ ਪੜ੍ਹੋ : ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ
ਜ਼ਿਕਰਯੋਗ ਹੈ ਕਿ ਬਾਦਲ ਨੇ ਅੱਜ ਇਹ ਦੌਰਾ ਉਨ੍ਹਾਂ ਪਿੰਡਾਂ ਤੋਂ ਸ਼ੁਰੂ ਕੀਤਾ, ਜਿਨ੍ਹਾਂ ਵਿਚ ਉਨ੍ਹਾਂ ਦੀ ਲੀਡ ਆਈ ਹੈ | ਇਸ ਤੋਂ ਇਲਾਵਾ ਸਮਝਿਆ ਜਾ ਰਿਹਾ ਹੈ ਕਿ ਹਾਰ ਦਾ ਕਾਰਨ ਕੁਝ ਸਥਾਨਕ ਆਗੂ ਸਨ, ਜਿਨ੍ਹਾਂ ਦੇ ਹੱਥ ਹਲਕੇ ਦੀ ਵਾਗਡੋਰ ਸੀ ਅਤੇ ਉਹ ਉਨ੍ਹਾਂ ਨੂੰ ਪਾਸੇ ਕਰਕੇ ਲੋਕਾਂ ਦੇ ਸਿੱਧੇ ਸੰਪਰਕ ’ਚ ਰਹਿਣਾ ਚਾਹੁੰਦੇ ਹਨ | ਇਸ ਮੌਕੇ ਉਨ੍ਹਾਂ ਨਾਲ ਬਲਾਕ ਲੰਬੀ ਦੇ ਪ੍ਰਧਾਨ ਅਵਤਾਰ ਸਿੰਘ ਵਣਵਾਲਾ ਤੇ ਸੁਖਵੀਰ ਸਿੰਘ ਗੱਗੜ ਵੀ ਹਾਜ਼ਰ ਸਨ।