ਝੋਨੇ ਦੀ ਸਿੱਧੀ ਬਿਜਾਈ ਨੇ ਖੁਸ਼ ਕੀਤੇ ਜ਼ਿਮੀਦਾਰ, ਅਗਲੇ ਸਾਲ ਲਈ ਕਿਸਾਨਾਂ ਨੇ ਲਿਆ ਇਹ ਅਹਿਮ ਫ਼ੈਸਲਾ

11/02/2020 3:39:34 PM

ਧਰਮਕੋਟ/ਜ਼ੀਰਾ (ਅਕਾਲੀਆਂ ਵਾਲਾ) - ਦੇਸ਼ ’ਚ ਕੋਰੋਨਾ ਜਿਥੇ ਦਹਿਸ਼ਤ ਦਾ ਮਾਹੌਲ ਲੈ ਕੇ ਆਇਆ ਸੀ, ਉਥੇ ਇਸ ਮਹਾਮਾਰੀ ਦੌਰਾਨ ਕਈ ਤਬਦੀਲੀਆਂ ਵੀ ਸਾਹਮਣੇ ਆਈਆਂ। ਜਿਹੜੀਆਂ ਚੀਜ਼ਾਂ ਦੇ ਲੋਕ ਨਾਂ ਤਕ ਨਹੀਂ ਜਾਣਦੇ ਸੀ, ਉਨ੍ਹਾਂ ਦੇ ਨਾਮ ਹੁਣ ਬੁੱਲ੍ਹਾਂ ’ਤੇ ਕੋਰੋਨਾ ਕਰਕੇ ਰਟ ਗਏ ਹਨ। ਜੇਕਰ ਖ਼ੇਤੀ ਖ਼ੇਤਰ ’ਚ ਆਈ ਤਬਦੀਲੀ ’ਤੇ ਨਜ਼ਰ ਮਾਰੀ ਜਾਵੇ ਤਾਂ ਉਹ ਹੈ, ਝੋਨੇ ਦੀ ਸਿੱਧੀ ਬਿਜਾਈ। ਕੋਰੋਨਾ ਦੇ ਮੌਕੇ ਇਸ ਵਰ੍ਹੇ ਜੂਨ ਮਹੀਨੇ ਝੋਨੇ ਲਵਾਈ ਜਦ ਸ਼ੁਰੂ ਹੋਣੀ ਸੀ ਤਾਂ ਉਸ ਵਕਤ ਲੇਵਰ ਦੀ ਕਿੱਲਤ ਦੀਆਂ ਅਫਵਾਹਾਂ ਸਨ, ਜਿਸ ਕਰਕੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ, ਜੋ ਭਵਿੱਖ ਵਿਚ ਰਵਾਇਤ ਬਨਣ ਦੀਆਂ ਸੰਭਾਵਨਾਵਾਂ ਹਨ। ਇਸ ਬਦਲ ਲਈ ਜ਼ਿਮੀਦਾਰਾਂ ਨੇ ਮਹਿੰਗੇ ਮੁੱਲ ਦੀਆਂ ਮਸ਼ੀਨਰੀਆਂ ਵੀ ਖਰੀਦੀਆਂ।

ਪੈਦਾ ਹੋਏ ਹਾਲਾਤਾਂ ਦੇ ਚੱਲਦਿਆਂ ਕਈ ਕਿਸਾਨਾਂ ਨੇ ਅਫਵਾਹਾਂ ਦੇ ਚੱਲਦਿਆਂ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਨੂੰ ਵਾਹ ਵੀ ਦਿੱਤਾ ਸੀ, ਕਿਉਂਕਿ ਉਨ੍ਹਾਂ ਕੋਲ ਤਜਰਬਿਆਂ ਦੀ ਘਾਟ ਸੀ। ਦੂਜੇ ਪਾਸੇ ਜਿਨ੍ਹਾਂ ਕਿਸਾਨਾਂ ਨੇ ਸਬਰ ਅਤੇ ਸੰਤੋਖ ਨਾਲ ਚਿਰਾਂ ਤੋਂ ਚਲੀ ਆ ਰਹੀ ਕੱਦੂ ਬਨਾ ਕੇ ਝੋਨੇ ਦੀ ਲਵਾਈ ਪੁਰਾਣੀ ਰਵਾਇਤ ਨੂੰ ਤੋੜਨ ’ਚ ਦਲੇਰੀ ਦਿਖਾਈ, ਉਨ੍ਹਾਂ ਨੇ ਫਤਿਹ ਵੀ ਪ੍ਰਾਪਤ ਕੀਤੀ। ਹੁਣ ਜਦ ਝੋਨੇ ਦੀ ਕਟਾਈ ਤੋਂ ਬਾਅਦ ਉਸ ਨੂੰ ਮੰਡੀ ਵਿਚ ਵੇਚਿਆ ਗਿਆ ਤਾਂ ਕਿਸਾਨਾਂ ਅੰਦਰ ਖੁਸ਼ੀ ਦੀ ਕੋਈ ਹੱਦ ਨਾ ਰਹੀ। ਬੇਸ਼ੱਕ ਚੰਗੇ ਮੌਸਮ ਕਾਰਣ ਇਸ ਵਾਰ ਝੋਨੇ ਦੀ ਚੰਗੀ ਉਪਜ ਦੀਆਂ ਖ਼ਬਰਾਂ ਹਨ, ਪ੍ਰੰਤੂ ਇਸ ਵਾਰ ਜਿਨ੍ਹਾਂ ਕਾਸ਼ਤਕਾਰਾਂ ਨੇ ਝੋਨੇ ਦੀ ਬਿਜਾਈ ਕੀਤੀ ਸੀ, ਉਹ ਵੀ ਚੰਗੀ ਉਪਜ ਹੋਣ ਕਰਕੇ ਭਵਿੱਖ ਵਿਚ ਇਸੇ ਤਰ੍ਹਾਂ ਬਿਜਾਈ ਕਰਨਗੇ।

