ਪਾਕਿਸਤਾਨ ’ਚ ਨਨਕਾਣਾ ਸਾਹਿਬ ਨੇੜੇ ਗ੍ਰੰਥੀ ਸਿੰਘ ਦੀ ਧੀ ਦਾ ਧਰਮ ਕਰਵਾਇਆ ਜ਼ਬਰੀ ਤਬਦੀਲ
Thursday, Aug 29, 2019 - 08:17 PM (IST)
ਜਲੰਧਰ/ਨਵੀਂ ਦਿੱਲੀ, (ਚਾਵਲਾ)-ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਮੰਦਭਾਗੀ ਘਟਨਾ ਵਾਪਰੀ ਹੈ, ਉਥੇ ਇਕ 18 ਸਾਲਾ ਦੀ ਬੇਟੀ ਜਗਜੀਤ ਕੌਰ ਨੂੰ ਜਬਰਨ ਧਰਮ ਬਦਲਣ ਵਾਸਤੇ ਮਜਬੂਰ ਕੀਤਾ ਗਿਆ ਅਤੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰਵਾਇਆ ਗਿਆ। ਇਹ ਲੜਕੀ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਭਗਵਾਨ ਸਿੰਘ ਦੀ ਧੀ ਹੈ। ਇਸ ਘਟਨਾ ਨੂੰ ਲੈ ਕੇ ਸਮੁੱਚੀ ਵਿਸ਼ਵ ਵਿਚ ਸਿੱਖਾਂ ਵਿਚ ਬਹੁਤ ਵੱਡਾ ਰੋਸ ਹੈ ਅਤੇ ਸਿੱਖ ਸੰਗਠਨਾਂ ਦੇ ਸਖ਼ਤ ਪ੍ਰਤੀਕਰਮ ਆ ਰਹੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਇਸਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਹਮੇਸ਼ਾ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਆਵਾਜ਼ ਬੁਲੰਦ ਰੱਖੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਘੱਟ ਗਿਣਤੀ ਵਿਚ ਹਨ ਜਿਥੇ ਉਹਨਾਂ ਨਾਲ ਜਬਰੀ ਧਰਮ ਪਰਿਵਰਤਨ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਥੇ ਅਸੀਂ ਜੋਰਦਾਰ ਤਰੀਕੇ ਨਾਲ ਇਸਦੀ ਨਿੰਦਾ ਕਰਦੇ ਹਾਂ, ਉਥੇ ਹੀ ਅਸੀਂ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਰਾਹੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਖਿਆ ਕਿ ਉਹ ਤੁਰੰਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ। ਉਹਨਾਂ ਕਿਹਾ ਕਿ ਭਾਵੇਂ ਇਹ ਵਿਸ਼ਾ ਦੋ ਮੁਲਕਾਂ ਦੇ ਵਿਚ ਹੈ ਪਰ ਇਹ ਸਿੱਖੀ ਦਾ ਵਿਸ਼ਾ ਹੈ। ਸਿੱਖੀ ਦਾ ਧੁਰਾ ਇਸ ਦੇਸ਼ ਅੰਦਰ ਹੈ, ਇਸ ਲਈ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ਵਿਚ ਕਾਰਵਾਈ ਕਰੇ ਅਤੇ ਫੌਰੀ ਕਦਮ ਚੁੱਕੇ। ਉਥੇ ਦੇ ਸਿੱਖਾਂ ਦੀ ਸੁਰੱਖਿਆ ਵਾਸਤੇ ਸਰਕਾਰ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੋਣ ਦੇ ਨਾਅਤੇ ਉਹ ਦੁਨੀਆਂ ਭਰ ਵਿਚ ਜਿਥੇ ਵੀ ਕਿਸੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।