ਪਾਕਿ ਫੌਜ ਸ਼ਰੇਆਮ ਸਮੱਗਲਰਾਂ ਨੂੰ ਵੇਚਦੀ ਹੈ ਆਪਣੀਆਂ ਚੌਕੀਆਂ

Sunday, Jan 07, 2018 - 12:05 AM (IST)

ਹੈਰੋਇਨ ਸਮੱਗਲਰ ਨੇ ਰਿਮਾਂਡ ਦੌਰਾਨ ਕੀਤਾ ਖੁਲਾਸਾ
ਫਿਰੋਜ਼ਪੁਰ(ਕੁਮਾਰ)-ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ 15 ਕਰੋੜ ਦੇ ਕੌਮਾਂਤਰੀ ਮੁੱਲ ਦੀ 3 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਕਥਿਤ ਸਮੱਗਲਰ ਪ੍ਰੇਮ ਸਿੰਘ ਪੁੱਤਰ ਇੰਦਰ ਸਿੰਘ ਨਿਵਾਸੀ ਪਿੰਡ ਜੱਲਾ ਲੱਖੋਕੇ ਹਿਠਾੜ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ ਦਾ ਅਦਾਲਤ ਵੱਲੋਂ ਪੁਲਸ ਰਿਮਾਂਡ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਕਥਿਤ ਸਮੱਗਲਰ ਨੇ ਮੰਨਿਆ ਹੈ ਕਿ ਉਕਤ ਹੈਰੋਇਨ ਉਸ ਨੂੰ ਪਾਕਿਸਤਾਨੀ ਸਮੱਗਲਰਾਂ ਵਲੋਂ ਭੇਜੀ ਗਈ ਸੀ ਤੇ ਇਸ ਤੋਂ ਪਹਿਲਾਂ ਵੀ ਉਹ 3 ਕਿਲੋ ਹੈਰੋਇਨ ਦੀ ਕੰਸਾਈਨਮੈਂਟ ਕੌਮਾਂਤਰੀ ਸਮੱਗਲਰਾਂ ਲਈ ਪਾਕਿਸਤਾਨੀ ਸਮੱਗਲਰਾਂ ਦੇ ਦਿੱਤੇ ਗਏ ਹੁਕਮ ਅਨੁਸਾਰ ਅੱਗੇ ਪਹੁੰਚਾ ਚੁੱਕਿਆ ਹੈ। ਉਸ ਨੇ ਦੱਸਿਆ ਕਿ ਪਾਕਿਸਤਾਨੀ ਤੇ ਭਾਰਤੀ ਸਮੱਗਲਰ ਇਕ-ਦੂਜੇ ਨਾਲ ਵਟਸਐਪ ਰਾਹੀਂ ਸੰਪਰਕ ਬਣਾਉਂਦੇ ਹਨ ਤੇ ਜਿਥੋਂ ਹੈਰੋਇਨ ਆਦਿ ਦੀ ਡਲਿਵਰੀ ਲੈਣੀ-ਦੇਣੀ ਹੁੰਦੀ ਹੈ ਉਸਦੇ ਲਈ ਪਹਿਲਾਂ ਰਸਤਾ ਤਿਆਰ ਕਰਦੇ ਹਨ। ਭਾਰਤੀ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨ ਜੀ-ਜਾਨ ਨਾਲ  ਦੇਸ਼ ਦੀ ਹਿਫਾਜ਼ਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਖਤ ਮਿਹਨਤ ਕਾਰਨ ਸਮੱਗਲਰਾਂ ਦੇ ਇਰਾਦੇ ਫੇਲ ਹੁੰਦੇ ਹਨ, ਜਦਕਿ ਦੂਜੇ ਪਾਸੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਸਮੱਗਲਰਾਂ ਨੂੰ ਬੋਲੀ 'ਤੇ ਦਿੱਤੀਆਂ ਜਾਂਦੀਆਂ ਹਨ। ਸਿੱਧੂ ਨੇ ਦੱਸਿਆ ਕਿ ਭਾਰਤ 'ਚ ਹੈਰੋਇਨ ਤੇ ਹਥਿਆਰ ਭੇਜਣ ਲਈ ਪਾਕਿਸਤਾਨੀ ਫੌਜ ਆਪਣੀਆਂ ਚੌਕੀਆਂ ਨਿਸ਼ਚਿਤ ਸਮੇਂ ਲਈ ਸਮੱਗਲਰਾਂ ਦੇ ਹੱਥਾਂ 'ਚ ਸ਼ਰੇਆਮ ਵੇਚਦੀ ਹੈ ਤੇ ਉਨ੍ਹਾਂ ਦਾ ਹੁਕਮ ਹੁੰਦਾ ਹੈ ਇਸ ਸਮੇਂ 'ਚ ਜੋ ਵੀ ਕਰ ਸਕਦੇ ਹੋਣ, ਕਰ ਲਵੋ। 


Related News