ਮੰਤਰੀਆਂ ਤੇ ਅਫਸਰਸ਼ਾਹੀ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਪਰਗਟ ਨੇ ਸਰਕਾਰ ਨੂੰ ਵਿਖਾਇਆ ਸ਼ੀਸ਼ਾ
Sunday, May 17, 2020 - 08:16 PM (IST)
ਜਲੰਧਰ (ਰਮਨਦੀਪ ਸਿੰਘ ਸੋਢੀ, ਵੈੱਬ ਡੈਸਕ) : ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਚੱਲ ਰਹੇ ਵਿਵਾਦ 'ਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ 'ਤੇ ਟਿੱਪਣੀ ਕਰਦੇ ਹੋਏ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਹੈ। ਪਰਗਟ ਸਿੰਘ ਨੇ ਕਿਹਾ ਹੈ ਕਿ ਇਹ ਸਮਾਂ ਆਪਸ ਵਿਚ ਲੜਾਈ ਕਰਨ ਦਾ ਨਹੀਂ ਸਗੋਂ ਪੰਜਾਬ ਦੇ ਹਿੱਤ ਵਿਚ ਫੈਸਲੇ ਲੈਣ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ, ਕੇਂਦਰ ਨੇ ਤਾਂ ਪੰਜਾਬ ਦਾ ਜੀ. ਐੱਸ. ਟੀ. ਦਾ 4500 ਕਰੋੜ ਰੁਪਿਆ ਵੀ ਨਹੀਂ ਦਿੱਤਾ ਹੈ, ਲਿਹਾਜ਼ਾ ਮੌਜੂਦਾ ਸਮੇਂ ਵਿਚ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਇਸ ਹਾਲਾਤ ਵਿਚ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਕਿਹੜੇ ਸਰੋਤਾਂ ਨਾਲ ਸੂਬੇ ਦੀ ਆਮਦਨ ਵੱਧ ਸਕਦੀ ਹੈ ਤਾਂ ਜੋ ਅਸੀਂ ਆਤਮ ਨਿਰਭਰ ਬਣ ਸਕੀਏ। ਉਨ੍ਹਾਂ ਕਿਹਾ ਕਿ ਪੰਜਾਬ 'ਤੇ ਪਹਿਲਾਂ ਹੀ 250 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਪਰਗਟ ਨੇ ਕਿਹਾ ਕਿ ਪੰਜਾਬ ਨੂੰ ਵਧੇਰੇ ਰੈਵੇਨਿਊ ਮਾਈਨਿੰਗ ਅਤੇ ਐਕਸਾਈਜ਼ ਤੋਂ ਆਉਂਦਾ ਹੈ। ਐਕਸਾਈਜ਼ ਵਿਚ ਜੇਕਰ ਕਾਰਪੋਰੇਸ਼ਨ ਬਣ ਜਾਂਦੀ ਤਾਂ ਘੱਟੋ-ਘੱਟ ਉਸ ਤੋਂ 10 ਹਜ਼ਾਰ ਕਰੋੜ ਰੁਪਏ ਦਾ ਰੈਵੇਨਿਊ ਜਨਰੇਟ ਹੋ ਸਕਦਾ ਹੈ ਜਦਕਿ ਮੌਜੂਦਾ ਸਮੇਂ ਇਹ ਸਾਢੇ ਚਾਰ ਅਤੇ ਪੰਜ ਹਜ਼ਾਰ ਕਰੋੜ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਸ ਸਾਲ ਅਕਾਲੀ-ਭਾਜਪਾ ਸਰਕਾਰ ਚੱਲੀ ਉਸੇ ਤਰ੍ਹਾਂ ਕਾਂਗਰਸ ਚੱਲ ਰਹੀ ਹੈ। ਕਾਂਗਰਸ ਨੇ ਵੀ ਆਪਣੇ ਕਾਰਜਕਾਲ ਦਾ ਤਿੰਨ ਸਾਲ ਦਾ ਸਮਾਂ ਲੰਘਾ ਲਿਆ ਹੈ ਜੇਕਰ ਹੁਣ ਵੀ ਇਸੇ ਤਰ੍ਹਾਂ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਲੋਕ ਸਾਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀਆਂ ਆਉਂਦੀਆਂ ਹਨ ਚਲੀਆਂ ਜਾਂਦੀਆਂ ਹਨ ਜੇਕਰ ਹੁਣ ਵੀ ਬੀਤੇ ਤੋਂ ਸਬਕ ਨਾ ਲਿਆ ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ ਵਿਚ ਅੱਗੇ ਲਿਆਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਲਿਹਾਜ਼ਾ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੀ. ਐੱਲ. ਪੀ. ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ, ਜਿਸ ਵਿਚ ਸਾਰੇ ਲੀਡਰਾਂ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਮੁੱਦਿਆਂ 'ਤੇ ਸਰਕਾਰ ਬਣਾਈ ਸੀ ਅਤੇ ਅੱਜ ਤਕ ਕਿੰਨੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸਾਰੇ ਮੰਤਰੀ ਅਤੇ ਵਿਧਾਇਕ ਕਿਸ ਤਰ੍ਹਾਂ ਲੋਕਾਂ ਦਾ ਸਾਹਮਣਾ ਕਰਨਗੇ।
ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੀ ਸੱਤਾ ਵਿਚ ਆਇਆਂ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਜੇਕਰ ਅਸੀਂ ਅਗਲੀਆਂ ਚੋਣਾਂ ਦੌਰਾਨ ਲੋਕਾਂ ਵਿਚ ਜਾਣਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਮੀਟਿੰਗ ਦੌਰਾਨ ਉਨ੍ਹਾਂ ਮੁੱਖ ਮੰਤਰੀ ਕੋਲ ਆਪਣੀਆਂ ਗੱਲਾਂ ਰੱਖੀਆਂ ਸਨ ਜਿਨ੍ਹਾਂ ਨਾਲ ਮੁੱਖ ਮੰਤਰੀ ਸਹਿਮਤ ਵੀ ਹੋਏ ਸਨ। ਪਰਗਟ ਨੇ ਕਿਹਾ ਕਿ ਜਿਹੜਾ ਸਮਾਂ ਲੰਘ ਗਿਆ ਹੈ, ਉਸ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਈ ਸਕੈਮ ਹੋਏ ਜਿਨ੍ਹਾਂ ਵਿਚ ਕੁਝ ਆਈ. ਏ. ਐੱਸ. ਅਫਸਰਾਂ ਦੀ ਭੂਮਿਕਾ ਵੀ ਸਾਹਮਣੇ ਆਈ ਸੀ ਜਿਨ੍ਹਾਂ ਦੀ ਸਰਕਾਰ ਜਾਂਚ ਵੀ ਕਰਵਾ ਰਹੀ ਹੈ ਜੋ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ। ਜੇਕਰ ਜਾਂਚ ਹੋਈ ਤਾਂ ਉਸ ਨੂੰ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਜੇਕਰ ਕੋਈ ਦੋਸ਼ੀ ਨਹੀਂ ਹੈ ਤਾਂ ਉਨ੍ਹਾਂ ਨੂੰ ਕਲੀਨ ਚਿੱਟ ਦੇਣੀ ਚਾਹੀਦੀ ਹੈ। ਬੇਅਦਬੀ ਮਾਮਲੇ ਅਤੇ 31 ਹਜ਼ਾਰ ਕਰੋੜ ਰੁਪਏ ਦਾ ਫੂਡ ਸਕੈਮ ਮਾਮਲੇ ਵਿਚ ਜਿਹੜੀ ਵੀ ਜਾਂਚ ਹੋਈ ਉਸ ਨੂੰ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਜਨਤਾ ਵਿਚ ਸਰਕਾਰ ਪ੍ਰਤੀ ਭਰੋਸੇਯੋਤਾ ਵਧੇਗੀ ਪਰ ਇਸ ਦੇ ਉਲਟ ਜੇ ਅਸੀਂ ਚੁੱਪ ਰਹਾਂਗੇ ਤਾਂ ਸਰਕਾਰ ਸ਼ੱਕ ਦੇ ਘੇਰੇ ਵਿਚ ਆਵੇਗੀ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ 2017 ਦੀਆਂ ਚੋਣਾਂ ਵਿਚ ਲੋਕਾਂ ਨੇ ਵੋਟ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਪਾਈ ਸੀ ਹੁਣ ਸਮਾਂ ਬਦਲ ਚੁੱਕਾ ਹੈ ਅਤੇ ਇਨ੍ਹਾਂ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਵਿਚ ਲੋਕ ਕਿੰਤੂ-ਪ੍ਰੰਤੂ ਕਰ ਰਹੇ ਹਨ। ਇਸ ਲਈ ਸਰਕਾਰ ਨੂੰ ਸਮਾਂ ਰਹਿੰਦੇ ਹੀ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ।
ਪੰਜਾਬ ਵਿਚ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਚੱਲ ਰਹੇ ਵਿਵਾਦ 'ਤੇ ਪੁੱਛੇ ਗਏ ਸਵਾਲ 'ਤੇ ਪਰਗਟ ਸਿੰਘ ਨੇ ਕਿਹਾ ਕਿ ਇਕ ਅਫਸਰ ਨੇ ਲੰਬਾ ਸਮਾਂ ਨੌਕਰੀ ਕੀਤੀ ਹੁੰਦੀ ਹੈ ਅਤੇ ਉਸ ਨੂੰ ਆਪਣਾ ਤਜ਼ਰਬਾ ਹੁੰਦਾ ਹੈ ਪਰ ਜੇ ਅਫਸਰ ਤੋਂ ਕੋਈ ਕੰਮ ਕਰਵਾਉਣਾ ਹੋਵੇ ਤਾਂ ਉਸ ਦਾ ਵੀ ਤਰੀਕਾ ਹੈ ਪਰ ਜਿਹੜੀ ਗੱਲ ਠੀਕ ਹੈ, ਉਸ 'ਤੇ ਪਹਿਰਾ ਦੇਣ ਦੀ ਲੋੜ ਹੈ। ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੁਲਾਕਾਤ 'ਤੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੈਂ ਇਕ ਖਿਡਾਰੀ ਰਿਹਾ ਹਾਂ ਅਤੇ ਇਕੱਲਾ ਖਿਡਾਰੀ ਨਾ ਤਾਂ ਟੀਮ ਨੂੰ ਜਿਤਾ ਸਕਦਾ ਹੈ ਅਤੇ ਨਾ ਹੀ ਹਰਾ ਸਕਦਾ ਹੈ, ਪਰ ਜੇਕਰ ਹਰ ਵਿਅਕਤੀ ਆਪੋ-ਆਪਣੀ ਸਾਈਡ 'ਤੇ ਠੀਕ ਖੇਡੇ ਤਾਂ ਟੀਮ ਜਿੱਤ ਸਕਦੀ ਹੈ। ਪਰ ਇਸ ਲਈ ਢੁਕਵਾਂ ਮਾਹੌਲ ਸਿਰਜਣ ਦੀ ਲੋੜ ਹੈ। ਪਰਗਟ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਦੇ ਡਰ ਤੋਂ ਪਿੱਛੇ ਹਟ ਗਏ ਤਾਂ ਪੰਜਾਬ ਸਾਨੂੰ ਕਦੇ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਫਾਇਦੇ ਜਾਂ ਪੈਸਿਆਂ ਬਾਰੇ ਸੋਚਣ ਦੀ ਬਜਾਏ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ ਅਤੇ ਜੇਕਰ ਕੋਈ ਪੰਜਾਬ ਦੇ ਫਾਇਦੇ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਬਾਗੀ ਨਾ ਸਮਝਿਆ ਜਾਵੇ ਸਗੋਂ ਉਸ ਦੀ ਗੱਲ ਵੱਲ ਧਿਆਨ ਦੇ ਕੇ ਉਸ ਦਿਸ਼ਾ ਵਿਚ ਕਦਮ ਚੁੱਕੇ ਜਾਣ।