ਸ਼੍ਰੋਅਦ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਨਸੀਹਤ

Thursday, Feb 03, 2022 - 11:21 AM (IST)

ਜਲੰਧਰ (ਬਿਊਰੋ) : ਦੇਸ਼ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ 94 ਸਾਲ ਦੀ ਉਮਰ ਵਿਚ ਇਕ ਵਾਰ ਫਿਰ ਤੋਂ ਚੋਣ ਮੈਦਾਨ ਵਿਚ ਹਨ। ਦਰਜਨਾਂ ਵਾਰ ਚੋਣ ਲੜਨ ਅਤੇ ਜਿੱਤਣ ਦੇ ਬਾਵਜੂਦ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਵੀ ਉਨ੍ਹਾਂ ਦਾ ਉਤਸ਼ਾਹ ਉਹੋ ਜਿਹਾ ਹੀ ਹੈ, ਜਿਵੇਂ ਕਿਸੇ ਉਮੀਦਵਾਰ ਨੂੰ ਪਹਿਲੀ ਵਾਰ ਟਿਕਟ ਮਿਲੀ ਹੋਵੇ। ਬੀਤੀ ਅੱਧੀ ਸਦੀ ਤੋਂ ਪੰਜਾਬ ਅਤੇ ਖਾਸ ਕਰਕੇ ਅਕਾਲੀ ਰਾਜਨੀਤੀ ਦਾ ਧੁਰਾ ਰਹੇ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਬਣਾਉਣ ਵਿਚ ਜੁਟੇ ਹਨ। ਆਪਣੇ ਬਾਦਲ ਪਿੰਡ ਸਥਿਤ ਘਰ ’ਚ ਉਹ ਸਵੇਰ ਤੋਂ ਦੇਰ ਸ਼ਾਮ ਤਕ ਵਿਰੋਧੀ ਪਾਰਟੀਆਂ ਲਈ ਚੱਕਰਵਿਊ ਰਚਣ ਵਿਚ ਕੋਈ ਕੋਰ ਕਸਰ ਨਹੀਂ ਛੱਡ ਰਹੇ। 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੋਣ ਮਸਲਿਆਂ, ਵਿਰੋਧੀ ਪਾਰਟੀਆਂ ਅਤੇ ਪ੍ਰਮੁੱਖ ਵਿਰੋਧੀ ਨੇਤਾਵਾਂ ਦੇ ਕਿਰਦਾਰ ਆਦਿ ’ਤੇ ਗੱਲ ਕੀਤੀ ‘ਪੰਜਾਬ ਕੇਸਰੀ’, ‘ਨਵੋਦਿਆ ਟਾਈਮਜ਼’, ‘ਜਗ ਬਾਣੀ’, ‘ਹਿੰਦ ਸਮਾਚਾਰ’ ਤੋਂ ਹਰੀਸ਼ਚੰਦਰ ਨੇ :

ਸਵਾਲ : ਅਕਾਲੀ ਦਲ ਦੀ ਚੋਣ ਤਿਆਰੀ ਕਿਵੇਂ ਦੀ ਹੈ, ਭਾਜਪਾ ਤੋਂ ਵੱਖ ਹੋ ਕੇ ਚੋਣਾਂ ਲੜ ਰਹੇ ਹੋ, ਕੀ ਬਸਪਾ ਉਸ ਦੀ ਭਰਪਾਈ ਕਰ ਸਕੇਗੀ?
ਜਵਾਬ :
ਅਕਾਲੀ-ਬਸਪਾ ਗਠਜੋੜ ਇਕ ਕੁਦਰਤੀ ਗਠਜੋੜ ਹੈ ਅਤੇ ਇਹ ਇਕ ਸਮਾਜਿਕ ਸਾਂਝ ਹੈ। ਅਕਾਲੀ-ਬਸਪਾ ਜਦੋਂ ਵੀ ਇਕੱਠੇ ਹੋਏ ਹਨ, ਕਲੀਨ ਸਵੀਪ ਜਿੱਤ ਹਾਸਲ ਹੋਈ ਹੈ। ਇਸ ਵਾਰ ਵੀ ਕੰਧ ’ਤੇ ਸਾਫ਼ ਲਿਖਿਆ ਹੈ ਕਿ ਇਹ ਗਠਜੋੜ ਸੂਪੜਾ ਸਾਫ਼ ਕਰਕੇ ਇਕ ਵਾਰ ਫਿਰ ਜਿੱਤ ਦਾ ਡੰਕਾ ਵਜਾਏਗਾ।

