ਕਰਤਾਰਪੁਰ ਲਾਂਘੇ ਦਾ ਅੱਤਵਾਦ ਫੈਲਾਉਣ ਲਈ ਇਸਤੇਮਾਲ ਕਰ ਸਕਦੈ ਪਾਕਿ : ਕੈਪਟਨ ਅਮਰਿੰਦਰ ਸਿੰਘ

Sunday, Dec 09, 2018 - 08:58 PM (IST)

ਕਰਤਾਰਪੁਰ ਲਾਂਘੇ ਦਾ ਅੱਤਵਾਦ ਫੈਲਾਉਣ ਲਈ ਇਸਤੇਮਾਲ ਕਰ ਸਕਦੈ ਪਾਕਿ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ (ਏਜੰਸੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਕਰਤਾਰਪੁਰ ਲਾਂਘਾ ਖੋਲਣ ਦੇ ਪਾਕਿਸਤਾਨ ਦੇ ਐਲਾਨ ਨੂੰ ਪਾਕਿਸਤਾਨ ਆਰਮੀ ਅਤੇ ਆਈ.ਐਸ.ਆਈ. ਦੀ ਸਾਜ਼ਿਸ਼ ਕਰਾਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਫਿਰ ਤੋਂ ਖਾਲਿਸਤਾਨ ਮੂਵਮੈਂਟ ਅਤੇ ਅੱਤਵਾਦ ਫੈਲਾਉਣ ਲਈ ਪਾਕਿਸਤਾਨ ਇਸ ਲਾਂਘੇ ਦਾ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਇਹ ਗੱਲ ਰਿਪੀਟ ਕੀਤੀ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੀ ਪਰ ਉਸ ਦੇ ਬਾਵਜੂਦ ਸਿੱਧੂ ਇਮਰਾਨ ਖਾਨ ਨਾਲ ਆਪਣੇ ਨਿੱਜੀ ਰਿਸ਼ਤਿਆਂ ਦੀ ਵਜ੍ਹਾ ਨਾਲ ਪਾਕਿਸਤਾਨ ਗਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਅਕਾਲੀ ਦਲ ਅਤੇ ਬੀ.ਜੇ.ਪੀ. ਨੇ ਬਿਨਾਂ ਵਜ੍ਹਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਈਸ਼ੂ ਬਣਾਇਆ ਅਤੇ ਇਸ ਦੀ ਵਜ੍ਹਾ ਨਾਲ ਕਰਤਾਰਪੁਰ ਲਾਂਘੇ ਪਿੱਛੇ ਪਾਕਿਸਤਾਨ ਦੀ ਸਾਜ਼ਿਸ਼ ਦੀ ਗੱਲ ਦਬ ਗਈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਮੈਂ ਨਵਜੋਤ ਸਿੰਘ ਸਿੱਧੂ ਦੇ 'ਕੌਣ ਹਨ ਕੈਪਟਨ' ਵਾਲੇ ਬਿਆਨ ਤੋਂ ਬਿਲਕੁਲ ਵੀ ਨਾਰਾਜ਼ ਨਹੀਂ ਹਾਂ। ਸਿੱਧੂ ਕਈ ਵਾਰ ਆਪਣੇ ਉਸ ਬਿਆਨ ਨੂੰ ਲੈ ਕੇ ਇਹ ਗੱਲ ਕਹਿ ਚੁੱਕੇ ਹਨ ਕਿ ਉਹ ਮੈਨੂੰ ਆਪਣੇ ਪਿਤਾ ਦੇ ਬਰਾਬਰ ਮੰਨਦੇ ਹਨ।''

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਾਕਿਸਤਾਨ ਇਸ ਲਈ ਨਹੀਂ ਗਏ ਕਿਉਂਕਿ ਪਾਕਿਸਤਾਨ ਦੀ ਆਰਮੀ ਸਰਹੱਦ 'ਤੇ ਸਾਡੇ ਦੇਸ਼ ਦੇ ਜਵਾਨਾਂ ਨੂੰ ਮਰਵਾਉਣ ਅਤੇ ਅੱਤਵਾਦ ਫੈਲਾ ਕੇ ਪੰਜਾਬ ਦੇ ਬੇਕਸੂਰ ਲੋਕਾਂ ਨੂੰ ਮਰਵਾਉਣ ਵਿਚ ਲੱਗੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਦੋਸਤੀ ਦੀ ਗੱਲ ਹੈ ਤਾਂ ਉਨ੍ਹਾਂ ਦੇ ਵੀ ਪਾਕਿਸਤਾਨ ਵਿਚ ਕਈ ਡੂੰਘੇ ਅਤੇ ਪੁਰਾਣੇ ਦੋਸਤ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਮਰਾਨ ਖਾਨ ਭਾਵੇਂ ਹੀ ਅਮਨ ਸ਼ਾਂਤੀ ਅਤੇ ਦੋਸਤੀ ਵਧਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਣ ਪਰ ਪਾਕਿਸਤਾਨ ਦੀ ਆਰਮੀ, ਜਿਸ ਦਾ ਉਥੋਂ ਦੀ ਸਰਕਾਰ 'ਤੇ ਪੂਰਾ ਕੰਟਰੋਲ ਹੈ, ਉਹ ਅਜਿਹਾ ਹੋਣ ਨਹੀਂ ਦੇਵੇਗੀ।


author

Sunny Mehra

Content Editor

Related News