ਮਨਜੀਤ ਸਿੰਘ ਜੀ. ਕੇ. ਦੇ ਕਾਰਜਕਾਲ ''ਚ ਪੰਥ ਦੀਆਂ ਜਾਇਦਾਦਾਂ ਵਿਕੀਆਂ: ਕਾਲਕਾ, ਕਾਹਲੋਂ

Thursday, May 07, 2026 - 12:33 AM (IST)

ਮਨਜੀਤ ਸਿੰਘ ਜੀ. ਕੇ. ਦੇ ਕਾਰਜਕਾਲ ''ਚ ਪੰਥ ਦੀਆਂ ਜਾਇਦਾਦਾਂ ਵਿਕੀਆਂ: ਕਾਲਕਾ, ਕਾਹਲੋਂ

ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਮਨਜੀਤ ਸਿੰਘ ਜੀ.ਕੇ. ਦਿੱਲੀ ਗੁਰਦੁਆਰਾ ਕਮੇਟੀ ਦੇ ਇਕਲੌਤੇ ਪ੍ਰਧਾਨ ਹੋਏ ਹਨ ਜਿਹਨਾਂ ਦੇ ਕਾਰਜਕਾਲ ਵਿਚ ਪੰਥ ਦੀਆਂ ਜਾਇਦਾਦਾਂ ਵਿਕੀਆਂ ਹਨ ਤੇ ਉਹਨਾਂ ਨੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਜਿਸ ਕਾਰਨ ਉਹਨਾਂ ਖਿਲਾਫ ਗੰਭੀਰ ਦੋਸ਼ ਲੱਗੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਬੀਤੇ ਦਿਨੀਂ ਬਹੁਤ ਵੱਡੀ ਡਰਾਮੇਬਾਜ਼ੀ ਕਰ ਕੇ ਆਪਣੇ ਆਪ ਨੂੰ ਪੰਥ ਦਾ ਵੱਡਾ ਸੇਵਾਦਾਰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲੀਅਤ ਇਹ ਹੈ ਕਿ ਉਹਨਾਂ ਦੇ ਕਾਰਜਕਾਲ ਵਿਚ ਕਰੋਲ ਬਾਗ ਵਿਚ ਪੰਥ ਦੀਆਂ ਜਾਇਦਾਦਾਂ ਵੇਚੀਆਂ ਗਈਆਂ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਉਹ ਕਮੇਟੀ ਦੇ ਇਕਲੌਤੇ ਅਜਿਹੇ ਪ੍ਰਧਾਨ ਹਨ ਜਿਹਨਾਂ ਦੇ ਕਾਰਜਕਾਲ ਵਿਚ ਪੰਥ ਦੀਆਂ ਜਾਇਦਾਦਾਂ ਵਿਕੀਆਂ।

ਉਹਨਾਂ ਕਿਹਾ ਕਿ ਇਸੇ ਤਰੀਕੇ ਮਨਜੀਤ ਸਿੰਘ ਜੀ.ਕੇ. ਦੇ ਕਾਰਜਕਾਲ ਵਿਚ ਬਾਲਾ ਸਾਹਿਬ ਹਸਪਤਾਲ ਨੂੰ ਰੋਕਣ ਵਾਸਤੇ ਯਤਨ ਕੀਤੇ ਗਏ ਜਦੋਂ ਕਿ ਮੌਜੂਦਾ ਟੀਮ ਨੇ ਆ ਕੇ ਬਾਲਾ ਜੀ ਸਾਹਿਬ ਹਸਪਤਾਲ ਚਾਲੂ ਕੀਤਾ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਪ੍ਰਧਾਨ ਰਹਿੰਦਿਆਂ ਜਿਹੜੇ ਕੁਕਰਮ ਕੀਤੇ ਤੇ ਸੰਗਤ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਕੀਤੀ, ਉਸਦੀ ਇਕ ਮੋਟੀ ਫਾਈਲ ਸਾਡੇ ਕੋਲ ਮੌਜੂਦ ਹੈ ਜਦੋਂ ਮਨਜੀਤ ਸਿੰਘ ਜੀ.ਕੇ. ਚਾਹੁਣਗੇ, ਅਸੀਂ ਇਸਦੇ ਸਾਰੇ ਤੱਥ ਜਨਤਕ ਕਰਨ ਵਾਸਤੇ ਤਿਆਰ ਹਾਂ ਭਾਵੇਂ ਇਸ ਵਿਚ ਇਕ ਲੱਖ ਡਾਲਰ ਦਾ ਘਪਲਾ ਹੋਵੇ, ਪੁਸਤਕਾਂ ਦੀ ਪ੍ਰਕਾਸ਼ਨਾ ਦੇ ਮਾਮਲੇ ਦੇ ਘੁਟਾਲੇ ਹੋਵੇ ਜਾਂ ਫਿਰ ਹੋਰ ਘੁਟਾਲੇ ਹੋਣ ਸਾਰੇ ਘੁਟਾਲਿਆਂ ਦੀ ਫਾਈਲ ਮੌਜੂਦ ਹੈ। ਉਹਨਾਂ ਕਿਹਾ ਕਿ ਜੀ.ਕੇ. ਕਮੇਟੀ ਦੇ ਇਕਲੌਤੇ ਤੇ ਅਜਿਹੇ ਪਹਿਲੇ ਪ੍ਰਧਾਨ ਹਨ ਜੋ ਗੁਰੂ ਕੀ ਗੋਲਕ ਦੇ ਪੈਸੇ ਦੀ ਹੇਰਾ ਫੇਰੀ ਦੇ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਜੀ.ਕੇ. ਨੂੰ ਅਪੀਲ ਕੀਤੀ ਸੀ‌ ਕਿ ਉਹ ਸੰਗਤ ਦੀ ਗੋਲਕ ਦੇ ਪੈਸੇ ਦਾ ਹਿਸਾਬ ਦੇ ਦੇਣ ਪਰ ਉਹਨਾਂ ਜਵਾਬ ਦਿੱਤਾ ਕਿ ਉਹ ਅਦਾਲਤ ਵਿਚ ਹੀ ਜਵਾਬ ਦੇਣਗੇ ਤੇ ਪਿਛਲੇ 7 ਸਾਲਾਂ ਤੋਂ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਉਹਨਾਂ ਮੁੜ ਦੁਹਰਾਇਆ ਕਿ ਮੌਜੂਦਾ ਟੀਮ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ ਤੇ ਹਰ ਹਾਲਤ ਵਿਚ ਸੰਗਤ ਦੇ ਸਹਿਯੋਗ ਨਾਲ ਸੰਗਤ ਦੀ ਸੇਵਾ ਵਾਸਤੇ ਕੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।


author

Sandeep Kumar

Content Editor

Related News