ਕੋਟਕਪੂਰਾ ਗੋਲ਼ੀਕਾਂਡ : ਫਰੀਦਕੋਟ ਅਦਾਲਤ 'ਚ ਪੇਸ਼ ਹੋਏ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ

Thursday, Mar 23, 2023 - 02:15 PM (IST)

ਫਰੀਦਕੋਟ (ਵੈੱਬ ਡੈਸਕ) : ਕੋਟਕਪੂਰਾ ਗੋਲੀਕਾਂਡ ਵਿਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਪਹਿਲੀ ਵਾਰ ਫਰੀਦਕੋਟ ਦੀ ਅਦਾਲਤ ਵਿਚ ਬਤੌਰ ਮੁਲਜ਼ਮ ਪੇਸ਼ ਹੋਏ। ਇਲਾਕਾ ਮੈਜਿਸਟ੍ਰੇਟ ਅਜੇਪਾਲ ਸਿੰਘ ਨੇ ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਦੇ ਹੁਕਮਾਂ ਮੁਤਾਬਕ 5 ਲੱਖ ਰੁਪਏ ਦਾ ਮੁਚੱਲਕਾ ਭਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਨੇ 16 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।

ਇਸੇ ਤਰ੍ਹਾਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਐੱਸ. ਐੱਸ. ਪੀ. ਸੁਖਮਿੰਦਰ ਸਿੰਘ ਮਾਨ ਅਤੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਵੀ ਅਗਾਊਂ ਜ਼ਮਾਨਤ ਮਿਲਣ ਮਗਰੋਂ ਇਸ ਮਾਮਲੇ ਵਿਚ ਅੱਜ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਉਨ੍ਹਾਂ ਨੂੰ ਵੀ 5 ਲੱਖ ਰੁਪਏ ਦੇ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ। ਐੱਸ. ਆਈ. ਟੀ. ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਪੁਲਸ ਦੇ 6 ਉੱਚ ਅਧਿਕਾਰੀਆਂ ਖਿਲਾਫ ਬੀਤੀ 24 ਫਰਵਰੀ ਨੂੰ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਵਧਾਈ ਪਾਬੰਦੀ

 ਅੱਜ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਮਿੰਦਰ ਸਿੰਘ ਮਾਨ ਅਤੇ ਗੁਰਦੀਪ ਸਿੰਘ ਪੰਧੇਰ ਨੂੰ ਅਦਾਲਤ ਵਿਚ ਪੇਸ਼ ਹੋਣ ਸਮੇਂ ਅਦਾਲਤ ਨੇ ਚਲਾਨ ਦੀਆਂ ਨਕਲਾਂ ਮੁਹੱਈਆ ਕਰਵਾ ਕੇ 12 ਅਪ੍ਰੈਲ 2023 ਨੂੰ ਮੁੜ ਅਦਾਲਤ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ, ਜਦੋਂਕਿ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਵਲੋਂ ਚੱਲਦੇ ਮੁਕੱਦਮੇ ਤੱਕ ਐਡੀਸ਼ਨਲ ਸ਼ੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚੋਂ ਅਗਾਊਂ ਜ਼ਮਾਨਤ ਨਾ ਮਿਲਣ ਕਰਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਲਾਈ ਗਈ ਸੀ, ਜਿਸ ’ਤੇ ਮਾਣਯੋਗ ਹਾਈ ਕੋਰਟ ਵਲੋਂ ਉਨ੍ਹਾਂ ਨੂੰ 30 ਮਈ ਤੱਕ ਜ਼ਮਾਨਤ ਦੇ ਕੇ 15 ਦਿਨ ਦੇ ਅੰਦਰ-ਅੰਦਰ ਇਲਾਕਾ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ- ਮਾਨਸਾ ਦੀ ਨੇਤਰਹੀਣ ਵੀਰਪਾਲ ਕੌਰ ਨੇ ਵਧਾਇਆ ਸੂਬੇ ਦਾ ਮਾਣ, ਜੂਡੋ-ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ

 ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News