ਸਵਾਲ : ਬੇਅਦਬੀ ਮਾਮਲੇ ਵਿਚ ਜਾਂਚ ਕਿਸੇ ਸਿਰੇ ਨਹੀਂ ਚੜ੍ਹ ਸਕੀ, 5 ਸਾਲਾਂ ਵਿਚ ਵੀ ਕਾਂਗਰਸ ਸਰਕਾਰ ਦੋਸ਼ੀਆਂ ਦਾ ਪਰਦਾਫਾਸ਼ ਨਹੀਂ ਕਰ ਸਕੀ। ਕੀ ਇਹ ਬੱਸ ਚੋਣ ਮੁੱਦਾ ਸੀ?
ਜਵਾਬ :
ਦਰਅਸਲ, ਸਾਡੇ ਵਿਰੋਧੀਆਂ ਦੀ ਅਸਲੀ ਦੋਸ਼ੀਆਂ ਨੂੰ ਫੜ੍ਹਨ ਵਿਚ ਕੋਈ ਰੁਚੀ ਸੀ ਹੀ ਨਹੀਂ , ਨਾ ਬੇਅਦਬੀ ਦੇ ਅਤੇ ਨਾ ਹੀ ਨਸ਼ਿਆਂ ਦੇ ਦੋਸ਼ੀਆਂ ਨੂੰ ਫੜ੍ਹਨ ਵਿਚ। ਇਨ੍ਹਾਂ ਦਾ ਇਕਲੌਤਾ ਮਕਸਦ ਸਿਰਫ਼ ਪੰਥ ਨੂੰ ਦੋਫਾੜ ਕਰ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ। ਇਹ ਸਾਰਾ ਕੁੱਝ ਗੈਰ-ਪੰਜਾਬੀ ਅਤੇ ਪੰਜਾਬ ਦੇ ਨਾਲ ਨਫ਼ਰਤ ਕਰਨ ਵਾਲੇ ਇਨ੍ਹਾਂ ਦੇ ਆਕਾਵਾਂ ਦੀ ਸਾਜਿਸ਼ ਦਾ ਨਤੀਜਾ ਸੀ, ਜਿਸ ਦਾ ਪਰਦਾਫਾਸ਼ ਹੋ ਰਿਹਾ ਹੈ ਅਤੇ ਅਜੇ ਅੱਗੇ ਵੀ ਹੋਵੇਗਾ।

