ਖੁਲਾਸਾ : ਪੰਜਾਬ ''ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ''ਚ ਆਈ.ਐੱਸ. ਆਈ.

06/04/2019 6:56:50 PM

ਅੰਮ੍ਰਿਤਸਰ : ਪਿੰਡ ਹਰਸ਼ਾਛੀਨਾ-ਕੁੱਕੜਾਂਵਾਲਾ 'ਚ ਲੱਗੇ ਪੁਲਸ ਨਾਕੇ 'ਤੇ ਐਤਵਾਰ ਨੂੰ ਦੋ ਮੋਟਰਸਾਈਕਲ ਸਵਾਰਾਂ ਵਲੋਂ ਸੁੱਟੇ ਗਏ ਬੈਗ 'ਚੋਂ ਮਿਲੇ ਗ੍ਰਨੇਡ ਪਾਕਿਸਤਾਨ ਵਲੋਂ ਭੇਜੇ ਗਏ ਸਨ। ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਸੰਗਠਨਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਕੇ.ਐੱਲ.ਐੱਫ. ਚੀਫ ਹਰਮੀਤ ਸਿੰਘ ਉਰਫ ਪੀ.ਐੱਚ.ਡੀ. ਵੱਲੋਂ ਇਹ ਗ੍ਰਨੇਡ ਭੇਜਣ ਦਾ ਖੁਲਾਸਾ ਹੋਇਆ ਹੈ। ਹਰਮੀਤ ਸਿੰਘ ਪੀ.ਐੱਚ.ਡੀ. ਵੱਲੋਂ ਇਹ ਗ੍ਰਨੇਡ ਮਲੇਸ਼ੀਆ ਬੈਠੇ ਕੁਲਵਿੰਦਰ ਸਿੰਘ ਖਾਨਪੁਰੀਆ ਦੇ ਇਸ਼ਾਰੇ 'ਤੇ ਭੇਜੇ ਗਏ ਸਨ। ਸਾਕਾ ਨੀਲਾ ਤਾਰਾ ਦੀ 35ਵੀਂ ਬਰਸੀ 'ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਅਤੇ ਦੋ ਭਾਈਚਾਰਿਆਂ ਵਿਚ ਦੰਗਾ ਕਰਵਾਉਣ ਦੀ ਵੱਡੀ ਸਾਜ਼ਿਸ਼ ਨੂੰ ਪੁਲਸ ਦੀ ਮੁਸਤੈਦੀ ਨੇ ਨਾਕਾਮ ਕਰ ਦਿੱਤਾ ਹੈ। 
ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਪ੍ਰੈੱਸ ਕਾਨਫੰਸ 'ਚ ਦੱਸਿਆ ਕਿ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਫਿਰ ਆਈ. ਐੱਸ. ਆਈ. ਦੇ ਇਸ਼ਾਰਿਆਂ 'ਤੇ ਪੰਜਾਬ ਵਿਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਰਗਰਮ ਹੋ ਗਏ ਹਨ। ਪੁਲਸ ਨੂੰ ਸ਼ੱਕ ਹੈ ਕਿ ਨਾਕੇ 'ਤੇ ਹੈਂਡ ਗ੍ਰਨੇਡ ਸੁੱਟਣ ਵਾਲੇ ਦੋਵਾਂ ਨੌਜਵਾਨਾਂ ਦੀ ਭੀੜ ਵਾਲੇ ਇਲਾਕਿਆਂ ਵਿਚ ਬੰਬ ਸੁੱਟਣ ਦੀ ਯੋਜਨ ਸੀ। 
ਐੱਸ. ਐੱਸ. ਪੀ. ਦੁੱਗਲ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਬੈੱਗ ਵਿਚੋਂ ਮਿਲੇ ਮੋਬਾਇਲ ਫੋਨ ਨੰਬਰਾਂ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਬਾਰਡਰ ਜ਼ੋਨ ਦੇ ਆਈ. ਜੀ. ਸੁਰਿੰਦਪਾਲ ਪਰਮਾਲ ਮੁਤਾਬਕ ਜਿਸ ਬੈੱਗ 'ਚੋਂ ਗ੍ਰਨੇਡ ਮਿਲੇ ਹਨ, ਉਸ 'ਤੇ ਫਿਰੋਜ਼ਪੁਰ ਦੇ ਇਕ ਅਸ਼ੋਕਾ ਟੈਲੀਕਾਮ ਵਾਲੇ ਦਾ ਨੰਬਰ ਲਿਖਿਆ ਹੈ, ਜੋ ਬੰਦ ਆ ਰਿਹਾ ਹੈ। ਗ੍ਰਨੇਡ ਦੇ ਨਾਲ ਜੁੜੀ ਇਸ ਕਨਸਾਈਨਮੈਂਟ ਲਈ ਫਿਰੋਜ਼ਪੁਰ ਇਲਾਕੇ ਦੇ ਨਸ਼ਾ ਸਮੱਗਲਰਾਂ ਦਾ ਸਹਾਰਾ ਲਿਆ ਗਿਆ ਹੈ। ਬੀਤੇ ਦਿਨੀਂ ਅਟਾਰੀ ਇਲਾਕੇ ਵਿਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਗਏ ਸਮੱਗਲਰ ਨਿਸ਼ਾਨ ਸਿੰਘ ਵੱਲੋਂ ਵੀ ਪੁਲਸ ਦੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਗਏ ਸਨ।


Gurminder Singh

Content Editor

Related News