ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਤੇ ਹਥਿਆਰਾਂ ਸਣੇ ਤਸਕਰ ਗ੍ਰਿਫਤਾਰ
Wednesday, Jan 01, 2020 - 06:43 PM (IST)

ਅੰਮ੍ਰਿਤਸਰ (ਸੰਜੀਵ) : ਪੰਜਾਬ ਦੇ ਖੂਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਦੇ ਡੀ. ਐੱਸ. ਪੀ ਬਲਬੀਰ ਸਿੰਘ ਦੀ ਟੀਮ ਵਲੋਂ ਕੀਤੇ ਗਏ ਇਕ ਆਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਸਣੇ ਸਮੱਗਲਰ ਭਲਵਾਨ ਸਿੰਘ ਵਾਸੀ ਅਲੀ ਕੇ ਅਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਤਸਕਰ ਦੇ ਕਬਜ਼ੇ 'ਚੋਂ ਦੋ ਪਿਸਤੌਲ, ਦੋ ਮੈਗਜ਼ੀਨ, ਪੰਜ ਰੋਂਦ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ।
ਭਲਵਾਨ ਸਿੰਘ ਫਿਰੋਜ਼ਪੁਰ ਸੈਕਟਰ ਤੋਂ ਲਿਆਂਦੀ ਇਸ ਹੈਰੋਇਨ ਨੂੰ ਅੰਮ੍ਰਿਤਸਰ ਸਪਲਾਈ ਕਰਨ ਲਈ ਆ ਰਿਹਾ ਸੀ ਜਦਕਿ ਇਨਪੁਟ ਦੇ ਆਧਾਰ 'ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਉਸ ਨੂੰ ਜੀ. ਟੀ. ਰੋਡ 'ਤੇ ਸਥਿਤ ਇਕ ਵੱਡੇ ਸ਼ਾਪਿੰਗ ਮਾਲ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਭਲਵਾਨ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਲਿਆ ਜਾਵੇਗਾ।