ਸਵਾਲ : ਨਸ਼ੇ ਨੂੰ ਲੈ ਕੇ ਹਾਲ ਹੀ ਵਿਚ ਬਿਕਰਮ ਮਜੀਠੀਆ ’ਤੇ ਸਰਕਾਰ ਨੇ ਪਰਚਾ ਦਰਜ ਕੀਤਾ ਸੀ। ਕੀ ਇਸ ਨਾਲ ਅਕਾਲੀ ਦਲ ਦੀ ਇਮੇਜ ’ਤੇ ਅਸਰ ਨਹੀਂ ਪਿਆ?
ਜਵਾਬ :
ਅਕਾਲੀ ਦਲ ਦੇ ਨੇਤਾਵਾਂ ਖਿਲਾਫ਼ ਝੂਠੇ ਪਰਚਿਆਂ ਦੀ ਰਾਜਨੀਤੀ ਕੋਈ ਨਵੀਂ ਗੱਲ ਨਹੀਂ ਹੈ। ਇਸ ਜ਼ੁਲਮ ਵਿਚੋਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੋਰ ਵੀ ਤਕੜਾ ਹੋ ਕੇ ਨਿਕਲਿਆ ਹੈ। ਇਸ ਵਾਰ ਵੀ ਉਂਝ ਹੀ ਹੋ ਰਿਹਾ ਹੈ। ਪਹਿਲਾਂ ਬੇਅਦਬੀ ਬਾਰੇ ਅਤੇ ਹੁਣ ਨਸ਼ਿਆਂ ਬਾਰੇ ਝੂਠੇ ਦੋਸ਼ ’ਤੇ ਸਾਡੇ ਵਿਰੋਧੀਆਂ ਨੂੰ ਹਰ ਫਰੰਟ ’ਤੇ ਮੂੰਹ ਦੀ ਖਾਣੀ ਪੈ ਰਹੀ ਹੈ। ਹੁਣ ਸਾਡੇ ਵਿਰੋਧੀਆਂ ਦੇ ਕਾਡਰ ਵਿਚ ਨਿਰਾਸ਼ਾ ਕਿਉਂ ਹੈ, ਕਦੇ ਸੋਚਿਆ ਹੈ?

ਸਵਾਲ : ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ 36 ਦਾ ਅੰਕੜਾ ਹੈ, ਕੀ ਸਿੱਧੂ ਦੇ ਦਬਾਅ ਵਿਚ ਚੰਨੀ ਸਰਕਾਰ ਨੇ ਇਹ ਕੇਸ ਕੀਤਾ ਹੈ?
ਜਵਾਬ :
ਗੁਰੂ ਸਾਹਿਬਾਨ ਕਹਿ ਗਏ ਹਨ ਕਿ ਕਿਸੇ ਵੀ ਹੰਕਾਰੀ ਨੂੰ ਮਾਰਨ ਲਈ ਉਸਦਾ ਹੰਕਾਰ ਹੀ ਕਾਫ਼ੀ ਹੈ। ਮੈਂ ਸਿੱਧੂ ਸਾਹਿਬ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।

ਸਵਾਲ : ਅਕਾਲੀ ਦਲ ਨੇ ਨਵਜੋਤ ਸਿੱਧੂ ਖਿਲਾਫ਼ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਦੇ ਪਿੱਛੇ ਰਾਜਨੀਤਕ ਕਾਰਨ ਹਨ ਜਾਂ ਨਿੱਜੀ ਖੁੰਧਕ?
ਜਵਾਬ :
ਲੋਕਾਂ ਦੇ ਉਤਸ਼ਾਹ ਦਾ ਨਤੀਜਾ ਹੈ ਕਿ ਅਕਾਲੀ ਦਲ ਦੇ ਬੱਚੇ ਨੇ ਉਨ੍ਹਾਂ ਦੇ ਪ੍ਰਧਾਨ ਨੂੰ ਉਸੇ ਦੇ ਘਰ ਵਿਚ ਜਾ ਕੇ ਲਲਕਾਰਿਆ ਹੈ।

