ਸਰਕਾਰ ਸਾਹਮਣੇ ਪਾਕਿ ਨਾਲ ਵਪਾਰ ਖੋਲ੍ਹਣ ਦਾ ਮੁੱਦਾ ਚੁੱਕਣਗੇ ਕਾਰੋਬਾਰੀ
Friday, Nov 29, 2019 - 01:59 PM (IST)

ਜਲੰਧਰ : ਜੇਕਰ ਕਾਰੋਬਾਰੀ ਸੰਗਠਨਾਂ ਦੇ ਦਬਾਅ ਦਾ ਪੰਜਾਬ ਸਰਕਾਰ 'ਤੇ ਅਸਰ ਹੋਇਆ ਤਾਂ ਅਟਾਰੀ ਬਾਰਡਰ ਤੋਂ ਪਾਕਿਸਤਾਨ ਨਾਲ ਕਾਰੋਬਾਰ ਖੋਲ੍ਹਣ ਦਾ ਮਾਮਲਾ ਕੈਪਟਨ ਸਰਕਾਰ ਕੇਂਦਰੀ ਵਿੱਤ ਮੰਤਰਾਲੇ ਅਤੇ ਮਨਿਸਟਰੀ ਆਫ ਕਾਰਪੋਰੇਟ ਅਫੇਅਰਸ ਸਾਹਮਣੇ ਰੱਖ ਸਕਦੀ ਹੈ। ਇਨਵੈਸਟ ਪੰਜਾਬ ਸਮਿਟ 5 ਦਸੰਬਰ ਤੋਂ ਹੈ। ਇਸ ਤੋਂ ਪਹਿਲਾਂ ਪੰਜਾਬ ਦੀਆਂ ਚੋਟੀ ਦੀਆਂ ਕੰਪਨੀਆਂ ਦੀ ਮੀਟਿੰਗ 29 ਨਵੰਬਰ ਨੂੰ ਚੰਡੀਗੜ੍ਹ ਦੇ ਉਦਯੋਗ ਭਵਨ ਵਿਚ ਰੱਖੀ ਗਈ ਹੈ। ਇਸ ਨੂੰ ਇਨਵੈਸਟ ਪੰਜਾਬ ਪ੍ਰਮੁੱਖ ਵਿਨੀ ਮਹਾਜਨ ਚੇਅਰ ਕਰਨਗੇ। ਫੈਡਰੇਸ਼ਨ ਆਫ ਇੰਡੀਅਨ ਐਕਸਪਰਟ ਆਰਗੇਨਾਈਜ਼ੇਸ਼ਨ ਅਤੇ ਇੰਪੋਰਟਸ ਐਸੋਸੀਏਸ਼ਨ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਟਾਰੀ ਤੋਂ ਬਾਰਡਰ ਖੋਲ੍ਹਣ ਨਾਲ ਇੰਪੋਰਟ ਕੰਪਨੀਆਂ ਤੋਂ ਇਲਾਵਾ 1500 ਟਰੱਕ ਸਮੇਤ 5000 ਪਰਿਵਾਰਾਂ ਤੋਂ ਖੁੱਸਿਆ ਰੋਜ਼ਗਾਰ ਮਿਲੇਗਾ। ਆਰਥਿਕ ਸੰਕਟ ਵਿਚ ਫਸੀ ਪੰਜਾਬ ਸਰਕਾਰ ਨੇ ਇੰਡਸਟਰੀ 'ਤੇ ਫੌਕਸ ਕੀਤਾ ਹੈ।
ਇੰਡਸਟਰੀ ਦੀਆਂ ਅਜਿਹੀਆਂ ਸਮੱਸਿਆਵਾਂ ਜਿਨ੍ਹਾਂ ਦਾ ਤੁਰੰਤ ਹੱਲ ਹੋ ਸਕਦਾ ਹੈ ਨੂੰ ਦੂਰ ਕਰਨ ਲਈ ਇਹ ਮੀਟਿੰਗ ਰੱਖੀ ਗਈ ਹੈ। ਇਸ ਵਿਚ ਕੁੱਲ 22 ਏਜੰਡੇ ਰੱਖੇ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾ ਏਜੰਡਾ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹਵਾਉਣਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ 2.5 ਬਿਲੀਅਨ ਯੂ.ਐੱਸ. ਡਾਲਰ ਦਾ ਵਪਾਰ ਹੁੰਦਾ ਹੈ। ਭਾਰਤ ਤੋਂ 1.9 ਬਿਲੀਅਨ ਯੂ.ਐੱਸ. ਡਾਲਰ ਦਾ ਐਕਸਪੋਰਟ ਹੁੰਦਾ ਹੈ, ਜਿਸ ਨੂੰ ਸਮੁੰਦਰ ਰਾਹੀਂ ਇਸ ਰੀਜਨ 'ਚ ਭੇਜਿਆ ਜਾਂਦਾ ਹੈ। ਕਾਰੋਬਾਰੀਆਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਾਫਤਾ ਦੇ ਮੈਂਬਰ ਹਨ। ਜੇ ਜੀ. ਓ. ਸਿਆਸੀ ਮੁੱਦੇ ਵੱਖ ਰੱਖ ਕੇ ਕਾਰੋਬਾਰ ਖੋਲ੍ਹਣ ਦੇ ਬਾਰੇ 'ਚ ਸੋਚਿਆ ਜਾਵੇ ਤਾਂ ਸਾਨੂੰ ਆਰਥਿਕ ਲਾਭ ਹੋਵੇਗਾ। ਮੀਟਿੰਗ ਵਿਚ ਇੰਡਸਟਰੀਜ਼ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ, ਰਜਤ ਅਗਰਵਾਲ ਸਮੇਤ ਤਮਾਮ ਅਫਸਰ ਸ਼ਾਮਲ ਹੋਣਗੇ।