ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਪਾਰਟੀਆਂ ਨੂੰ ਅਪੀਲ, ਕਿਹਾ-ਕੇਂਦਰ ਦੇ ਪੰਜਾਬ ’ਤੇ ਹੱਲੇ ਖ਼ਿਲਾਫ ਹੋਣ ਇਕਜੁੱਟ

Friday, Oct 15, 2021 - 08:19 PM (IST)

ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਪਾਰਟੀਆਂ ਨੂੰ ਅਪੀਲ, ਕਿਹਾ-ਕੇਂਦਰ ਦੇ ਪੰਜਾਬ ’ਤੇ ਹੱਲੇ ਖ਼ਿਲਾਫ ਹੋਣ ਇਕਜੁੱਟ

ਚੰਡੀਗੜ੍ਹ (ਬਿਊਰੋ)-ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰ ਕੇ ਕੇਂਦਰ ਵੱਲੋਂ ਪੰਜਾਬ ਨੂੰ ਪਿਛਲੇ ਦਰਵਾਜ਼ੇ ਰਾਹੀਂ ਬੀ. ਐੱਸ. ਐੱਫ. ਵਰਗੇ ਕੇਂਦਰੀ ਸੁਰੱਖਿਆ ਬਲਾਂ ਹਵਾਲੇ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਬਦਲਣ ਦੇ ਯਤਨ ਵਿਰੁੱਧ ਇਕਜੁੱਟ ਹੋ ਕੇ ਹੰਭਲਾ ਮਾਰਨ। ਕੇਂਦਰ ਦੇ ਇਸ ਕਦਮ ਨਾਲ ਪਹਿਲਾਂ ਹੀ ਖ਼ਤਰੇ ’ਚ ਪਿਆ ਦੇਸ਼ ਦਾ ਸੰਘੀ ਢਾਂਚਾ ਹੋਰ ਕਮਜ਼ੋਰ ਹੋ ਜਾਵੇਗਾ ਤੇ ਇਸ ਨਾਲ ਸੂਬਾ ਸਰਕਾਰ ਮਿਊਂਸੀਪੈਲਿਟੀ ਬਣ ਕੇ ਰਹਿ ਜਾਵੇਗੀ। ਇਹ ਪੰਜਾਬੀਆਂ ਦੇ ਮਾਣ ਤੇ ਸਤਿਕਾਰ ਲਈ ਵੱਡਾ ਝਟਕਾ ਹੈ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ’ਚ ਬਾਦਲ ਨੇ ਕਿਹਾ ਕਿ ਜੇਕਰ ਅਸੀਂ ਸੌੜੇ ਹਿੱਤਾਂ ਲਈ ਆਪਸੀ ਲੜਾਈ ਬੰਦ ਨਾ ਕੀਤੀ ਤਾਂ ਫਿਰ ਕੇਂਦਰ ਸਰਕਾਰ ਸਾਡੀ ਕਮਜ਼ੋਰੀ ਦਾ ਲਾਹਾ ਲਵੇਗੀ। ਕੱਲ੍ਹ ਨੂੰ ਅਸੀਂ ਪਛਤਾਵਾਂਗੇ ਤੇ ਸਾਡੇ ਕੋਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਕੋਈ ਤਾਕਤ ਨਹੀਂ ਰਹਿ ਜਾਵੇਗੀ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਨੌਜਵਾਨ ਦੇ ਕਤਲ ਦਾ ਮਾਮਲਾ, ਨਿਹੰਗ ਸਰਬਜੀਤ ਸਿੰਘ ਨੇ ਪੂਰੀ ਜ਼ਿੰਮੇਵਾਰੀ ਲੈ ਕੀਤਾ ਆਤਮਸਮਰਪਣ