ਸਵਾਲ : ਚੰਨੀ ਪੰਜਾਬ ਵਿਚ ਪਹਿਲੇ ਦਲਿਤ ਸੀ. ਐੱਮ. ਬਣੇ। ਥੋੜੇ-ਜਿਹੇ ਅਰਸੇ ਵਿਚ ਆਪਣੇ ਕੰਮਾਂ ਨਾਲ ਹਰੇਕ ਦੀ ਜ਼ੁਬਾਨ ’ਤੇ ਛਾ ਗਏ ਹਨ। ਬਤੌਰ ਮੁੱਖ ਮੰਤਰੀ ਬੜੀ ਤੇਜ਼ ਸਪੀਡ ਨਾਲ ਕੰਮ ਕੀਤੇ ਉਨ੍ਹਾਂ ਨੇ। ਤੁਸੀਂ ਇਸ ਬਾਰੇ ਕੀ ਕਹੋਗੇ?
ਜਵਾਬ :
ਚੰਨੀ ਸਾਹਿਬ ਦੀ ਕੋਈ ਇਕ ਪ੍ਰਾਪਤੀ ਗਿਣਵਾ ਦੇਵੋ, ਸਿਰਫ਼ ਐਲਾਨ ਹੀ ਐਲਾਨ ਹਨ। ਚਲੋ ਇੰਨਾ ਹੀ ਦੱਸ ਦੇਵੋ ਕਿ ਰੇਤਾ 5 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਹੈ? ਹੋਰ ਵੀ ਮਹਿੰਗਾ ਹੋ ਗਿਆ ਹੈ। ਕਿਉਂ ਹੋਇਆ ਹੈ, ਉਸ ਦਾ ਵੀ ਸੱਚ ਸਭ ਦੇ ਸਾਹਮਣੇ ਆ ਗਿਆ ਹੈ ਨਾ।

ਸਵਾਲ : ਸੀ. ਐੱਮ. ਚੰਨੀ ਆਪਣੀ ਸ੍ਰੀ ਚਮਕੌਰ ਸਾਹਿਬ ਸੀਟ ਤੋਂ ਇਲਾਵਾ ਹੁਣ ਭਦੌੜ ਤੋਂ ਵੀ ਚੋਣ ਲੜ ਰਹੇ ਹਨ। ਕੀ ਉਹ ਸੇਫ਼ ਸੀਟ ਵੇਖ ਰਹੇ ਹਨ?
ਜਵਾਬ :
ਬਿਕਰਮ ਮਜੀਠੀਆ ਆਪਣੀ ਸੀਟ ਤੋਂ ਬਾਹਰ ਜਾ ਕੇ ਉਨ੍ਹਾਂ ਦੇ ਨੇਤਾ ਨੂੰ ਉਸੇ ਦੇ ਘਰ ਜਾ ਕੇ ਲਲਕਾਰ ਰਿਹਾ ਹੈ ਅਤੇ ਚੰਨੀ ਸਾਹਿਬ ਆਪਣਾ ਘਰ ਛੱਡ ਕੇ ਹੋਰ ਜਗ੍ਹਾ ਭੱਜ ਰਹੇ ਹਨ। ਤੁਸੀਂ ਸਮਝ ਰਹੇ ਹੋ ਨਾ ਕਿ ਪੰਜਾਬ ਦਾ ਮਾਹੌਲ ਕੀ ਦੱਸ ਰਿਹਾ ਹੈ? ਕੀ ਅਜੇ ਵੀ ਹੋਰ ਕੁੱਝ ਕਹਿਣ ਦੀ ਜ਼ਰੂਰਤ ਬਾਕੀ ਹੈ।

ਸਵਾਲ : ਕੈਪਟਨ ਅਮਰਿੰਦਰ ਨੇ ਇਸ ਉਮਰ ਵਿਚ ਆ ਕੇ ਨਵੀਂ ਪਾਰਟੀ ਬਣਾਈ ਹੈ। ਭਾਜਪਾ ਨਾਲ ਮਿਲ ਕੇ ਚੋਣਾਂ ਵੀ ਉਹ ਲੜ ਰਹੇ ਹਨ। ਕੀ ਲੱਗਦਾ ਹੈ, ਉਹ ਕੋਈ ਕ੍ਰਿਸ਼ਮਾ ਕਰ ਸਕਣਗੇ?
ਜਵਾਬ :
ਇਸਦਾ ਜਵਾਬ ਲੋਕ ਦੇਣਗੇ। ਉਂਝ, ਜਵਾਬ ਸਭ ਨੂੰ ਸਾਫ਼ ਨਜ਼ਰ ਆ ਰਿਹਾ ਹੈ। ਮੈਂ ਇਸ ’ਤੇ ਕੀ ਟਿੱਪਣੀ ਕਰਨੀ ਹੈ?

ਸਵਾਲ : ਤੁਹਾਨੂੰ ਕੀ ਲੱਗਦਾ ਹੈ ਕਿ ਅਮਰਿੰਦਰ ਵਲੋਂ ਬੇਅਦਬੀ ਅਤੇ ਨਸ਼ੇ ਦੇ ਮਾਮਲਿਆਂ ਦੀ ਜਾਂਚ ਸਿਰੇ ਨਾ ਚੜ੍ਹਾਉਣ ਕਾਰਨ ਵਿਧਾਇਕ ਨਾਰਾਜ਼ ਸਨ ਜਾਂ ਕੁੱਝ ਨੇਤਾਵਾਂ ਦੀਆਂ ਇੱਛਾਵਾਂ ਕੁੱਝ ਜ਼ਿਆਦਾ ਵਧ ਗਈਆਂ ਸਨ?
ਜਵਾਬ :
ਸੱਚੀ ਗੱਲ ਤਾਂ ਇਹ ਹੈ ਕਿ ਸਾਢੇ 4 ਸਾਲ ਇਹੀ ਲੋਕ ਅਮਰਿੰਦਰ ਨੂੰ ਭਗਵਾਨ ਦੱਸਦੇ ਆਏ ਹਨ। ਉਸ ਦੇ ਫ਼ਾਰਮ ਹਾਊਸ ਵਿਚ ਬੈਠ ਕੇ ਹਰ ਸ਼ਾਮ ਰੰਗੀਨ ਕਰਦੇ ਰਹੇ। ਅਖੀਰ ਵਿਚ ਜਦੋਂ ਇਨ੍ਹਾਂ ਨੂੰ ਲੱਗਿਆ ਕਿ ਲੋਕ ਕਾਂਗਰਸ ਨਾਲ ਨਫ਼ਰਤ ਕਰ ਰਹੇ ਹਨ, ਤਾਂ ਇਨ੍ਹਾਂ ਨੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਝੋਂਕਣ ਲਈ ਇਹ ਡਰਾਮਾ ਰਚਿਆ, ਉਹ ਵੀ ਉਲਟਾ ਪੈ ਗਿਆ। ਜੋ ਚੀਜ਼ ਸਾਰੇ ਪੰਜਾਬੀਆਂ ਨੂੰ 6 ਮਹੀਨਿਆਂ ਵਿਚ ਹੀ ਨਜ਼ਰ ਆ ਗਈ ਸੀ, ਕੀ ਇਨ੍ਹਾਂ ਨੂੰ ਉਹ ਦੇਖਣ-ਸਮਝਣ ਵਿਚ ਸਾਢੇ 4 ਸਾਲ ਲੱਗ ਗਏ? 5 ਸਾਲ ਦਾ ਕੁੱਲ ਸਮਾਂ ਸੀ। ਇਹ ਪੂਰਾ ਸਮਾਂ ਚੰਨੀ ਸਾਹਿਬ ਮੰਤਰੀ ਬਣੇ ਰਹੇ, ਛੱਡ ਦਿੰਦੇ। ਸਿੱਧੂ ਵੀ ਢਾਈ ਸਾਲ ਮੰਤਰੀ ਬਣੇ ਰਹੇ, ਬਾਅਦ ਵਿਚ ਅਸਤੀਫ਼ਾ ਨਹੀਂ ਦਿੱਤਾ, ਸਗੋਂ ਉਨ੍ਹਾਂ ਤੋਂ ਵਜੀਰੀ ਖੋਹੀ ਗਈ। ਫਿਰ ਅੱਜ ਇਹ ਕਿਵੇਂ ਲੋਕਾਂ ਨੂੰ ਭਰੋਸਾ ਦਿਵਾ ਸਕਦੇ ਹਨ ਕਿ ਸਾਢੇ 4 ਸਾਲ ਦੀ ਬਰਬਾਦੀ ਵਿਚ ਇਹ ਬਰਾਬਰ ਦੇ ਹਿੱਸੇਦਾਰ ਨਹੀਂ ਹਨ।