ਇਸ ਸਬੰਧ ’ਚ ਪਿੰਡ ਮੇਲਕ ਕੰਗਾਂ ਦੇ ਕਿਸਾਨ ਰਣਜੀਤ ਸਿੰਘ ਜੀਤਾ ਸ਼ਾਹ, ਨਾਇਬ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਸਰਕਾਰੀ ਅਪੀਲਾਂ ਅਤੇ ਦਲੀਲਾਂ ਨੂੰ ਮੰਨਦਿਆਂ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਵਧੀਆ ਨਤੀਜੇ ਨੂੰ ਪ੍ਰਾਪਤ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੋਰੋਨਾ ਬੇਸ਼ੱਕ ਆਫ਼ਤ ਬਣ ਕੇ ਆਈ ਹੈ ਪਰ ਇਸ ਨੇ ਜੋ ਖ਼ੇਤੀ ਖ਼ੇਤਰ ਵਿਚ ਬਦਲ ਪੈਦਾ ਕੀਤਾ, ਉਹ ਕਿਸਾਨੀ ਲਈ ਮਦਦਗਾਰ ਬਣੇਗਾ।

ਖ਼ੇਤੀਬਾੜੀ ਵਿਭਾਗ ਤੋਂ ਮਿਲੇ ਵੇਰਵਿਆਂ ਮੁਤਾਬਕ ਪੂਰੇ ਪੰਜਾਬ ਵਿਚ ਇਸ ਵਾਰ ਲਗਭਗ 27 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਸੀ, ਜਿਸ ਵਿਚੋਂ 5 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੇ ਤੌਰ ’ਤੇ ਡੀ. ਐੱਸ. ਆਰ. ਮਸ਼ੀਨ ਨਾਲ ਬਿਜਾਈ ਕੀਤੀ ਗਈ ਸੀ। ਪੰਜਾਬ ਵਿਚ ਹੁਣ ਤੱਕ 137.89 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜੋ ਪਿਛਲੇ ਸਾਲ ਨਾਲੋਂ 33 ਫੀਸਦੀ ਜ਼ਿਆਦਾ ਹੈ। ਸਿੱਧੀ ਬਿਜਾਈ ਕਰ ਕੇ ਰਵਾਇਤ ਨੂੰ ਬਦਲਣ ਵਾਲੇ ਇਲਾਕੇ ਦੇ ਵੱਖ-ਵੱਖ ਕਿਸਾਨਾਂ ਨਾਲ ‘ਜਗ ਬਾਣੀ’ ਵਲੋਂ ਵਿਚਾਰਾਂ ਕੀਤੀਆਂ ਗਈਆਂ ਪੇਸ਼ ਹਨ ਉਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰ।

