ਅਕਾਲੀ-ਕਾਂਗਰਸ ਨੂੰ ਸੱਤਾ ਦਿਵਾਉਣ ਮਗਰੋਂ ਹੁਣ ਕਿਸ ਪਾਸੇ ਜਾਵੇਗਾ ਪੰਥਕ ਵੋਟ ਬੈਂਕ?

Wednesday, Oct 13, 2021 - 11:12 AM (IST)

ਅੰਮ੍ਰਿਤਸਰ  (ਜਗ ਬਾਣੀ ਟੀਮ) : ਪੰਜਾਬ ਵਿਚ ਹਿੰਦੂ-ਸਿੱਖ-ਮੁਸਲਿਮ-ਈਸਾਈ ਹਰ ਵਰਗ ਦਾ ਵੋਟ ਬੈਂਕ ਅਹਿਮੀਅਤ ਰੱਖਦਾ ਹੈ ਅਤੇ ਕਿਸੇ ਇਕ ਭਾਈਚਾਰੇ ਦਾ ਕਿਸੇ ਵੀ ਸਿਆਸੀ ਪਾਰਟੀ ਵੱਲ ਝੁਕਾਅ ਜਿੱਤ ਦਿਵਾ ਸਕਦਾ ਹੈ ਤਾਂ ਦੂਜੀ ਸਿਆਸੀ ਪਾਰਟੀ ਨੂੰ ਹਾਰ ਦਾ ਮਜ਼ਾ ਵੀ ਚਖਾ ਸਕਦਾ ਹੈ। ਪੰਜਾਬ ਵਿਚ ਸਿੱਖ, ਖ਼ਾਸ ਤੌਰ ’ਤੇ ਪੰਥਕ ਵੋਟ ਬੈਂਕ ਬੜੀ ਅਹਿਮੀਅਤ ਰੱਖਦਾ ਹੈ, ਜੋ ਹਰ ਚੋਣ ਵਿਚ ਫ਼ੈਸਲਾਕੁੰਨ ਭੂਮਿਕਾ ਨਿਭਾਉਂਦਾ ਹੈ। ਸਮੇਂ-ਸਮੇਂ ’ਤੇ ਇਹ ਵੋਟ ਬੈਂਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿਚ ਆਉਂਦਾ-ਜਾਂਦਾ ਰਹਿੰਦਾ ਹੈ। ਸਰਕਾਰ ਤੋਂ ਆਪਣੀ ਮੰਗ ਅਨੁਸਾਰ ਵਾਅਦੇ ਪੂਰੇ ਨਾ ਹੋਣ ’ਤੇ ਵੋਟ ਬੈਂਕ ਦਾ ਦੂਜੀ ਪਾਰਟੀ ਵੱਲ ਜਾਣਾ ਸੁਭਾਵਕ ਹੈ।

ਬਾਦਲਾਂ ਨੂੰ ਦਿਵਾਇਆ ਸੱਤਾ ਸੁੱਖ
ਸਾਲ 2012 ਵਿਚ ਪੰਜਾਬ ’ਚ ਚੋਣਾਂ ਦੌਰਾਨ ਪੰਥਕ ਵੋਟ ਬੈਂਕ ਨੇ ਅਹਿਮ ਭੂਮਿਕਾ ਨਿਭਾਈ ਸੀ। ਉਸ ਵੇਲੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਗਠਜੋੜ ਸੀ ਅਤੇ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਅਜਿਹੇ ਚੋਣ ਵਾਅਦੇ ਕੀਤੇ ਸਨ, ਜੋ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰਦੇ ਸਨ। ਪੰਥਕ ਵੋਟ ਬੈਂਕ ਤੋਂ ਭਾਵ ਹੈ ਪੰਜਾਬ ਵਿਚ ਸਿੱਖ ਵਰਗ ਦਾ ਵੋਟ ਬੈਂਕ, ਜਿਸ ਵਿਚ ਹਰ ਤਰ੍ਹਾਂ ਦੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਹਨ। ਇਹ ਵੋਟ ਬੈਂਕ ਅਕਸਰ ਅਕਾਲੀ ਦਲ ਦੇ ਪੱਖ ਵਿਚ ਹੀ ਵੋਟ ਕਰਦਾ ਆਇਆ ਹੈ ਅਤੇ ਸਮੇਂ-ਸਮੇਂ ’ਤੇ ਅਕਾਲੀ ਦਲ ਲਈ ਵੋਟ ਖੇਵਣਹਾਰ ਬਣਿਆ ਹੈ।

ਇਹ ਵੀ ਪੜ੍ਹੋ: STF ਦੀ ਰਿਪੋਰਟ 'ਤੇ ਨਵਜੋਤ ਸਿੱਧੂ ਦਾ ਟਵੀਟ, ਅੱਜ ਹਾਈਕੋਰਟ 'ਚ ਨਸ਼ਾ ਕਾਰੋਬਾਰੀਆਂ ਬਾਰੇ ਹੋਵੇਗਾ ਖ਼ੁਲਾਸਾ