ਸਵਾਲ : ਲੰਬੇ ਸਮੇਂ ਤਕ ਤੁਹਾਡੇ ਸਾਥੀ ਰਹੇ ਸੁਖਦੇਵ ਸਿੰਘ ਢੀਂਡਸਾ ਇਸ ਵਾਰ ਕਈ ਸੀਟਾਂ ’ਤੇ ਤੁਹਾਡੇ ਉਮੀਦਵਾਰਾਂ ਖਿਲਾਫ਼ ਖੜ੍ਹੇ ਹਨ। ਤੁਸੀਂ ਉਨ੍ਹਾਂ ਦੇ ਬੇਟੇ ਨੂੰ ਵੀ ਵਿਧਾਨ ਸਭਾ ਵਿਚ ਗਰੱੁਪ ਲੀਡਰ ਬਣਾਇਆ ਸੀ, ਫਿਰ ਅਜਿਹੇ ਕੀ ਕਾਰਨ ਰਹੇ ਹੋਣਗੇ ਉਨ੍ਹਾਂ ਦੀ ਨਾਰਾਜ਼ਗੀ ਦੇ?
ਜਵਾਬ :
ਮੈਂ ਤਾਂ ਸਾਰਿਆਂ ਦਾ ਆਦਰ ਕਰਦਾ ਹਾਂ। ਮੈਂ ਤਾਂ ਪਾਰਟੀ ਵਿਚ ਸਭ ਤੋਂ ਵੱਡਾ ਅਹੁਦਾ ਅਤੇ ਸਭ ਤੋਂ ਸਨਮਾਨ ਵਾਲੀ ਜਗ੍ਹਾ ਉਨ੍ਹਾਂ ਨੂੰ ਦਿੱਤੀ, ਸਗੋਂ ਉਨ੍ਹਾਂ ਦੇ ਬੇਟੇ ਨੂੰ ਵੀ ਅਜੀਜ ਸਮਝਿਆ ਅਤੇ ਵਿੱਤ ਮੰਤਰੀ ਬਣਾਇਆ, ਜੋ ਮੁੱਖ ਮੰਤਰੀ ਤੋਂ ਬਾਅਦ ਸਭ ਤੋਂ ਅਹਿਮ ਮਹਿਕਮਾ ਹੁੰਦਾ ਹੈ। ਉਦੋਂ ਉਨ੍ਹਾਂ ਨੇ ਕਦੇ ਕੋਈ ਨਾਰਾਜ਼ਗੀ ਨਹੀਂ ਵਿਖਾਈ। ਫਿਰ ਸਰਕਾਰ ਜਾਣ ਤੋਂ ਬਾਅਦ ਉਨ੍ਹਾਂ ਦੀ ਕਿਹੜੀ ਮਜਬੂਰੀ ਹੋ ਗਈ, ਇਹ ਤਾਂ ਉਹੀ ਦੱਸ ਸਕਦੇ ਹਨ। ਮੇਰੇ ਮਨ ਵਿਚ ਤਾਂ ਕਿਸੇ ਲਈ ਕੋਈ ਰੰਜਿਸ਼ ਨਹੀਂ। ਸਾਰਿਆਂ ਲਈ ਪਿਆਰ ਅਤੇ ਆਦਰ ਹੀ ਹੈ।

