ਭਾਰਤੀ ਖੇਤਰ 'ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਫਾਈਰਿੰਗ ਕਰਕੇ ਡੇਗਿਆ
Thursday, Dec 22, 2022 - 09:56 AM (IST)
ਖੇਮਕਰਨ (ਰਮਨ,ਸੋਨੀਆ) - ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਆਏ ਦਿਨ ਡਰੋਨ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਕੜੀ ਤਹਿਤ ਬੀਤੀ ਦੇਰ ਰਾਤ ਭਾਰਤੀ ਖੇਤਰ ਵਿਚ ਪਾਕਿਸਤਾਨੀ ਡਰੋਨ ਨੇ ਇਕ ਵਾਰ ਫਿਰ ਤੋਂ ਦਸਤਕ ਦਿੱਤੀ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਤਰਨਤਾਰਨ ਜ਼ਿਲ੍ਹੇ ਦੇ ਫ਼ਿਰੋਜ਼ਪੁਰ ਸੈਕਟਰ ਵਿੱਚ ਹਰਭਜਨ ਸਰਹੱਦੀ ਚੌਕੀ ਨੇੜੇ ਬੁੱਧਵਾਰ ਰਾਤ ਅੱਠ ਵਜੇ ਦੇ ਕਰੀਬ ਮਨੁੱਖ ਰਹਿਤ ਡਰੋਨ ਦਾਖ਼ਲ ਹੋ ਗਿਆ, ਜਿਸ ਦੀ ਅਵਾਜ਼ ਸੁਣਦੇ ਸਾਰ ਹੀ ਸਰਹੱਦ ਉਪਰ ਤਾਇਨਾਤ ਬੀ. ਐੱਸ. ਐੱਫ. ਹਰਕਤ ਵਿੱਚ ਆ ਗਈ। ਸਰਹੱਦ ਨੂੰ ਪਾਰ ਕਰਨ ਵਾਲੇ ਡਰੋਨ ਉਪਰ ਬੀ.ਐੱਸ.ਐੱਫ. ਵੱਲੋਂ ਕਰੀਬ 4 ਦਰਜਨ ਰੌਂਦ ਫਾਇਰਿੰਗ ਕਰਦੇ ਹੋਏ 1 ਈਲੂ ਬੰਬ ਵੀ ਚਲਾਇਆ ਗਿਆ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਡਰੋਨ ਇੱਕ ਖੇਤ ਵਿੱਚ ਪਿਆ ਮਿਲਿਆ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਤਲਾਸ਼ ਕੀਤੀ ਜਾ ਰਹੀ ਹੈ ਕਿ ਕਿਤੇ ਡਰੋਨ ਤੋਂ ਕੋਈ ਖੇਪ ਸੁੱਟੀ ਗਈ ਹੈ। ਡਰੋਨ ਦੀ ਹਾਲਤ ਬਹੁਤ ਖ਼ਰਾਬ ਹੈ।ਟੁੱਟੇ ਹੋਏ ਡਰੋਨ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਸਰਚ ਆਪਰੇਸ਼ਨ ਜਾਰੀ ਹੈ। ਇਥੇ ਜ਼ਿਕਰਯੋਗ ਹੈ ਕਿ ਖੇਮਕਰਨ ਹਲਕੇ ਦੇ ਸਰਹੱਦੀ ਇਲਾਕੇ 'ਚੋਂ ਮਿਲਨ ਵਾਲਾ ਇਹ ਛੇਵਾਂ ਡਰੋਨ ਹੈ।