ਪੁਲਵਾਮਾ ਹਮਲਾ : ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਦੇਵੇਗੀ 12-12 ਲੱਖ ਤੇ ਸਰਕਾਰੀ ਨੌਕਰੀ

Saturday, Feb 16, 2019 - 01:19 AM (IST)

ਪੁਲਵਾਮਾ ਹਮਲਾ : ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਦੇਵੇਗੀ 12-12 ਲੱਖ ਤੇ ਸਰਕਾਰੀ ਨੌਕਰੀ

ਚੰਡੀਗੜ੍ਹ/ਜਲੰਧਰ, 15 ਫਰਵਰੀ (ਧਵਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਚ ਸ਼ਹੀਦ ਹੋਏ ਪੰਜਾਬ ਨਾਲ ਸਬੰਧ ਰੱਖਦੇ 4 ਸੀ. ਆਰ. ਪੀ. ਐੱਫ. ਜਵਾਨਾਂ ਨੂੰ 12-12 ਲੱਖ ਦੀ ਵਿੱਤੀ ਮਦਦ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪ੍ਰੈੱਸ ਨੋਟਿਸ ਵਿਚ ਦੱਸਿਆ ਕਿ ਪੁਲਵਾਮਾ ਵਿਚ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿਚ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ ਤੇ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਸਰਕਾਰ ਦਾ ਫਰਜ਼ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਸ਼ਹੀਦ ਹੋਣ ਵਾਲੇ ਜਵਾਨਾਂ ’ਚ ਰੋਪੜ ਜ਼ਿਲੇ ਨਾਲ ਸਬੰਧ ਰੱਖਦੇ ਕੁਲਵਿੰਦਰ ਸਿੰਘ, ਤਰਨਤਾਰਨ ਨਾਲ ਸਬੰਧ ਰੱਖਦੇ ਸੁਖਜਿੰਦਰ ਸਿੰਘ, ਮੋਗਾ ਨਾਲ ਸਬੰਧ ਰੱਖਦੇ ਜੈਮਲ ਸਿੰਘ ਤੇ ਦੀਨਾਨਗਰ ਨਾਲ ਸਬੰਧ ਰੱਖਦੇ ਮਨਜਿੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ਦੁੱਖ ਦੀ ਇਸ ਘੜੀ ਵਿਚ ਪੰਜਾਬ ਸਰਕਾਰ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਪੂਰਾ ਸਹਿਯੋਗ ਤੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਪਰਿਵਾਰਾਂ ਨਾਲ ਖੜ੍ਹੇ ਹਨ।

ਸ਼ਹੀਦਾਂ ਨੂੰ ਸਰਕਾਰੀ ਮਾਣ ਸਨਮਾਨ ਨਾਲ ਅੰਤਿਮ ਵਿਦਾਇਗੀ ਦੇਣ ਦਾ ਫੈਸਲਾ

ਓਧਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਪੁਲਵਾਮਾ ਸ਼ਹੀਦਾਂ ਨੂੰ ਸਰਕਾਰੀ ਮਾਣ ਸਨਮਾਨ ਨਾਲ ਅੰਤਿਮ ਵਿਦਾਇਗੀ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸ਼ਹੀਦਾਂ ਦੇ ਜੱਦੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰਾਂ ਨੂੰ ਸ਼ਹੀਦਾਂ ਦੇ ਅੰਤਿਮ ਸੰਸਕਾਰ ਮੌਕੇ ‘ਗਾਰਡ ਆਫ਼ ਆਨਰ’ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।


author

DILSHER

Content Editor

Related News