ਪਾਕਿਸਤਾਨ ਨੇ ਕਈ ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ, ਜੱਥੇ ਦੇ ਮੈਂਬਰਾਂ ਨੇ ਸ਼੍ਰੀ ਵਿਜੇ ਚੋਪੜਾ ਨਾਲ ਕੀਤੀ ਮੁਲਾਕਾਤ

12/09/2018 1:32:18 AM

ਜਲੰਧਰ, (ਧਵਨ)– ਹਿੰਦੂ ਤੀਰਥ ਯਾਤਰੀਆਂ ਦਾ ਇਕ ਜਥਾ 9 ਦਸੰਬਰ ਦਿਨ ਐਤਵਾਰ ਨੂੰ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਸਥਿਤ ਸ਼੍ਰੀ ਕਟਾਸਰਾਜ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ। ਐਤਵਾਰ ਦੀ ਰਾਤ ਜਥੇ ਦੇ ਮੈਂਬਰ  ਲਾਹੌਰ ਵਿਖੇ ਹੀ ਰੁਕਣਗੇ। ਪਾਕਿਸਤਾਨ ਦੂਤਘਰ ਨੂੰ ਕੇਂਦਰੀ ਸਨਾਤਨ ਧਰਮ ਸਭਾ ਨੇ 197 ਸ਼ਰਧਾਲੂਆਂ ਨੂੰ ਵੀਜ਼ਾ ਦੇਣ ਲਈ ਅਰਜ਼ੀ ਦਿੱਤੀ ਸੀ ਪਰ ਪਾਕਿ ਦੂਤਘਰ ਨੇ ਕਈ ਸ਼ਰਧਾਲੂਆਂ ਨੂੰ 
ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਇਸ ਵਾਰ 155 ਦੇ ਲਗਭਗ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ ਹੈ।
ਸ਼੍ਰੀ ਕਟਾਸਰਾਜ ਜਾਣ ਵਾਲੇ ਉਕਤ ਸ਼ਰਧਾਲੂਅਾਂ ਨੇ ਸ਼ਨੀਵਾਰ ਇਥੇ ਸੰਗਠਨ ਦੇ ਮੁੱਖ ਕਨਵੀਨਰ ਸ਼ਿਵ ਪ੍ਰਤਾਪ ਬਜਾਜ ਦੀ ਅਗਵਾਈ ਹੇਠ ਸ਼੍ਰੀ ਵਿਜੇ ਚੋਪੜਾ ਨਾਲ ਮੁਲਾਕਾਤ ਕੀਤੀ। ਪ੍ਰਸਤਾਵਿਤ ਯਾਤਰਾ ਨੂੰ ਲੈ ਕੇ ਉਨ੍ਹਾਂ ਆਪਣੇ ਤਜਰਬੇ ਸ਼੍ਰੀ ਚੋਪੜਾ ਨਾਲ ਸਾਂਝੇ ਕੀਤੇ। ਚੋਪੜਾ ਨੇ ਸ਼ਰਧਾਲੂਆਂ ਨੂੰ ਸ਼੍ਰੀ ਕਟਾਸਰਾਜ ਦੀ ਯਾਤਰਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਬਜਾਜ ਨੇ ਦੱਸਿਆ ਕਿ ਸ਼੍ਰੀ ਕਟਾਸਰਾਜ ਤੀਰਥ ਅਸਥਾਨ ਵਿਖੇ ਜਥਾ 10 ਦਸੰਬਰ ਨੂੰ ਪਹੁੰਚ ਜਾਵੇਗਾ। ਮਹਾਸ਼ਿਵ ਪੂਜਨ ਸ਼੍ਰੀ ਗਣੇਸ਼ ਚਤੁਰਥੀ ਉਤਸਵ ’ਚ ਸ਼੍ਰੀ ਅਮਰਕੁੰਡ ਸਰੋਵਰ ਵਿਖੇ ਪਵਿੱਤਰ ਇਸ਼ਨਾਨ ਤੀਰਥ ਯਾਤਰੀਆਂ ਵਲੋਂ ਕੀਤਾ ਜਾਵੇਗਾ। ਸ਼ਾਮ ਨੂੰ ਇਥੇ ਦੀਪਮਾਲਾ ਕੀਤੀ ਜਾਵੇਗੀ। 12 ਦਸੰਬਰ  ਨੂੰ ਸ਼੍ਰੀ ਕਟਾਸਰਾਜ ਤੋਂ ਜਥਾ ਲਾਹੌਰ ਆਏਗਾ। 