ਪਾਕਿ ’ਚ 2 ਸਿੱਖਾਂ ਦੇ ਕਤਲ ਦੀ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ, ਕਹੀਆਂ ਇਹ ਗੱਲਾਂ (ਵੀਡੀਓ)

Monday, May 16, 2022 - 01:19 AM (IST)

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਦੇ ਪੇਸ਼ਾਵਰ ’ਚ 2 ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਤੇ ਕੁਲਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਬਹੁਤ ਹੀ ਮੰਦਭਾਗੀ ਸੂਚਨਾ ਮਿਲੀ ਹੈ ਕਿ ਪੇਸ਼ਾਵਰ ਤੋਂ 20 ਕਿਲੋਮੀਟਰ ਦੂਰ ਖੈਬਰ-ਪਖਤੂਨਖਵਾ ਖੇਤਰ 'ਚ 2 ਸਿੱਖ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਘਟਨਾ ਨੇ ਸਿੱਖਾਂ ਦੇ ਮਨਾਂ ਨੂੰ ਬਹੁਤ ਭਾਰੀ ਠੇਸ ਪਹੁੰਚਾਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਅੰਦਰ ਪਿਛਲੇ ਸਮੇਂ ਦੌਰਾਨ ਸਿੱਖਾਂ ’ਤੇ ਕਈ ਵਾਰ ਹਮਲੇ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਸਮਾਜ ’ਚੋਂ ਭ੍ਰਿਸ਼ਟਾਚਾਰ, ਨਸ਼ੇ, ਕੰਨਿਆ ਭਰੂਣ ਹੱਤਿਆ ਤੇ ਅਨਪੜ੍ਹਤਾ ਦਾ ਖਾਤਮਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਹਰਜੋਤ ਬੈਂਸ

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਕਿ ਉਹ ਕਿਹੜੀਆਂ ਏਜੰਸੀਆਂ ਹਨ, ਜਿਹੜੀਆਂ ਪਾਕਿਸਤਾਨ 'ਚ ਇਸ ਤਰ੍ਹਾਂ ਸਿੱਖਾਂ ਨੂੰ ਟਾਰਗੈੱਟ ਕਰ ਰਹੀਆਂ ਹਨ। ਉਨ੍ਹਾਂ ਘਟਨਾ ਬਾਰੇ ਅੱਗੇ ਕਿਹਾ ਕਿ ਉਨ੍ਹਾਂ ਦੀ ਪੇਸ਼ਾਵਰ ਵਿਖੇ ਤੇ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਹੈ ਤੇ ਉਨ੍ਹਾਂ ਨੇ ਵੀ ਇਸ ਘਟਨਾ ਬਾਰੇ ਦੱਸਿਆ ਹੈ ਕਿ ਇਹ ਟਾਰਗੈੱਟ ਕਿਲਿੰਗ ਘਟਨਾ ਹੈ ਪਰ ਪਾਕਿ ਸਰਕਾਰ ਵੱਲੋਂ ਅਜੇ ਕੋਈ ਅਧਿਕਾਰਕ ਬਿਆਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ।

ਇਹ ਵੀ ਪੜ੍ਹੋ : ਭਾਕਿਯੂ ਦੇ ਦੋਫਾੜ ਹੋਣ 'ਤੇ ਭੜਕੇ ਰਾਕੇਸ਼ ਟਿਕੈਤ, ਕਿਹਾ- ਸਰਕਾਰ ਆਪਣੇ ਮਨਸੂਬਿਆਂ 'ਚ ਹੋ ਰਹੀ ਕਾਮਯਾਬ

ਉਨ੍ਹਾਂ ਸਿੱਖਾਂ ਦੇ ਕਤਲ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਤੋਂ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਪਤਾ ਕੀਤਾ ਜਾਵੇ ਕਿ ਉਹ ਕਿਹੜੀਆਂ ਤਾਕਤਾਂ ਹਨ, ਜੋ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਸਿੱਖਾਂ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੀ ਦੁੱਖਦਾਈ ਹਨ। ਉਨ੍ਹਾਂ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦੇ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਿਛੜੀਆਂ ਰੂਹਾਂ ਨਾਲ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। 

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News