2017 ’ਚ ਬਦਲਿਆ ਰੁਖ਼
ਪੰਜਾਬ ’ਚ ਪੰਥਕ ਵੋਟ ਬੈਂਕ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਆਪਣਾ ਰੁਖ਼ ਬਦਲ ਲਿਆ ਅਤੇ ਇਹ ਵੋਟ ਬੈਂਕ ਕਾਂਗਰਸ ਦੀ ਝੋਲੀ ਵਿਚ ਆ ਗਿਆ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਵਿਚ ਕਾਂਗਰਸ ਨੇ ਚੋਣ ਲੜੀ ਅਤੇ ਪੰਥਕ ਵੋਟ ਨੂੰ ਕੈਪਟਨ ਆਪਣੇ ਵੱਲ ਖਿੱਚਣ ’ਚ ਸਫ਼ਲ ਰਹੇ। ਇਸ ਦਾ ਇਕ ਵੱਡਾ ਕਾਰਨ ਬੇਅਦਬੀ ਕਾਂਡ ਵੀ ਸੀ, ਜਿਸ ਕਾਰਨ ਇਸ ਵੋਟ ਬੈਂਕ ਨੂੰ ਸੱਟ ਪਹੁੰਚੀ ਅਤੇ ਉਸ ਵੇਲੇ ਕੈਪਟਨ ਨੇ ਸੂਬੇ ਵਿਚ ਇਸ ਕਾਂਡ ’ਤੇ ਸਖ਼ਤ ਐਕਸ਼ਨ ਲੈਣ ਦਾ ਵਾਅਦਾ ਲੋਕਾਂ ਨਾਲ ਕੀਤਾ। ਹਾਲਾਂਕਿ ਅਜੇ ਤਕ ਇਸ ਮਾਮਲੇ ਵਿਚ ਖ਼ੁਦ ਕਾਂਗਰਸ ਦੇ ਲੋਕ ਵੀ ਕੈਪਟਨ ਦੇ ਐਕਸ਼ਨ ਤੋਂ ਸੰਤੁਸ਼ਟ ਨਹੀਂ ਹਨ।

ਇਹ ਵੀ ਪੜ੍ਹੋ:  ਇਹ ਵੀ ਪੜ੍ਹੋ : ਵੱਡੀ ਖ਼ਬਰ : 'ਚੰਡੀਗੜ੍ਹ' 'ਚ ਦੀਵਾਲੀ 'ਤੇ ਨਹੀਂ ਚੱਲਣਗੇ ਪਟਾਕੇ, ਲਾਈ ਗਈ ਮੁਕੰਮਲ ਪਾਬੰਦੀ

ਹੁਣ ਅੱਗੇ ਕਿੱਥੇ ਜਾਵੇਗਾ ਵੋਟ ਬੈਂਕ?
ਪੰਜਾਬ ਵਿਚ ਪੰਥਕ ਵੋਟ ਬੈਂਕ 2022 ਦੀਆਂ ਚੋਣਾਂ ਵਿਚ ਕਿਸ ਪਾਸੇ ਜਾਵੇਗਾ, ਇਹ ਇਸ ਵੇਲੇ ਇਕ ਵੱਡਾ ਸਵਾਲ ਹੈ। ਸੂਬੇ ਵਿਚ ਕੈਪਟਨ ਤੋਂ ਨਾਰਾਜ਼ ਵੋਟ ਬੈਂਕ ਵਾਪਸ ਅਕਾਲੀ ਦਲ ਵਿਚ ਜਾਵੇ, ਇਸ ਗੱਲ ਨੂੰ ਲੈ ਕੇ ਵੀ ਕੁਝ ਸਪਸ਼ਟ ਨਹੀਂ ਕਿਹਾ ਜਾ ਸਕਦਾ।ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ’ਚ ਪੰਥਕ ਮਾਮਲਿਆਂ ਨੂੰ ਚੁੱਕਿਆ ਹੈ, ਉਸ ਤੋਂ ਸੰਭਾਵਨਾ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਇਹ ਵੋਟ ਬੈਂਕ ਮੁੜ ਕਾਂਗਰਸ ਦੇ ਪੱਖ ਵਿਚ ਹੀ ਭੁਗਤ ਜਾਵੇਗਾ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਇਨ੍ਹਾਂ 3 ਮਹੀਨਿਆਂ ਵਿਚ ਸਿੱਧੂ ਜ਼ਿੱਦ ਛੱਡ ਕੇ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ, ਨਹੀਂ ਤਾਂ ਇਹ ਵੋਟ ਬੈਂਕ ਅਕਾਲੀ ਦਲ ਤੋਂ ਆ ਕੇ ਜੇ ਕਾਂਗਰਸ ਨੂੰ ਫ਼ਾਇਦਾ ਦੇ ਸਕਦਾ ਹੈ ਤਾਂ ਨਿਰਾਸ਼ ਹੋ ਕੇ ਕਿਸੇ ਤੀਜੇ ਖੇਮੇ ਵਿਚ ਵੀ ਜਾ ਸਕਦਾ ਹੈ।
ਨੋਟ: ਵਿਧਾਨ ਸਭਾ ਚੋਣਾਂ 'ਚ ਕੀ ਹੋਣ ਮੁੱਖ ਮੁੱਦੇ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News