ਅਕਾਲੀ-ਭਾਜਪਾ ਸਰਕਾਰ ਸਮੇਂ ਨਹੀਂ ਹੋਈਆਂ ਬੇਨਿਯਮੀਆਂ : ਬਾਦਲ

04/03/2017 5:08:13 PM

ਲੰਬੀ (ਜਟਾਣਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਨੂੰ ਲੰਬੀ ਹਲਕੇ ਦੇ ਦਰਜਨ ਦੇ ਕਰੀਬ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਗੱਲਾਂ ਤੋਂ ਅਜੇ ਤੱਕ ਕਾਂਗਰਸ ਸਰਕਾਰ ਨੇ ਕੋਈ ਕੰਮ ਕਰਕੇ ਨਹੀਂ ਵਿਖਾਇਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਸਾਰੇ ਵਿਕਾਸ ਕਾਰਜਾਂ ''ਤੇ ਕਾਂਗਰਸ ਸਰਕਾਰ ਨੇ ਰੋਕ ਲਾ ਦਿੱਤੀ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ। ਖਜ਼ਾਨਾ ਮੰਤਰੀ ਵੱਲੋਂ ਵਿਕਾਸ ਕਾਰਜਾਂ ਵਿਚ ਬੇਨਿਯਮੀਆਂ ਦੀ ਜਾਂਚ ਕਰਵਾਉਣ ਬਾਰੇ ਆਏ ਬਿਆਨ ਸਬੰਧੀ ਪੁੱਛੇ ਜਾਣ ''ਤੇ ਬਾਦਲ ਨੇ ਕਿਹਾ ਕਿ ਕੋਈ ਬੇਨਿਯਮੀ ਨਹੀਂ ਹੋਈ ਅਤੇ ਨਾ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੈਸਾ ਸਰਕਾਰ ਕੋਲ ਹੁੰਦਾ ਹੈ ਅਤੇ ਵਿਕਾਸ ਕਾਰਜਾਂ ਲਈ ਅੱਗੇ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰਾਂ ਦੀਆਂ ਕਮੇਟੀਆਂ ਨੂੰ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਖੁਦ ਕੁਝ ਨਹੀਂ ਕੀਤਾ ਜਾਂਦਾ ਜਿਸ ਕਰਕੇ ਕਿਸੇ ਬੇਨਿਯਮੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਵੱਖ-ਵੱਖ ਤਰ੍ਹਾਂ ਦੇ ਮਾਫੀਆ ਨੂੰ ਕਾਂਗਰਸ ਵੱਲੋਂ ਖਤਮ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਕੋਈ ਵੀ ਮਾਫੀਆ ਪੰਜਾਬ ਦੇ ਹਿੱਤ ਵਿਚ ਨਹੀਂ ਹੈ। ਕਣਕ ਦੇ ਸਮਰਥਣ ਮੁੱਲ ਦੇ ਸਵਾਲ ''ਤੇ ਬਾਦਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਕਿਸਾਨ ਦੀ ਲਾਗਤ ਬਹੁਤ ਵੱਧ ਗਈ ਹੈ ਅਤੇ ਇਨ੍ਹਾਂ ਕੀਮਤਾਂ ਨਾਲ ਖਰਚਾ ਹੀ ਪੂਰਾ ਹੁੰਦਾ ਹੈ  ਜਿਸ ਕਰਕੇ ਸੂਬਾ ਸਰਕਾਰ ਨੂੰ ਵੀ ਆਪਣੇ ਵੱਲੋਂ ਕਿਸਾਨਾਂ ਦੀ ਕੁਝ ਮਦਦ ਦਾ ਐਲਾਨ ਕਰਨਾ ਚਾਹੀਦਾ ਹੈ।


Gurminder Singh

Content Editor

Related News