ਪੰਚਾਇਤੀ ਵਿਭਾਗ ਦੀ ਸੈਂਕੜੇ ਏਕੜ ਜ਼ਮੀਨ ''ਤੇ ਨਾਜਾਇਜ਼ ਕਬਜ਼ਾ, ਸਰਕਾਰ ਨੂੰ ਲਾਇਆ ਕਰੋੜਾਂ ਦਾ ਚੂਨਾ
Tuesday, Feb 20, 2018 - 01:50 AM (IST)

ਸ੍ਰੀ ਹਰਗੋਬਿੰਦਪੁਰ/ਘੁਮਾਣ, (ਰਮੇਸ਼)- ਗੁਰਦਾਸਪੁਰ ਜ਼ਿਲੇ ਦੇ ਪਿੰਡ ਔਲਖ ਕਲਾਂ 'ਚ ਪੰਚਾਇਤੀ ਵਿਭਾਗ ਦੀ ਸੈਂਕੜੇ ਏਕੜ ਜ਼ਮੀਨ 'ਤੇ ਲੋਕਾਂ ਵੱਲੋਂ ਵਰ੍ਹਿਆਂ ਤੋਂ ਨਾਜਾਇਜ਼ ਕਬਜ਼ਾ ਕਰ ਕੇ ਸਰਕਾਰ ਤੇ ਪੰਚਾਇਤੀ ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਪਰ ਇਸ ਵੱਲ ਵਿਭਾਗ ਧਿਆਨ ਨਹੀਂ ਦੇ ਰਿਹਾ।
ਇਸ ਸੰਬੰਧੀ ਬਸੰਤ ਸਿੰਘ ਫੌਜੀ ਤੇ ਸੋਹਣ ਸਿੰਘ ਫ਼ੌਜੀ ਦੋਵੇਂ ਵਾਸੀ ਔਲਖ ਕਲਾਂ ਨੇ ਦੱਸਿਆ ਕਿ ਉਨ੍ਹਾਂ ਪਿੰਡ ਦੀ 25 ਏਕੜ ਪੰਚਾਇਤੀ ਜ਼ਮੀਨ ਠੇਕੇ 'ਤੇ ਲੈਣ ਲਈ 7 ਜੁਲਾਈ 2017 ਨੂੰ ਡੀ. ਡੀ. ਪੀ. ਓ. ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ 'ਚ ਨਿਯਮ ਅਨੁਸਾਰ ਬੋਲੀ ਦਿੱਤੀ। ਇਸ ਮੌਕੇ ਕੁੱਲ 112 ਏਕੜ ਜ਼ਮੀਨ ਦੀ ਬੋਲੀ ਹੋਈ ਸੀ, ਜਿਸ ਵਿਚ ਉਨ੍ਹਾਂ ਨੂੰ 35 ਏਕੜ ਜ਼ਮੀਨ ਪ੍ਰਾਪਤ ਹੋਈ ਤੇ ਬਾਕੀ ਰਹਿੰਦੀ 82 ਏਕੜ ਜ਼ਮੀਨ ਵੱਖ-ਵੱਖ ਕਿਸਾਨਾਂ ਨੇ ਠੇਕੇ 'ਤੇ ਲੈ ਲਈ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਲਈ ਗਈ ਜ਼ਮੀਨ ਤੋਂ ਪਹਿਲਾਂ ਕਾਸ਼ਤਕਾਰ ਨੇ ਗੰਨੇ ਦੀ ਫਸਲ ਕੱਟ ਲਈ ਤੇ ਅਸੀਂ ਮੁੜ ਕਮਾਦ ਦੀ ਕਾਸ਼ਤ ਕੀਤੀ ਪਰ ਜਦੋਂ ਕਟਾਈ ਦਾ ਸਮਾਂ ਆਇਆ ਤਾਂ ਪਹਿਲਾਂ ਇਕ ਨਾਜਾਇਜ਼ ਕਬਜ਼ਾਧਾਰਕ ਨੇ ਪੁਲਸ ਦੀ ਮਿਲੀਭੁਗਤ ਨਾਲ ਕਟਾਈ ਸ਼ੁਰੂ ਕਰ ਦਿੱਤੀ, ਜਿਸ ਨੂੰ ਅਸੀਂ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਦਰਖਾਸਤ ਦੇ ਕੇ ਰੁਕਵਾਇਆ ਪਰ ਸਿਆਸੀ ਦਬਾਅ ਹੇਠ ਦੋ ਪੁਲਸ ਅਧਿਕਾਰੀਆਂ ਦੀ ਬਦਲੀ ਕਰਵਾ ਕੇ ਨਾਜਾਇਜ਼ ਕਬਜ਼ਾਧਾਰਕਾਂ ਨੇ ਕਮਾਦ ਦੀ ਕਟਾਈ ਕਰਵਾ ਲਈ, ਜਿਸ ਸੰਬੰਧੀ ਅਸੀਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਅਦਾਲਤ ਨੇ ਸੰਬੰਧਤ ਵਿਭਾਗ ਨੂੰ ਕਾਰਵਾਈ ਕਰਨ ਲਈ ਕਿਹਾ। ਵਿਭਾਗ ਦੀ ਨੀਂਦ ਖੁੱਲ੍ਹੀ ਤਾਂ ਐੱਸ. ਐੱਸ. ਪੀ. ਬਟਾਲਾ ਨੂੰ ਕਾਰਵਾਈ ਕਰਨ ਲਈ ਕਿਹਾ ਤੇ 12 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਪਰ ਕੋਈ ਕਾਰਵਾਈ ਹੋਣ ਦੀ ਬਜਾਏ ਪੁਲਸ ਨੇ ਉਕਤ ਵਿਅਕਤੀਆਂ 'ਤੇ ਧਾਰਾ 379 ਵੀ ਖਤਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੇ ਵੱਲੋਂ ਵਿਭਾਗ ਨੂੰ ਜਮ੍ਹਾ ਕਰਵਾਈ ਗਈ ਪੰਜ ਲੱਖ ਰੁਪਏ ਦੀ ਰਕਮ ਵਾਪਸ ਹੋਈ ਤੇ ਨਾ ਹੀ ਕੋਈ ਕਾਰਵਾਈ ਹੋਈ।
ਕੀ ਕਹਿਣਾ ਹੈ ਡੀ. ਡੀ. ਪੀ. ਓ. ਦਾ
ਇਸ ਸੰਬੰਧੀ ਡੀ. ਡੀ. ਪੀ. ਓ. ਹਰਜਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਕਤ ਮਾਮਲਾ ਪੰਜਾਬ ਸਰਕਾਰ ਤੇ ਵਿਭਾਗ ਦੇ ਮੰਤਰੀ ਦੇ ਧਿਆਨ 'ਚ ਲਿਆਂਦਾ ਗਿਆ ਹੈ। ਜ਼ਮੀਨ ਦੀ ਨਿਸ਼ਾਨਦੇਹੀ ਤੇ ਪਲਾਟਾਂ ਦੀ ਵੰਡ ਲਈ ਐੱਸ. ਡੀ. ਐੱਮ. ਤੇ 3 ਬੀ. ਡੀ. ਪੀ. ਓਜ਼ 'ਤੇ ਆਧਾਰਿਤ ਕਮੇਟੀ ਗਠਿਤ ਕੀਤੀ ਗਈ ਹੈ।
ਰਾਜਨੀਤਕ ਆਗੂਆਂ ਦੀ ਸ਼ਹਿ'ਤੇ ਲੋਕਾਂ ਨੇ ਕੀਤੇ ਨਾਜਾਇਜ਼ ਕਬਜ਼ੇ : ਅਮਰਪਾਲ ਸਿੰਘ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਰਪਾਲ ਸਿੰਘ ਕਹਿਣਾ ਹੈ ਕਿ ਇਹ ਮਾਮਲਾ ਉਕਤ ਦੋ ਕਿਸਾਨਾਂ ਨਾਲ ਧੱਕੇਸ਼ਾਹੀ ਹੋਣ ਪਿੱਛੋਂ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਇਨਸਾਫ ਲਈ ਹਾਈਕੋਰਟ ਦਾ ਸਹਾਰਾ ਲੈਣਾ ਪਿਆ।
ਰਾਜਨੀਤਕ ਆਗੂਆਂ ਦੀ ਸ਼ਹਿ 'ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਹੋਰ ਵੀ ਬਹੁਤ ਸਾਰੇ ਪਿੰਡ ਹਨ, ਜਿਥੇ ਲੋਕਾਂ ਨੇ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ 'ਤੇ ਕਬਜ਼ੇ ਕੀਤੇ ਹੋਏ ਹਨ, ਜਿਸ ਸੰਬੰਧੀ ਆਰ. ਟੀ. ਆਈ. ਐਕਟ ਅਧੀਨ ਸੰਬੰਧਤ ਵਿਭਾਗ ਵੱਲੋਂ ਰਿਕਾਰਡ ਮੰਗਿਆ ਗਿਆ ਹੈ।