ਪੰਜਾਬ ''ਚ ਝੋਨੇ ਦੀ ਬਿਜਾਈ ਨੂੰ ਲੈ ਕੇ ਚਿੰਤਾ ''ਚ ਕਿਸਾਨ

Thursday, Jun 11, 2020 - 11:09 AM (IST)

ਪੰਜਾਬ ''ਚ ਝੋਨੇ ਦੀ ਬਿਜਾਈ ਨੂੰ ਲੈ ਕੇ ਚਿੰਤਾ ''ਚ ਕਿਸਾਨ

ਲੁਧਿਆਣਾ (ਸਲੂਜਾ) : ਪੰਜਾਬ 'ਚ ਇਸ ਸਮੇਂ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਝੋਨੇ ਦੀ ਬਿਜਾਈ ਲਈ ਲੇਬਰ ਨਹੀਂ ਮਿਲ ਰਹੀ। ਜ਼ਿਆਦਾਤਰ ਲੇਬਰ ਬਿਹਾਰ ਅਤੇ ਯੂ. ਪੀ. ਰਾਜਾਂ ਨਾਲ ਸਬੰਧਤ ਹੈ, ਜੋ ਕਿ ਆਪਣੇ ਘਰਾਂ ਨੂੰ ਮੁੜ ਚੁੱਕੀ ਹੈ। ਇਹ ਲੇਬਰ ਹਾਲ ਦੀ ਘੜੀ ਵਾਪਸ ਆਉਣ ਲਈ ਤਿਆਰ ਨਹੀਂ ਹੈ, ਜੋ ਆਉਣ ਲਈ ਤਿਆਰ ਹੈ, ਉਹ ਪ੍ਰਤੀ ਏਕੜ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਬਿਜਾਈ ਦਾ ਰੇਟ ਦੁੱਗਣਾ ਮੰਗ ਰਹੀ ਹੈ, ਜਿਸ ਨਾਲ ਕਿਸਾਨ ਚਿੰਤਾ ’ਚ ਡੁੱਬਿਆ ਹੋਇਆ ਹੈ ਕਿ ਉਹ ਕਿਸ ਤਰ੍ਹਾਂ ਬਿਜਾਈ ਦਾ ਕੰਮ ਨਿਬੇੜੇ।

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਬਿਜਾਈ ਦੀ ਲੇਬਰ 2000 ਤੋਂ 2200 ਰੁਪਏ ਤੱਕ ਸੀ ਪਰ ਇਸ ਵਾਰ ਤਾਂ ਲੇਬਰ ਨੇ ਇਹ ਭਾਅ 5000 ਤੋਂ 6000 ਰੁਪਏ ਪ੍ਰਤੀ ਏਕੜ ਕਰ ਦਿੱਤੇ। ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਸੰਕਟ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਉਹ ਇਸ ਵਿਚ ਕੀ ਕਮਾਏਗਾ ਅਤੇ ਕੀ ਖਾਏਗਾ। ਕਾਦੀਆਂ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੇ ਤਾਂ ਇਸ ਫਸਲ ਤੋਂ ਬਾਅਦ ਕਰਜ਼ ਦੀਆਂ ਕਿਸ਼ਤਾਂ ਦੀ ਅਦਾਇਗੀ ਵੀ ਕਰਨੀ ਹੁੰਦੀ ਹੈ।

ਇੰਨੀ ਮਹਿੰਗੀ ਲੇਬਰ ਤੋਂ ਬਾਅਦ ਕਿਸ ਤਰ੍ਹਾਂ ਕਿਸਾਨ ਆਪਣੀ ਕਰਜ਼ੇ ਦੀ ਪੰਡ ਨੂੰ ਹਲਕਾ ਕਰ ਸਕੇਗਾ। ਉਨ੍ਹਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਕਈ ਪਿੰਡਾਂ ਦੇ ਕਿਸਾਨਾਂ ਨੇ ਮਿਲ ਕੇ ਇਸ ਵਾਰ ਆਪਣੇ ਖਰਚ ’ਤੇ ਵੱਖ-ਵੱਖ ਪਿੰਡਾਂ ’ਚੋਂ ਲੇਬਰ ਲਿਆਉਣ ਲਈ ਬੱਸਾਂ ਭੇਜੀਆਂ ਸਨ ਪਰ ਬਹੁਤੇ ਮਜ਼ਦੂਰ ਇਸ ਲਈ ਨਹੀਂ ਆਏ ਕਿਉਂਕਿ ਉਨ੍ਹਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਲਾਲਚ ਵਿਚ ਲੈ ਕੇ ਤਾਂ ਜਾ ਰਹੇ ਹੋ। ਜਦੋਂ ਝੋਨੇ ਦੀ ਬਿਜਾਈ ਖਤਮ ਹੋ ਜਾਵੇਗੀ ਤਾਂ ਵਾਪਸ ਕੌਣ ਛੱਡਣ ਆਵੇਗਾ।


author

Babita

Content Editor

Related News