13 ਦਸੰਬਰ ਨੂੰ ਸ਼ਾਹੀ ਕਿਲਾ ਲਾਹੌਰ ਵਿਖੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਬੇਟੇ ਮਹਾਰਾਜ ਲਵ ਦੀ ਸਮਾਧੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ ਅਤੇ ਨਾਲ ਹੀ ਭਜਨ ਕੀਰਤਨ ਦਾ ਪ੍ਰੋਗਰਾਮ ਵੀ ਹੋਵੇਗਾ। ਜਥੇ ਦੇ ਮੈਂਬਰ ਲਾਹੌਰ ਦੀਆਂ ਵੱਖ-ਵੱਖ ਇਤਿਹਾਸਕ ਯਾਦਗਾਰਾਂ ਦਾ ਵੀ ਦੌਰਾ ਕਰਨਗੇ।
ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਲਾਹੌਰ ਵਿਖੇ ਸ਼੍ਰੀ ਕ੍ਰਿਸ਼ਣਾ ਮੰਦਿਰ ਵਿਖੇ ਧਾਰਮਿਕ ਪ੍ਰੋਗਰਾਮ ਵੀ ਹੋਣਗੇ। 15 ਦਸੰਬਰ ਨੂੰ ਜਥਾ ਭਾਰਤ ਵਾਪਸ ਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਵਾਪਰ ਰਹੀਆਂ ਸਿਆਸੀ ਘਟਨਾਵਾਂ ਅਤੇ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਕਾਰਨ ਪਿਛਲੀ ਵਾਰ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਤੀਰਥ ਯਾਤਰਾ ਦੀ ਆਗਿਆ ਨਹੀਂ ਮਿਲੀ ਸੀ । ਫਰਵਰੀ 2018 ’ਚ ਤੀਰਥ ਯਾਤਰਾ ਮੁਲਤਵੀ ਹੋ ਗਈ। ਇਸ ਵਾਰ ਵੀ ਕਾਫੀ ਮੁਸ਼ਕਲਾਂ ਪਿੱਛੋਂ ਤੀਰਥ ਯਾਤਰੀਆਂ ਨੂੰ ਵੀਜ਼ੇ ਦਿੱਤੇ ਗਏ ਹਨ। 
ਸ਼੍ਰੀ ਕਟਾਸਰਾਜ ਜਾ ਰਹੇ ਤੀਰਥ ਯਾਤਰੀ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ , ਉੱਤਰਾਖੰਡ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਓਡਿਸ਼ਾ, ਰਾਜਸਥਾਨ, ਕਰਨਾਟਕ ਅਤੇ ਹੋਰ ਸੂਬਿਆਂ ਨਾਲ ਸਬੰਧ ਰੱਖਦੇ ਹਨ। ਜਥੇ ’ਚ ਸਤੀਸ਼ ਸ਼ੌਕੀਨ, ਤ੍ਰਿਲੋਕ ਚੰਦ, ਰੌਸ਼ਨ ਲਾਲ, ਰਾਕੇਸ਼ ਨਾਗਪਾਲ, ਪਰਮਵੀਰ ਢੀਂਗਰਾ, ਪ੍ਰੇਮ ਨਾਰੰਗ, ਮਹਿੰਦਰ ਕੁਮਾਰ, ਪੰਚਦੇਵ, ਰਾਜੀਵ ਕੁਮਾਰ, ਅਨਿਲ ਕੁਮਾਰ ਅਤੇ ਮਹਿਲਾ ਤੀਰਥ ਯਾਤਰੀਆਂ ’ਚ ਰੇਖਾ ਅਗਰਵਾਲ, ਸਰਸਵਤੀ ਰਾਣੀ, ਸ਼੍ਰੀਮਤੀ ਕਪੂਰ, ਰੇਖਾ ਰਾਣੀ, ਪੂਨਮ ਰਾਣੀ ਅਤੇ ਮਧੂ ਰਾਣੀ ਸ਼ਾਮਲ ਹਨ।


Related News