ਉਨ੍ਹਾਂ ਕਿਹਾ ਕਿ ਇਹ ਮੰਨਣ ਦਾ ਵੀ ਮਜ਼ਬੂਤ ਆਧਾਰ ਮੌਜੂਦ ਹੈ ਕਿ ਕੇਂਦਰ ਸਰਕਾਰ ਸ਼ਾਇਦ ਸੂਬੇ ਤੋਂ ਦਰਿਆਈ ਪਾਣੀਆਂ ’ਤੇ ਇਸ ਦਾ ਬਣਦਾ ਹੱਕ ਖੋਹਣ ਦੀ ਤਿਆਰੀ ’ਚ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੰਭਵ ਹੈ ਕਿ ਉਹ ਇਸ ਨਵੇਂ ਕਦਮ ਨਾਲ ਕਿਸਾਨ ਅੰਦੋਲਨ ਨੂੰ ਕੁਚਲਣ ਦਾ ਵੀ ਯਤਨ ਕਰੇਗੀ। ਸਾਬਕਾ ਮੁੱਖ ਮੰਤਰੀ, ਜੋ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ, ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅੜੀ ਨਹੀਂ ਰਹੇਗੀ ਤੇ ਇਸ ਲੜਾਈ ਵਿਚ ਕਿਸੇ ਵੀ ਗੱਠਜੋੜ ਵਿਚ ਸ਼ਾਮਲ ਹੋ ਕੇ ਇਹ ਲੜਾਈ ਲੜਨ ਨੁੰ ਤਿਆਰ ਹੈ ਕਿਉਂਕਿ ਸੰਘਰਸ਼ ਕਰਨਾ ਸਾਡਾ ਹੱਕ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਆਸੀ ਲਾਹਾ ਨਹੀਂ ਚਾਹੁੰਦਾ ਤੇ ਇਹ ਹੋਰ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਸਾਂਝੀ ਲੜਾਈ ’ਚ ਸਹਿਯੋਗ ਲਈ ਨਿਮਾਣਾ ਹੋ ਕੇ ਅਪੀਲ ਕਰਦਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਦੇਸ਼ ਦੇ ਹਿੱਤਾਂ ’ਚ ਹੈ ਕਿਉਂਕਿ ਅਸੀਂ ਦੇਸ਼ ਦੀ ਤਲਵਾਰ ਭੁਜਾ ਹਾਂ ਯਾਨੀ ਮੁੱਖ ਹਥਿਆਰ ਹਾਂ।

ਇਹ ਵੀ ਪੜ੍ਹੋ : ਝਾਂਸੀ ’ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ, 11 ਦੀ ਮੌਤ  

