ਬਾਦਲਾਂ ਨੂੰ ਸੱਤਾ ਤੋਂ ਬਾਹਰ ਹੁੰਦਿਆਂ ਹੀ ਪੰਜਾਬ ਦੇ ਮਸਲੇ ਕਿਉਂ ਆਉਂਦੇ ਹਨ ਚੇਤੇ : ਸਰਨਾ

Thursday, Jun 21, 2018 - 07:02 AM (IST)

ਜਲੰਧਰ (ਚਾਵਲਾ) - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਗਏ ਇਕ ਵਫਦ ਵਲੋਂ ਪੰਜਾਬ ਦੇ ਮਸਲਿਆਂ ਸਬੰਧੀ ਉਠਾਈ ਅਵਾਜ਼ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਬੀਬੀ ਬਾਦਲ ਇਹ ਵੀ ਜ਼ਰੂਰ ਸਪੱਸ਼ਟ ਕਰੇ ਕਿ ਅਕਾਲੀ ਸਰਕਾਰ ਦੇ ਹੁੰਦਿਆਂ ਇਹ ਮੁੱਦੇ ਕਿਉਂ ਨਹੀ ਉਠਾਏ ਗਏ ਤੇ ਬਾਦਲ ਪਰਿਵਾਰ ਨੂੰ ਸੱਤਾ ਤੋਂ ਲਾਂਭੇ ਹੁੰਦਿਆਂ ਹੀ ਪੰਜਾਬ ਦੇ ਮਸਲੇ ਯਾਦ ਕਿਉਂ ਆ ਜਾਂਦੇ ਹਨ?
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਾਦਲ ਦਲ ਨੇ 1997 ਤੋਂ ਲੈ ਕੇ ਹੁਣ 15 ਸਾਲ ਰਾਜ ਕੀਤਾ ਤੇ ਕੇਂਦਰ ਵਿਚ ਵੀ ਉਨ੍ਹਾਂ ਨੇ ਆਪਣੀ ਨਹੁੰ-ਮਾਸ ਦੇ ਰਿਸ਼ਤੇ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 10 ਸਾਲ ਰਾਜ ਕੀਤਾ ਪਰ ਪੰਜਾਬ ਦੇ ਮਸਲਿਆਂ ਬਾਰੇ ਕਦੇ ਵੀ ਬਾਦਲ ਦਲ ਨੇ ਸੱਤਾ ਵਿਚ ਹੁੰਦਿਆਂ ਅਵਾਜ਼ ਬੁਲੰਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਸਮੇਂ ਜੋਧਪੁਰ ਤੇ ਦੇਸ਼ ਦੀਆਂ ਹੋਰ ਜੇਲਾਂ ਵਿਚ ਬੰਦ ਰਹੇ ਨੌਜਵਾਨਾਂ ਨੂੰ ਅਦਾਲਤ ਨੇ ਜੇਕਰ ਕੋਈ ਮੁਆਵਜ਼ਾ ਦੇਣ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਕੇਂਦਰ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ, ਜੋ ਸਿੱਖ ਨੌਜਵਾਨਾਂ ਨਾਲ ਸਿੱਧੇ ਰੂਪ ਵਿਚ ਧੱਕਾ ਹੈ।
ਉਨ੍ਹਾਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ, ਜੋਧਪੁਰੀ ਕੈਦੀਆਂ ਨੂੰ ਮੁਆਵਜ਼ਾ ਤੇ ਪੰਜਾਬ ਦੀਆਂ ਹੋਰ ਮੰਗਾਂ ਦੀ ਪ੍ਰੋੜਤਾ ਕਰਦੇ ਹਨ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਸ ਵਫਦ ਵਿਚ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੈਰ-ਹਾਜ਼ਰੀ ਵੀ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕਰਦੀ ਹੈ ਕਿਉਂਕਿ ਜੇਕਰ ਇਹ ਵਫਦ ਉਨ੍ਹਾਂ ਦੀ ਅਗਵਾਈ ਹੇਠ ਗ੍ਰਹਿ ਮੰਤਰੀ ਨੂੰ ਮਿਲਦਾ ਤਾਂ ਸ਼ਾਇਦ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੰਥਕ ਤੇ ਪੰਜਾਬ ਦੇ ਮਸਲੇ ਉਠਾਏ ਜਾਂਦੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਜੋਧਪੁਰੀਆ ਦੇ ਮਾਮਲੇ ਵਿਚ ਦਖਲ-ਅੰਦਾਜ਼ੀ ਕਰਕੇ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਯਤਨ ਕਰਨ ਤਾਂ ਕਿ ਅਦਾਲਤ ਵਲੋਂ ਕੀਤੇ ਆਦੇਸ਼ਾਂ ਦੀ ਪਾਲਣਾ ਹੋ ਸਕੇ।


Related News