ਸਵਾਲ : ਕੈਪਟਨ ਅਮਰਿੰਦਰ ਨੂੰ ਜਿਸ ਤਰ੍ਹਾਂ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ, ਉਸ ਬਾਰੇ ਕੀ ਕਹੋਗੇ? ਕੀ ਕਿਸੇ ਖਾਸ ਨੇਤਾ ਨੂੰ ਐਡਜਸਟ ਕਰਨ ਲਈ ਪਾਰਟੀ ਨੂੰ ਆਪਣੇ ਪੁਰਾਣੇ ਅਤੇ ਸੀਨੀਅਰ ਨੇਤਾ ਨੂੰ ਇਸ ਤਰ੍ਹਾਂ ਹਟਾਉਣਾ ਚਾਹੀਦਾ ਸੀ?
ਜਵਾਬ :
ਇਹ ਕਾਂਗਰਸ ਪਾਰਟੀ ਦਾ ਪੁਰਾਣਾ ਸਟਾਇਲ ਹੈ, ਲੋਕਾਂ ਨੂੰ ਪਤਾ ਹੈ। ਲੋਕਾਂ ਨੂੰ ਗੰਭੀਰਤਾ ਚਾਹੀਦੀ ਹੈ, ਡਰਾਮੇਬਾਜ਼ੀ ਜਾਂ ਨੌਟੰਕੀ ਨਹੀਂ। ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਨੌਟੰਕੀ ਮੰਡਲੀ ਨੂੰ ਮੇਰੀ ਪ੍ਰਾਰਥਨਾ ਹੈ ਕਿ ਬਹੁਤ ਹੋ ਗਿਆ, ਪੰਜਾਬ ’ਤੇ ਰਹਿਮ ਕਰੋ ਅਤੇ ਕੋਈ ਗੰਭੀਰ ਗੱਲ ਕਰੋ।

ਸਵਾਲ : ਭਾਜਪਾ ਇਹ ਦਾਅਵਾ ਕਰ ਰਹੀ ਹੈ ਕਿ ਅਗਲੀ ਸਰਕਾਰ ਪੰਜਾਬ ਵਿਚ ਉਹੀ ਬਣਾਏਗੀ। ਭਾਜਪਾ ਵਿਚ ਰੋਜ਼ਾਨਾ ਹੀ ਕਈ ਨੇਤਾ ਸ਼ਾਮਲ ਹੋ ਰਹੇ ਹਨ। ਕੀ ਇਸ ਤਰ੍ਹਾਂ ਉਹ ਆਪਣੇ ਹੱਕ ਵਿਚ ਹਵਾ ਨਹੀਂ ਬਣਾ ਰਹੀ?
ਜਵਾਬ :
ਹਰੇਕ ਨੂੰ ਦਾਅਵਾ ਕਰਨ ਦਾ ਹੱਕ ਹੈ। ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਦੇ ਬਿਨਾਂ ਪੰਜਾਬ ਵਿਚ ਕਦੇ ਵੀ 4-5 ਤੋਂ ਜ਼ਿਆਦਾ ਸੀਟਾਂ ਨਹੀਂ ਮਿਲੀਆਂ। ਇਹ ਸਾਰੇ ਜਾਣਦੇ ਹਨ।