ਸਿੱਧੀ ਬਿਜਾਈ ਨਾਲ ਪਾਣੀ ਧਰਤੀ ਵਿਚ ਰੀਚਾਰਜ ਹੋਇਆ : ਕਾਲੇਕੇ
ਕ੍ਰਿਸ਼ੀ ਕਰਮਨ ਐਵਾਰਡ ਨਾਲ ਸਨਮਾਨਤ ਰਾਜਮੋਹਨ ਸਿੰਘ ਕਾਲੇਕੇ ਦਾ ਕਹਿਣਾ ਹੈ ਕਿ ਜਦ ਡੀ. ਐੱਸ. ਆਰ. ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ ਗਈ ਸੀ ਤਾਂ ਉਸ ਵਕਤ ਇਸ ਨੂੰ ਆਈ. ਸੀ. ਯੂ. ਵਿਚ ਪਏ ਮਰੀਜ਼ ਵਾਂਗ ਦੇਖਿਆ ਗਿਆ ਪਰ ਹੁਣ ਜਦ ਇਸ ਦੀ ਚੰਗੀ ਉਪਜ ਨਿਕਲੀ ਹੈ ਤਾਂ ਸਾਨੂੰ ਖੁਸ਼ੀ ਮਹਿਸੂਸ ਹੋਈ ਕਿ ਅਸੀਂ ਕੋਰੋਨਾ ਦੌਰਾਨ ਇਕ ਰਵਾਇਤ ਨੂੰ ਤੋੜ ਕੇ ਨਵੇਂ ਬਦਲ ਦੀ ਸ਼ੁਰੂਆਤ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਉਸ ਦਾ ਝੋਨਾ 32 ਕੁਇੰਟਲ ਪ੍ਰਤੀ ਏਕੜ ਨਿਕਲਿਆ ਹੈ ਜਦ ਕਿ ਹੱਥ ਨਾਲ ਲਗਾਏ ਗਏ ਝੋਨੇ ਦਾ ਝਾੜ 34 ਕੁਵਿੰਟਲ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਅੰਤਰ ਕੋਈ ਖ਼ਾਸ ਮਹੱਤਤਾ ਨਹੀਂ ਰੱਖਦਾ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਕੁਦਰਤੀ ਸਰੋਤ ਪਾਣੀ ਦੀ ਬਚਤ ਕਰਨ ਵਿਚ ਯੋਗਦਾਨ ਪਾਇਆ ਹੈ। ਸਿੱਧੀ ਬਿਜਾਈ ਨਾਲ ਬਰਸਾਤੀ ਪਾਣੀ ਜਾਂ ਫਿਰ ਟਿਊਬਵੈੱਲ ਦਾ ਪਾਣੀ ਧਰਤੀ ਵਿਚ ਰਿਚਾਰਜ ਹੁੰਦਾ ਹੈ, ਜਦੋਂ ਕੱਦੂ ਵਿਧੀ ਨਾਲ ਝੋਨੇ ਦਾ ਪਾਣੀ ਰਿਚਾਰਜ ਨਹੀਂ ਹੁੰਦਾ, ਜਿਸ ਨਾਲ ਧਰਤੀ ਹੇਠਲਾ ਪਾਣੀ ਥੱਲੇ ਗਿਆ ਹੈ।

ਸਾਰਾ ਝੋਨਾ ਅਗਲੀ ਵਾਰ ਮਸ਼ੀਨ ਨਾਲ ਬੀਜੇਗਾ ਬੂਟਾ ਸਿੰਘ
ਪਿੰਡ ਰਾਊਵਾਲ ਦੇ ਕਿਸਾਨ ਬੂਟਾ ਸਿੰਘ ਨੇ ਕਿਹਾ ਕਿ ਉਸ ਨੇ ਇਸ ਵਾਰ 30 ਏਕੜ ਝੋਨੇ ਦੀ ਬਿਜਾਈ ਕੀਤੀ ਸੀ, ਜਿਸ ’ਚੋਂ ਉਸ ਨੇ 18 ਏਕੜ ਝੋਨਾ ਸਿੱਧੀ ਬਿਜਾਈ ਨਾਲ ਬੀਜਿਆ, ਜੋ ਰਿਵਾਇਤੀ ਬਜਾਈ ਨਾਲੋਂ ਵੱਧ ਨਿਕਲਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਪ੍ਰਤੀ ਏਕੜ 96 ਤੋਂ 100 ਗੱਟੇ ਤਕ ਔਸਤ ਆਈ ਹੈ, ਉਹ ਅਗਲੀ ਵਾਰ ਸਾਰਾ ਝੋਨਾ ਮਸ਼ੀਨ ਨਾਲ ਬੀਜਣਗੇ।

