ਪਾਕਿ ਵਲੋਂ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਦੀ ਸ਼ਰਤ ਹਟਾਉਣਾ ਸ਼ਲਾਘਾਯੋਗ : ਕੈਪਟਨ

Sunday, Jul 14, 2019 - 09:21 PM (IST)

ਪਾਕਿ ਵਲੋਂ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਦੀ ਸ਼ਰਤ ਹਟਾਉਣਾ ਸ਼ਲਾਘਾਯੋਗ : ਕੈਪਟਨ

ਚੰਡੀਗੜ (ਅਸ਼ਵਨੀ)-ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਉਨ੍ਹਾਂ ਵਲੋਂ ਕੀਤੀ ਮੰਗ ਮੁਤਾਬਕ ਇਤਿਹਾਸਕ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਸਿਸਟਮ ਦੀ ਸ਼ਰਤ ਨੂੰ ਹਟਾਉਣ ਲਈ ਪਾਕਿਸਤਾਨ ਵਲੋਂ ਕੀਤੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਸਪੋਰਟ ਦੀ ਸ਼ਰਤ ਵੀ ਹਟਾਉਣ ਦੀ ਅਪੀਲ ਕੀਤੀ ਤਾਂ ਕਿ ਸੂਬੇ ਦੇ ਪੇਂਡੂ ਇਲਾਕਿਆਂ ਤੋਂ ਵੀ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਸਹੂਲਤ ਹਾਸਲ ਹੋ ਸਕੇ।

ਇਥੋਂ ਜਾਰੀ ਇਕ ਬਿਆਨ 'ਚ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਵਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਹੋਰ ਮੰਗਾਂ ਨੂੰ ਵੀ ਪ੍ਰਵਾਨ ਕਰਵਾਉਣ ਲਈ ਭਾਰਤ ਸਰਕਾਰ ਵਲੋਂ ਪਾਕਿਸਤਾਨ 'ਤੇ ਜ਼ੋਰ ਪਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਆਪਣੇ ਮੂਲ ਪ੍ਰਸਤਾਵ ਮੁਤਾਬਕ 500 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦੇਣ ਦੀ ਥਾਂ ਪਾਕਿਸਤਾਨ ਨੇ ਹੁਣ ਇਕ ਦਿਨ ਵਿਚ 5000 ਸ਼ਰਧਾਲੂਆਂ ਦੇ ਜਾਣ ਨੂੰ ਸਹਿਮਤੀ ਦੇ ਦਿੱਤੀ ਹੈ ਪਰ ਦੁਨੀਆ ਭਰ ਤੋਂ ਦਰਸ਼ਨਾਂ ਲਈ ਆਉਣ ਵਾਲੇ ਸਿੱਖਾਂ ਅਤੇ ਹੋਰ ਸ਼ਰਧਾਲੂਆਂ ਦੀ ਵੱਡੀ ਮੰਗ ਦੀ ਆਸ ਦੇ ਮੱਦੇਨਜ਼ਰ ਘੱਟੋ-ਘੱਟ ਵਿਸ਼ੇਸ਼ ਮੌਕਿਆਂ 'ਤੇ ਸ਼ਰਧਾਲੂਆਂ ਦੇ ਜਾਣ ਦੀ ਗਿਣਤੀ ਵਧਾਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਵਲੋਂ ਓ.ਸੀ.ਆਈ. ਅਤੇ ਪੀ.ਆਈ.ਓ. ਕਾਰਡ ਹੋਲਡਰਾਂ ਨੂੰ ਇਜ਼ਾਜਤ ਦੇਣ ਦੀ ਵੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਰਾਵੀ ਦਰਿਆ 'ਤੇ ਪੁਲ ਦੀ ਉਸਾਰੀ ਕਰਨ ਲਈ ਭਾਰਤ ਦੀ ਮੰਗ 'ਤੇ ਸਹਿਮਤੀ ਪ੍ਰਗਟਾਉਣ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਗਾਂਹ ਵਧੂ ਕਦਮ ਦੱਸਿਆ ਪਰ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਲੋਂ ਰੱਖੀਆਂ ਗਈਆਂ ਹੋਰ ਮੰਗਾਂ 'ਤੇ ਸਹਿਮਤੀ ਬਣਾਉਣ ਲਈ ਪਾਕਿਸਤਾਨ ਨਾਲ ਤਾਲਮੇਲ ਅਤੇ ਸੰਪਰਕ ਬਣਾਇਆ ਜਾਵੇ।


author

Karan Kumar

Content Editor

Related News