ਬਾਦਲ ਤੇ ਸੁਖਬੀਰ ਹੁਣ ਤੱਕ ਬਰਾੜਾਂ ਹੱਥੋਂ ਹੀ ਹਾਰੇ!

Friday, Mar 29, 2019 - 11:08 AM (IST)

ਲੁਧਿਆਣਾ (ਮੁੱਲਾਂਪੁਰੀ) : ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, 5 ਵਾਰ ਸੂਬੇ ਦੇ ਮੁੱਖ ਮੰਤਰੀ ਤੇ ਇਕ ਵਾਰ ਕੇਂਦਰ ਦੀ 1977 ਦੀ ਦੇਸਾਈ ਸਰਕਾਰ 'ਚ ਬਤੌਰ ਫਰੀਦਕੋਟ ਤੋਂ ਐੱਮ. ਪੀ. ਬਣਨ ਉਪਰੰਤ ਖੇਤੀਬਾੜੀ ਮੰਤਰੀ ਰਹੇ। ਪ੍ਰਕਾਸ਼ ਸਿੰਘ ਬਾਦਲ 1952 ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਆ ਰਹੇ ਹਨ, ਜਿਸ ਦੌਰਾਨ ਉਹ 5 ਵਾਰ ਮੁੱਖ ਮੰਤਰੀ ਵੀ ਬਣੇ ਪਰ ਇਕ ਮੌਕਾ 1967 'ਚ ਅਜਿਹਾ ਆਇਆ ਕਿ ਸ. ਬਾਦਲ ਗਿੱਦੜਬਾਹਾ ਸੀਟ ਤੋਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਤੋਂ ਚੋਣ ਹਾਰ ਗਏ ਸਨ, ਨਹੀਂ ਤਾਂ ਹੁਣ ਤੱਕ ਉਹ ਜਿੱਤਦੇ ਹੀ ਆਏ, ਜਦੋਂ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਵੀ 2017 'ਚ ਨਹੀਂ ਹਰਾ ਸਕੇ ਸਨ। 
ਇਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਨੇ ਆਪਣੀ ਚੋਣ ਲੜਨ ਦੀ ਪਾਰੀ ਅਟਲ ਬਿਹਾਰੀ ਵਾਜਪਾਈ ਸਰਕਾਰ ਮੌਕੇ ਕੇਂਦਰ 'ਚ ਵਜੀਰ ਹੁੰਦੇ ਹੋਏ ਅਤੇ ਆਪਣੇ ਪਿਤਾ ਦੇ ਮੁੱਖ ਮੰਤਰੀ ਰਹਿੰਦੇ ਹੋਏ ਫਰੀਦਕੋਟ ਲੋਕ ਸਭਾ ਹਲਕੇ ਤੋਂ ਖੇਡੀ ਸੀ ਪਰ ਜਗਮੀਤ ਸਿੰਘ ਬਰਾੜ ਹੱਥੋਂ ਚੋਣ ਹਾਰ ਗਏ ਸਨ, ਜੋ ਕਿ ਉਨ੍ਹਾਂ ਦਿਨਾਂ 'ਚ ਉੱਤਰੀ ਭਾਰਤ ਦੇ ਕਾਂਗਰਸ ਦੇ ਵੱਡੇ ਕੱਦ ਦੇ ਆਗੂ ਹੋ ਕੇ ਨਿੱਤਰ ਸਨ। ਉਨ੍ਹਾਂ ਤੋਂ ਬਾਅਦ ਸੁਖਬੀਰ ਬਾਦਲ ਨੇ ਭਾਵੇਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਪਰ ਵਿਧਾਨ ਸਭਾ ਚੋਣਾਂ 'ਚ ਜਿੱਤਦੇ ਆ ਰਹੇ ਹਨ। ਬਾਕੀ ਅੱਜ-ਕੱਲ੍ਹ ਚੋਣ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਸੁਖਬੀਰ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਤੀਜੀ ਵਾਰ ਚੋਣ ਲੜਨ ਜਾ ਰਹੀ ਹੈ। ਇੱਥੇ ਉਨ੍ਹਾਂ ਦਾ ਕਾਂਗਰਸ ਦੇ ਵੱਡੇ ਮਹਾਂਰਥੀ ਨਾਲ ਮੁਕਾਬਲਾ ਹੋਵੇਗਾ। ਮਾਹਰਾਂ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਅਜੇ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਅਕਾਲੀ ਦਲ ਦੇ ਪਰ ਤੋਲ ਰਹੇ ਹਨ ਕਿ ਕਿਸ ਜਗ੍ਹਾ ਤੋਂ ਬੀਬਾ ਜੀ ਨੂੰ ਚੋਣ ਲੜਾਈ ਜਾਵੇ। ਜੇਕਰ ਦੋਵੇਂ ਥਾਵਾਂ 'ਤੇ ਪਰਿਵਾਰ ਚੋਣ ਲੜੇਗਾ ਤਾਂ ਇਹ ਗੱਲ ਉੱਡ ਜਾਵੇਗੀ ਕਿ ਪਾਰਟੀ ਕੋਲ ਕੋਈ ਆਗੂ ਨਹੀਂ ਤੇ ਪਾਰਟੀ ਦੀ ਹਾਲਤ ਬਹੁਤ ਤਰਸਯੋਗ ਹੈ, ਜਿਸ ਕਾਰਨ ਪਾਰਟੀ ਪ੍ਰਧਾਨ ਨੂੰ ਖੁਦ ਮੈਦਾਨ 'ਚ ਕੁੱਦਣਾ ਪਿਆ। ਇਸ ਕਾਰਨ ਸੁਖਬੀਰ ਬਾਦਲ ਫੈਸਲਾ ਸੋਚ-ਸਮਝ ਕੇ ਲੈਣਗੇ।


Babita

Content Editor

Related News