ਤਕਰੀਬਨ ਅੱਧੇ ਪੰਜਾਬ ਨੂੰ ਬੀ. ਐੱਸ. ਐੱਫ. ਅਧੀਨ ਲਿਆਉਣ ਨੂੰ ਖ਼ਤਰਨਾਕ ਕਾਰਵਾਈ ਕਰਾਰ ਦਿੰਦਿਆਂ ਬਾਦਲ ਨੇ ਕਿਹਾ ਕਿ ਇਸ ਨਾਲ ਪੰਜਾਬ ’ਚ ਉਹ ਦੌਰ ਸ਼ੁਰੂ ਹੋ ਜਾਵੇਗਾ, ਜਦੋਂ ਪੰਜਾਬ ਨੂੰ ਗੜਬੜਗ੍ਰਸਤ ਇਲਾਕਾ ਐਲਾਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਨੂੰ ਖੁੱਲ੍ਹੀਆਂ ਤਾਕਤਾਂ ਦੇ ਕੇ ਕੇਂਦਰ ਸਰਕਾਰ ਨੇ ਪੰਜਾਬ ਪੁਲਸ ਨੂੰ ਬੇਤੁਕੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਡਰ ਹੈ ਕਿ ਉਹ ਦੌਰ ਮੁੜ ਨਾ ਸ਼ੁਰੂ ਹੋ ਜਾਵੇ, ਜਦੋਂ ਅੱਧੀ ਰਾਤ ਨੂੰ ਸੁਰੱਖਿਆ ਬਲ ਬਿਨਾਂ ਕਿਸੇ ਵਾਜਬ ਹੁਕਮਾਂ ਜਾਂ ਨੋਟਿਸ ਦੇ ਘਰਾਂ ਦੇ ਕੁੰਡੇ ਖੜਕਾਉਂਦੇ ਸਨ ਤੇ ਲੋਕਾਂ ਕੋਲ ਰਾਹਤ ਹਾਸਲ ਕਰਨ ਵਾਸਤੇ ਕੋਈ ਫੋਰਮ ਵੀ ਨਹੀਂ ਰਹਿੰਦੀ ਸੀ ਕਿਉਂਕਿ ਸਥਾਨਕ ਆਗੂ ਜਾਂ ਅਫਸਰਾਂ ਕੋਲ ਤੁਹਾਡੀਆਂ ਮੁਸ਼ਕਿਲਾਂ ਹੱਲ ਕਰਨ ਦੀ ਤਾਕਤ ਨਹੀਂ ਰਹੀ ਸੀ। ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਨੇ ਸ੍ਰੀ ਦਰਬਾਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਿਰ, ਰਾਮ ਤੀਰਥ ਸਥਾਨ ਸਮੇਤ ਅਨੇਕਾਂ ਪਵਿੱਤਰ ਥਾਵਾਂ ਦੀ ਪਵਿੱਤਰਤਾ ਭੰਗ ਕਰ ਕੇ ਇਨ੍ਹਾਂ ’ਚ ਦਾਖਲ ਹੋਣ ਲਈ ਆਪਮੁਹਾਰੀ ਸ਼ਕਤੀਆਂ ਵੀ ਲੈ ਲਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਅਤਿ-ਸੰਵੇਦਨਸ਼ੀਲ ਮਾਮਲੇ ਦਾ ਨਤੀਜਾ ਕੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਕੀਤਾ ਟਵੀਟ, ਪੁਲਸ ਅਫ਼ਸਰਾਂ ਨੂੰ ਦਿੱਤੀ ਇਹ ਸਲਾਹ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸੰਵਿਧਾਨ ’ਚ ਦਿੱਤੀ ਗਾਰੰਟੀ ਅਨੁਸਾਰ ਆਪਣੇ ਮਾਣ-ਸਤਿਕਾਰ ਤੇ ਆਜ਼ਾਦੀ ਦੀ ਸੁਰੱਖਿਆ ਲਈ ਲੜਨਾ ਚਾਹੀਦਾ ਹੈ। ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬੀ ਨੂੰ ਲੋਕਤੰਤਰਿਕ ਤੇ ਸੰਘੀ ਅਧਿਕਾਰਾਂ ਤਹਿਤ ਆਪਣੀ ਚੁਣੀ ਹੋਈ ਸਰਕਾਰ ਰਾਹੀਂ ਆਪਣਾ ਸ਼ਾਸਨ ਚਲਾਉਣ ਦੇ ਹੱਕ ਤੋਂ ਵਾਂਝਾ ਕਰ ਕੇ ਪੰਜਾਬੀਆਂ ਨੂੰ ਜ਼ਲੀਲ ਨਾ ਕਰਨ ਤੇ ਉਨ੍ਹਾਂ ਦੇ ਪਹਿਲਾਂ ਹੀ ਡੂੰਘੇ ਜ਼ਖ਼ਮਾਂ ’ਤੇ ਹੋਰ ਲੂਣ ਨਾ ਛਿੜਕਣ। ਉਨ੍ਹਾਂ ਕਿਹਾ ਕਿ ਤਕਰੀਬਨ 15 ਸਾਲਾਂ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੇਂਦਰੀ ਰਾਜ ਅਧੀਨ ਰੱਖਿਆ ਤੇ ਫੌਜ ਦੇ ਰਾਜਕਾਲ ਦੇ ਗੰਭੀਰ ਨਤੀਜੇ ਵੀ ਨਿਕਲੇ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਦਿੱਲੀ ਦੇ ਮੌਜੂਦਾ ਸ਼ਾਸਕ ਇਤਿਹਾਸ ਤੋਂ ਸਬਕ ਸਿੱਖਣਗੇ ਅਤੇ ਬੀਤੇ ਸਮੇਂ ਦੀ ਤ੍ਰਾਸਦੀ ਵਾਲੀਆਂ ਗਲਤੀਆਂ ਨਹੀਂ ਦੁਹਰਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਪੰਜਾਬ ਤੇ ਸਾਰੇ ਦੇਸ਼ ਦੇ ਹੱਕ ਵਿਚ ਉਹ ਬੀਤੇ ਸਮੇਂ ਦੀਆਂ ਤ੍ਰਾਸਦੀਆਂ ਨੂੰ ਦੁਹਰਾਉਣ ਨਾ ਦੇਣ।


author

Manoj

Content Editor

Related News