ਸਵਾਲ : ਤੁਹਾਡੀ ਉਮਰ ਵੀ ਕਾਫ਼ੀ ਹੋ ਗਈ ਹੈ ਅਤੇ ਹੁਣੇ-ਹੁਣੇ ਕੋਰੋਨਾ ਨਾਲ ਵੀ ਪੀੜਤ ਰਹੇ ਹੋ, ਤਾਂ ਕੀ ਸੋਚਦੇ ਹੋ ਕਿ ਚੋਣ ਪ੍ਰਚਾਰ ਵਿਚ ਕਿੰਨੇ ਲੋਕਾਂ ਤਕ ਪਹੁੰਚ ਕਰ ਸਕੋਗੇ?
ਜਵਾਬ :
ਜ਼ਿੰਦਗੀ ਵਿਚ ਗੱਲ ਉਮਰ ਦੀ ਨਹੀਂ ਸਗੋਂ ਲਗਨ, ਜੋਸ਼ ਅਤੇ ਵਚਨਬੱਧਤਾ ਦੀ ਹੁੰਦੀ ਹੈ। ਜਿੰਨੀ ਦੇਰ ਅਕਾਲ ਪੁਰਖ ਬਲ ਬਖਸ਼ੇਗਾ, ਮੈਂ ਸੇਵਾ ਵਿਚ ਮਗਨ ਰਹਾਂਗਾ। ਮੇਰਾ ਗੁਰੂ ਸਾਹਿਬਾਨ ਵਿਚ ਅਤੇ ਅਕਾਲ ਪੁਰਖ ਦੀ ਮਿਹਰ ਵਿਚ ਅਟੁੱਟ ਭਰੋਸਾ ਹੈ ਅਤੇ ਇਹ ਸ਼ਕਤੀ ਮੈਨੂੰ ਯੁਗੋ-ਯੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ।

ਸਵਾਲ : ਕਾਂਗਰਸ ਦੇ ਨਾਲ ਤਾਂ ਤੁਹਾਡਾ ਲਗਾਤਾਰ ਕਈ ਸਾਲਾਂ ਤੋਂ ਮੁਕਾਬਲਾ ਰਿਹਾ ਹੈ ਪਰ ਇਸ ਵਾਰ ਮੈਦਾਨ ਵਿਚ ਕਈ ਰਾਜਨੀਤਕ ਪਾਰਟੀਆਂ ਹਨ, ਅਜਿਹੇ ਵਿਚ ਚੋਣਾਂ ਦੇ ਨਤੀਜੇ ਨੂੰ ਕਿਵੇਂ ਵੇਖਦੇ ਹੋ?
ਜਵਾਬ :
ਜਿੰਨੇ ਜ਼ਿਆਦਾ ਵਿਰੋਧੀ ਹੋਣਗੇ, ਸ਼੍ਰੋਮਣੀ ਅਕਾਲੀ ਦਲ ਨੂੰ ਓਨਾ ਹੀ ਜ਼ਿਆਦਾ ਫਾਇਦਾ ਮਿਲੇਗਾ। ਓਨੀ ਹੀ ਜ਼ਿਆਦਾ ਸ਼ਕਤੀ ਅਕਾਲ ਪੁਰਖ ਦਿੰਦਾ ਆਇਆ ਹੈ ਅਤੇ ਦਿੰਦਾ ਰਹੇਗਾ। ਸੂਬੇ ਵਿਚ ਭਾਰੀ ਬਹੁਮਤ ਨਾਲ ਅਕਾਲੀ-ਬਸਪਾ ਸਰਕਾਰ ਬਣਨ ਜਾ ਰਹੀ ਹੈ ਅਤੇ ਝੂਠ ਅਤੇ ਫਰੇਬ ਦੀ ਕਮਰ ਤੋੜ ਹਾਰ ਹੋਣ ਜਾ ਰਹੀ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਨਾ ਕੇਜਰੀਵਾਲ ਸਾਹਿਬ ਲੱਭਿਆਂ ਮਿਲਣਗੇ ਅਤੇ ਨਾ ਹੀ ਚੰਨੀ ਸਾਹਿਬ। ਅਕਾਲ ਪੁਰਖ ਦੀ ਮਿਹਰ ਦੇ ਨਾਲ ਸਿਰਫ਼ ਸੱਚ ਦਾ ਡੰਕਾ ਵੱਜੇਗਾ ਅਤੇ ਅਕਾਲੀ-ਬਸਪਾ ਸਰਕਾਰ ਪੰਜਾਬ ਦੀ ਭਰਪੂਰ ਸੇਵਾ ਕਰੇਗੀ।


Anuradha

Content Editor

Related News