ਪੰਚਾਇਤੀ ਚੋਣਾਂ ''ਚ ਕਰਨੀ ਸੀ ਸ਼ਰਾਬ ਸਪਲਾਈ, ਚੜ੍ਹੇ ਪੁਲਸ ਦੇ ਹੱਥੇ
Monday, Dec 24, 2018 - 01:45 PM (IST)

ਭਵਾਨੀਗੜ੍ਹ (ਵਿਕਾਸ) : ਪੁਲਸ ਨੇ ਪੰਚਾਇਤੀ ਚੋਣਾਂ ਦੌਰਾਨ ਭਵਾਨੀਗੜ੍ਹ ਇਲਾਕੇ 'ਚ ਸਪਲਾਈ ਕਰਨ ਲਈ ਕਾਰ 'ਚ ਲਿਆਂਦੀ ਜਾ ਰਹੀ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਆਈ. ਰਜਿੰਦਰ ਕੌਰ ਨੇ ਦੱਸਿਆ ਕਿ ਭੱਟੀਵਾਲ ਖੁਰਦ ਨਹਿਰ ਪੁੱਲ 'ਤੇ ਏ. ਐੱਸ. ਆਈ. ਜਰਨੈਲ ਸਿੰਘ ਨੇ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ 'ਤੇ ਰੋਕ ਕੇ ਇੱਕ ਮਹਿੰਦਰਾ ਐਕਸਯੂਵੀ ਗੱਡੀ ਨੂੰ ਚੈੱਕ ਕੀਤਾ। ਉਸ ਉਪਰੰਤ ਪੁਲਸ ਨੂੰ ਗੱਡੀ 'ਚੋਂ 840 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਹੋਈਆਂ।
ਪੁਲਸ ਨੇ ਸ਼ਰਾਬ ਸਣੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਦੋਵੇਂ ਕਾਰ ਸਵਾਰਾਂ ਕੁਲਵੰਤ ਸਿੰਘ ਉਰਫ ਕਾਲਾ ਵਾਸੀ ਦਿਲਾਵਰਪੁਰ (ਪਟਿਆਲਾ) ਅਤੇ ਅਮ੍ਰਿਤਪਾਲ ਸਿੰਘ ਉਰਫ ਬਿੱਟੂ ਵਾਸੀ ਹਿਰਦਾਪੁਰ (ਪਟਿਆਲਾ) ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ। ਪੁਲਸ ਮੁਤਾਬਕ ਕਾਬੂ ਕੀਤੇ ਦੋਵੇਂ ਮੁਲਜਮਾਂ ਨੇ ਮੁੱਢਲੀ ਪੜਤਾਲ ਦੌਰਾਨ ਮੰਨਿਆ ਹੈ ਕਿ ਉਹ ਇਹ ਸ਼ਰਾਬ ਪੰਚਾਇਤੀ ਚੌਣਾਂ ਦੇ ਮੱਦੇਨਜਰ ਇਲਾਕੇ ਦੇ ਪਿੰਡਾਂ 'ਚ ਸਸਤੇ ਭਾਅ 'ਤੇ ਵੇਚਣ ਲਈ ਹਰਿਆਣੇ ਤੋਂ ਲਿਆਏ ਸਨ। ਪੁਲਸ ਨੇ ਸੋਮਵਾਰ ਨੂੰ ਦੋਵੇਂ ਮੁਲਜਮਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ।