ਬਾਦਲਾਂ ਦੀ ਫੋਟੋ ਨਾਲ ਛੇੜਛਾੜ ਕਰਨ ਵਾਲੇ ਨੇ ਮੰਗੀ ਮੁਆਫੀ

02/19/2020 10:24:34 AM

ਲੁਧਿਆਣਾ (ਮਹਿਰਾ) : 26 ਜੂਨ 2019 ਨੂੰ ਫੇਸਬੁੱਕ 'ਤੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਫੋਟੋ ਨਾਲ ਛੇੜਛਾੜ ਕਰਕੇ ਫੇਸਬੁੱਕ 'ਤੇ ਪੋਸਟ ਕਰਨ ਵਾਲੇ ਵਿਅਕਤੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੁਆਫੀ ਮੰਗ ਲਈ ਹੈ। ਸਥਾਨਕ ਅਦਾਲਤ ਕੰਪਲੈਕਸ 'ਚ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਪੰਜਾਬ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਦੇ ਦਫਤਰ 'ਚ ਪੁੱਜ ਕੇ ਉਕਤ ਮੁਲਜ਼ਮ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਆਪਣੀ ਇਸ ਗਲਤੀ ਲਈ ਬਿਨਾਂ ਸ਼ਰਤ ਮੁਆਫੀ ਮੰਗਦਾ ਹੈ।

ਇਸ ਮੌਕੇ ਅਕਾਲੀ ਦਲ ਦੇ ਲੀਗਲ ਸੈੱਲ ਦੇ ਪੰਜਾਬ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਉਪਰੋਕਤ ਮੁਲਜ਼ਮ ਆਮ ਆਦਮੀ ਪਾਰਟੀ (ਆਪ) ਦਾ ਵਰਕਰ ਹੈ, ਜਿਸ ਨੇ ਸੁਖਬੀਰ ਬਾਦਲ ਅਤੇ ਹੋਰਨਾਂ ਦਾ ਅਕਸ ਖਰਾਬ ਕਰਨ ਲਈ ਫੇਸਬੁੱਕ 'ਤੇ ਫੋਟੋ ਨਾਲ ਛੇੜਛਾੜ ਕਰ ਕੇ ਉਸ ਨੂੰ ਪੋਸਟ ਕਰ ਦਿੱਤਾ ਸੀ, ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁਲਜ਼ਮ ਵਿਰੁੱਧ ਪੁਲਸ ਕੋਲ ਪਰਚਾ ਦਰਜ ਕਰਵਾ ਦਿੱਤਾ ਸੀ। ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖੀ ਨਿਵਾਸੀ ਤਲਵੰਡੀ ਰਾਮਾ, ਡੇਰਾ ਬਾਬਾ ਨਾਨਕ ਨੇ ਆਪਣੇ ਲਿਖਤੀ ਮੁਆਫੀਨਾਮੇ 'ਚ ਕਿਹਾ ਕਿ ਉਸ ਨੇ ਕਿਸੇ ਦੇ ਕਹਿਣ 'ਤੇ ਕਹਿਣ 'ਤੇ ਗਲਤੀਵੱਸ ਉਪਰੋਕਤ ਤਸਵੀਰ ਐਡਿਟ ਕਰਕੇ ਫੇਸਬੁੱਕ 'ਤੇ ਪਾਈ ਸੀ, ਜਿਸ ਦੀ ਉਹ ਮੁਆਫੀ ਮੰਗਦੇ ਹਨ।

ਵਰਣਨਯੋਗ ਹੈ ਕਿ ਅਕਾਲੀ ਦਲ ਦੇ ਲੀਗਲ ਸੈੱਲ ਨੇ ਪੰਜਾਬ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੇ ਉਕਤ ਇਤਰਾਜ਼ਯੋਗ ਪੋਸਟ ਸਬੰਧੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ 295-1 ਤਹਿਤ ਡਵੀਜ਼ਨ ਨੰ. 5 ਲੁਧਿਆਣਾ 'ਚ ਪਰਚਾ ਦਰਜ ਕਰਵਾਇਆ ਸੀ। ਘੁੰਮਣ ਨੇ ਦੋਸ਼ ਲਾਇਆ ਕਿ 'ਆਪ' ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਦਨਾਮ ਕਰਨ ਲਈ ਅਜਿਹੀਆਂ ਘਟੀਆ ਹਰਕਤਾਂ ਕਰ ਰਹੇ ਹਨ।


Gurminder Singh

Content Editor

Related News