ਪਾਕਿਸਤਾਨ ਦਾ ਸਾਬਕਾ ਵਿਧਾਇਕ ਪੁੱਜਾ ਪੰਜਾਬ, ਦੱਸੀ ਖੁਦ 'ਤੇ ਹੋਏ ਜ਼ੁਲਮਾਂ ਦੀ ਕਹਾਣੀ

Tuesday, Sep 10, 2019 - 09:30 AM (IST)

ਪਾਕਿਸਤਾਨ ਦਾ ਸਾਬਕਾ ਵਿਧਾਇਕ ਪੁੱਜਾ ਪੰਜਾਬ, ਦੱਸੀ ਖੁਦ 'ਤੇ ਹੋਏ ਜ਼ੁਲਮਾਂ ਦੀ ਕਹਾਣੀ

ਲੁਧਿਆਣਾ : ਪਾਕਿਸਤਾਨ ਆਪਣੀਆਂ ਕਾਲੀਆਂ ਕਰਤੂਤਾਂ 'ਤੇ ਜਿੰਨਾ ਵੀ ਪਰਦਾ ਪਾਵੇ ਪਰ ਸੱਚਾਈ ਸਾਹਮਣੇ ਆ ਹੀ ਜਾਂਦੀ ਹੈ। ਕੁਝ ਅਜਿਹਾ ਹੀ ਖੁਲਾਸਾ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਹਿੰਦੋਸਤਾਨ ਆ ਕੇ ਕੀਤਾ ਹੈ। ਉਨ੍ਹਾਂ ਨੂੰ ਪਾਕਿਸਤਾਨ ਤੋਂ ਆਪਣੀ ਜਾਨ ਬਚਾ ਕੇ ਭਾਰਤ ਆਉਣਾ ਪਿਆ। ਹੁਣ ਉਨ੍ਹਾਂ ਨੇ ਇੱਥੇ ਪੁੱਜ ਕੇ ਸਿਆਸੀ ਸ਼ਰਨ ਮੰਗੀ ਹੈ। ਬਲਦੇਵ ਖੈਬਰ ਪਖਤੂਨ ਖਵਾ ਵਿਧਾਨ ਸਭਾ 'ਚ ਬਾਰੀਕੋਟ (ਰਾਖਵੀਂ) ਸੀਟ ਤੋਂ ਵਿਧਾਇਕ ਰਹੇ ਹਨ। ਉਹ ਸਹਿਜਧਾਰੀ ਸਿੱਖ ਹਨ ਅਤੇ ਉਨ੍ਹਾਂ 'ਤੇ ਪਾਕਿਸਤਾਨ 'ਚ ਇਕ ਹੋਰ ਵਿਧਾਇਕ 'ਤੇ ਕਤਲ ਦਾ ਝੂਠਾ ਦੋਸ਼ ਲਾ ਕੇ ਉਨ੍ਹਾਂ ਨੂੰ 2 ਸਾਲਾਂ ਲਈ ਜੇਲ 'ਚ ਪਾ ਦਿੱਤਾ ਗਿਆ ਸੀ।

PunjabKesari

ਮੀਡੀਆ ਰਿਪੋਰਟ ਮੁਤਾਬਕ ਬਲਦੇਵ (43) ਬੀਤੇ ਮਹੀਨੇ ਲੁਧਿਆਣਾ ਪੁੱਜੇ। ਉਨ੍ਹਾਂ ਦਾ ਪਰਿਵਾਰ ਇਸ ਤੋਂ ਪਹਿਲਾਂ ਹੀ ਇੱਥੇ ਆ ਗਿਆ ਸੀ। ਉਨ੍ਹਾਂ ਨੇ ਭਾਰਤ ਪੁੱਜ ਕੇ ਖੁਲਾਸਾ ਕੀਤਾ ਕਿ 2016 'ਚ ਉਨ੍ਹਾਂ ਦੇ ਵਿਧਾਨ ਸਭਾ ਇਲਾਕੇ ਦੇ ਸਿਟਿੰਗ ਵਿਧਾਇਕ ਸੂਰਣ ਸਿੰਘ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ 'ਤੇ ਕਤਲ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੇਲ 'ਚ ਰੱਖਿਆ ਗਿਆ।

PunjabKesari

ਜਦੋਂ ਉਹ ਇਸ ਮਾਮਲੇ 'ਚ 2018 'ਚ ਬਰੀ ਹੋਏ ਤਾਂ ਉਨ੍ਹਾਂ ਨੂੰ ਪਾਕਿਸਤਾਨ ਸਰਕਾਰ ਨੇ ਭਾਰਤ ਦਾ 3 ਮਹੀਨਿਆਂ ਦਾ ਵੀਜ਼ਾ ਦਿੱਤਾ ਹੈ ਅਤੇ ਉਹ 12 ਅਗਸਤ ਨੂੰ ਅਟਾਰੀ ਬਾਰਡਰ ਤੋਂ ਪੈਦਲ ਭਾਰਤ 'ਚ ਦਾਖਲ ਹੋਏ ਹਨ। 3 ਮਹੀਨਿਆਂ ਦੇ ਵੀਜ਼ੇ 'ਤੇ 12 ਅਗਸਤ ਨੂੰ ਭਾਰਤ ਪੁੱਜੇ ਹਨ। ਬਲਦੇਵ ਦੀ ਪਤਨੀ ਭਾਰਤੀ ਨਾਗਰਿਕ ਹੈ ਅਤੇ ਉਨ੍ਹਾਂ ਦਾ ਵਿਆਹ 2007 'ਚ ਲੁਧਿਆਣਾ ਦੇ ਖੰਨਾ ਦੀ ਰਹਿਣ ਵਾਲੀ ਭਾਵਨਾ ਨਾਲ ਹੋਇਆ ਸੀ।

PunjabKesari

ਉਨ੍ਹਾਂ ਦਾ ਸਹੁਰਾ ਪਰਿਵਾਰ ਸਮਰਾਲਾ ਨੇੜੇ ਮਾਡਲ ਟਾਊਨ 'ਚ ਰਹਿੰਦਾ ਹੈ। ਉਨ੍ਹਾਂ ਦੇ 2 ਬੱਚੇ ਪਾਕਿਸਤਾਨੀ ਨਾਗਰਿਕ ਹਨ। ਉਨ੍ਹਾਂ ਦੀ 10 ਸਾਲਾਂ ਦੀ ਬੇਟੀ ਰੀਆ ਥੈਲੈਸੀਮੀਆ ਦੀ ਮਰੀਜ਼ ਹੈ ਅਤੇ ਉਸ ਦਾ ਹਰ 15 ਦਿਨ ਬਾਅਦ ਖੂਨ ਬਦਲਿਆ ਜਾਂਦਾ ਹੈ। ਉਹ ਕਹਿੰਦੇ ਹਨ ਕਿ ਬੱਚੀ ਦੀ ਜਾਨ ਬਚਾਉਣ ਲਈ ਉੱਥੇ ਘੱਟ ਗਿਣਤੀਆਂ ਲਈ ਸਿਹਤ ਸਹੂਲਤਾਵਾਂ ਤੱਕ ਨਹੀਂ ਹੈ। ਬਲਦੇਵ ਨੇ ਦੱਸਿਆ ਕਿ ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਉਹ ਹੁਣ ਪਾਕਿਸਤਾਨ ਜਾਣਾ ਹੀ ਨਹੀਂ ਚਾਹੁੰਦੇ ਹਨ।


author

Babita

Content Editor

Related News