ਜਲੰਧਰ 'ਚ ਸ਼ਾਂਤੀਪੂਰਨ ਖਤਮ ਹੋਈਆਂ ਪੰਚਾਇਤੀ ਚੋਣਾਂ
Sunday, Dec 30, 2018 - 05:40 PM (IST)
ਜਲੰਧਰ,(ਰਵਿੰਦਰ)— ਜ਼ਿਲਾ ਪ੍ਰਸ਼ਾਸਨ ਵਲੋਂ ਕੀਤੇ ਗਏ ਵਿਆਪਕ ਪ੍ਰਬੰਧਾਂ ਕਾਰਨ ਜ਼ਿਲੇ 'ਚ ਪੰਚਾਇਤੀ ਚੋਣਾਂ ਅਮਨ ਤੇ ਸ਼ਾਂਤੀ ਨਾਲ ਖਤਮ ਹੋਈਆਂ ਹਨ। ਜਲੰਧਰ 'ਚ ਕੁੱਲ 75.21 ਫੀਸਦੀ ਪੋਲਿੰਗ ਹੋਈ। ਏ. ਡੀ. ਸੀ. ਜਤਿੰਦਰ ਜਰੇਵਾਲ ਨੇ ਦੱਸਿਆ ਕਿ ਜ਼ਿਲੇ 'ਚ ਸਾਰੇ 11 ਬਲਾਕਾਂ 'ਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਰਿਹਾ ਅਤੇ ਕਿਸੇ ਜਗ੍ਹਾ 'ਤੇ ਕੋਈ ਹਿੰਸਕ ਘਟਨਾ ਦੀ ਜਾਣਕਾਰੀ ਨਹੀਂ ਹੈ। ਸਾਰੇ ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ। ਭਾਰੀ ਠੰਡ ਦੇ ਬਾਵਜੂਦ ਵੀ ਵੋਟਰਾਂ 'ਚ ਚੋਣਾਂ ਪ੍ਰਤੀ ਖਾਸ ਉਤਸ਼ਾਹ ਸੀ।
ਨਤੀਜੇ ਵੀ ਸ਼ਾਮ ਨੂੰ ਹੀ ਐਲਾਨੇ ਗਏ। ਪੋਲਿੰਗ ਸਟਾਫ ਵਲੋਂ ਸੋਮਵਾਰ ਨੂੰ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਇਸ ਦੌਰਾਨ ਮਰਦਾਂ ਦੇ ਮੁਕਾਬਲੇ ਔਰਤ ਵੋਟਰਾਂ 'ਚ ਚੋਣਾਂ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜ਼ਿਲੇ 'ਚ ਆਦਮਪੁਰ, ਜਲੰਧਰ ਈਸਟ, ਜਲੰਧਰ ਵੈਸਟ, ਭੋਗਪੁਰ, ਨਕੋਦਰ, ਮਹਿਤਪੁਰ, ਲੋਹੀਆਂ, ਸ਼ਾਹਕੋਟ, ਫਿਲੌਰ, ਨੂਰਮਹਿਲ ਤੇ ਰੁੜਕਾ ਕਲਾਂ ਬਲਾਕ 'ਚ ਪੰਚਾਇਤੀ ਚੋਣਾਂ ਲਈ ਐਤਵਾਰ ਨੂੰ ਵੋਟ ਪਾਏ ਗਏ। ਦੁਪਹਿਰ 2 ਵਜੇ ਤੱਕ ਸਭ ਤੋਂ ਜ਼ਿਆਦਾ 64.22 ਫੀਸਦੀ ਪੋਲਿੰਗ ਲੋਹੀਆਂ ਬਲਾਕ 'ਚ ਸੀ, ਜਦ ਕਿ ਸਭ ਤੋਂ ਘੱਟ ਮਤਦਾਨ 20 ਫੀਸਦੀ ਸ਼ਾਹਕੋਟ ਬਲਾਕ 'ਚ ਹੋਇਆ।
ਪੋਲਿੰਗ ਸਟਾਫ ਨੂੰ ਰਹੇਗੀ ਸੋਮਵਾਰ ਛੁੱਟੀ
ਪੰਚਾਇਤੀ ਚੋਣਾਂ 'ਚ ਡਿਊਟੀ ਨਿਭਾਉਣ ਵਾਲੇ ਪੋਲਿੰਗ ਸਟਾਫ ਨੂੰ 31 ਦਸੰਬਰ ਦੀ ਛੁੱਟੀ ਰਹੇਗੀ। ਪੋਲਿੰਗ ਬੂਥ 'ਤੇ ਤਾਇਨਾਤ ਡਿਊਟੀ ਸਟਾਫ ਤੇ ਰਿਜ਼ਰਵ ਸਟਾਫ ਨੂੰ ਸੋਮਵਾਰ ਨੂੰ ਡੀ. ਸੀ. ਨੇ ਛੁੱਟੀ ਦਾ ਐਲਾਨ ਕੀਤਾ ਹੈ।
ਕਿਹੜੇ ਬਲਾਕ 'ਚ ਕਿੰਨੀ ਹੋਈ ਪੋਲਿੰਗ
-ਮਹਿਤਪੁਰ ਬਲਾਕ 'ਚ ਸਭ ਤੋਂ ਜ਼ਿਆਦਾ 80.20 ਫੀਸਦੀ ਪੋਲਿੰਗ ਹੋਈ।
-ਰੁੜਕਾ ਕਲਾਂ ਬਲਾਕ 'ਚ ਸਭ ਤੋਂ ਘੱਟ 71.87 ਫੀਸਦੀ।
- ਆਦਮਪੁਰ ਬਲਾਕ 'ਚ 74.94 ਫੀਸਦੀ।
-ਜਲੰਧਰ ਈਸਟ ਬਲਾਕ 'ਚ 74.40 ਫੀਸਦੀ।
-ਭੋਗਪੁਰ 'ਚ 77.08 ਫੀਸਦੀ।
-ਜਲੰਧਰ ਪੱਛਮੀ 'ਚ 75.24 ਫੀਸਦੀ।
-ਲੋਹੀਆਂ ਖਾਸ 'ਚ 77.94 ਫੀਸਦੀ।
-ਨੂਰਮਹਿਲ 'ਚ 78.62 ਫੀਸਦੀ।
-ਫਿਲੌਰ 'ਚ 73.24 ਫੀਸਦੀ।
-ਸ਼ਾਹਕੋਟ 'ਚ 73.69 ਫੀਸਦੀ।
-ਨਕੋਦਰ 'ਚ 77.65 ਫੀਸਦੀ।