ਵੱਟਾਂ ’ਤੇ ਝੋਨਾ ਬੀਜ ਕੇ ਨਵੇਂ ਤਜ਼ਰਬੇ ਕੀਤੇ ਸੁਖਵਿੰਦਰ ਮਾਛੀ ਵਾਲਾ ਨੇ
ਪਿੰਡ ਮਾਹੀ ਮਾਛੀਵਾਲਾ ਦੇ ਕਿਸਾਨ ਸੁਖਵਿੰਦਰ ਸਿੰਘ ਜਿਸ ਨੇ ਵੱਟਾਂ ਉਪਰ ਝੋਨੇ ਦੀ ਬਿਜਾਈ ਕੀਤੀ ਸੀ, ਨੇ ਕਿਹਾ ਕਿ ਇਸ ਵਾਰ ਉਸ ਨੇ ਨਵੇਂ ਤਜ਼ਰਬੇ ਕੀਤੇ ਸਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬੇਸ਼ੱਕ ਕੁਝ ਕੁ ਏਕੜ ’ਚੋਂ ਉਸ ਦਾ ਝਾੜ ਘੱਟ ਨਿਕਲਿਆ ਹੈ ਪਰ ਜਿਹੜੀਆਂ ਕਮੀਆਂ ਨਵੇਂ ਤਜਰਬਿਆਂ ਨਾਲ ਆਈਆਂ ਹਨ ਉਹ ਉਸ ਨੂੰ ਦੂਰ ਕਰਨਗੇ।

ਪਾਣੀ ਦੀ ਬਚਤ ਵੀ ਹੋਈ : ਢੋਲਣੀਆ
ਆੜਤੀ ਦਿਲਬਾਗ ਸਿੰਘ ਢੋਲਣੀਆ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਇਸ ਵਾਰ ਡੀ. ਐੱਸ. ਆਰ. ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ ਸੀ, ਉਨ੍ਹਾਂ ਨੂੰ ਰਵਾਇਤੀ ਲਵਾਈ ਦੇ ਮੁਕਾਬਲੇ ਦੇ ਚੰਗੀ ਉਪਜ ਮਿਲੀ ਹੈ। ਇਸ ਨਾਲ ਜ਼ਿੰਮੀਦਾਰ ਦੇ ਖ਼ਰਚੇ ਘਟੇ ਹਨ ਅਤੇ ਪਾਣੀ ਦੀ ਬਚਤ ਵੀ ਹੋਈ ਹੈ। ਜੇਕਰ ਇਸ ਰੁਝਾਨ ਨੂੰ ਜ਼ਿਮੀਦਾਰ ਰਵਾਇਤ ਵਿਚ ਬਦਲ ਲੈਣ ਗਏ ਤਾਂ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

ਬਿਜਲੀ ਪਾਣੀ ਪੂਰਾ ਮਿਲੇ ਤਾਂ ਸਮੁੱਚੇ ਤੌਰ ’ਤੇ ਹੋਵੇਗੀ ਸਿੱਧੀ ਬਿਜਾਈ: ਸੇਖੋਂ
ਆੜਤੀ ਕਰਮਜੀਤ ਸਿੰਘ ਸੇਖੋਂ ਸਨ੍ਹੇਰ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਨਿਕਲੀ ਚੰਗੀ ਉਪਜ ਤੋਂ ਕਿਸਾਨ ਸੰਤੁਸ਼ਟ ਹਨ। ਸਮੁੱਚੇ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਰਕਾਰ ਨੂੰ ਬਿਜਲੀ ਪਾਣੀ ਕਿਸਾਨਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਉਣਾ ਚਾਹੀਦਾ ਹੈ ਕਿਉਂਕਿ ਬਿਜਲੀ ਪਾਣੀ ਦੀ ਕਿੱਲਤ ਕਰ ਕੇ ਕਈ ਵਾਰ ਜ਼ਿਮੀਂਦਾਰ ਖ਼ੇਤੀ ਖ਼ੇਤਰ ਵਿਚ ਕਿਸੇ ਬਦਲ ਨੂੰ ਚਾਹੁੰਦੇ ਹੋਏ ਵੀ ਨਹੀਂ ਕਰ ਪਾਉਂਦੇ।

6 ਸਾਲ ਤੋਂ ਕਰ ਰਿਹੈ ਝੋਨੇ ਦੀ ਬਿਜਾਈ ਕੁਲਦੀਪ ਸਿੰਘ ਸ਼ੇਰਗਿੱਲ
ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਖ਼ੇਤੀ ਸਬੰਧੀ ਜਾਣਕਾਰੀਆਂ ਦੇਣ ਵਾਲੇ ਖ਼ੇਤੀ ਮਾਹਰ ਡਾ. ਕੁਲਦੀਪ ਸਿੰਘ ਸ਼ੇਰਗਿੱਲ ਪਿੰਡ ਮਰਖਾਈ 6 ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਝਾੜ ਵਿਚ ਕਿਤੇ ਉਤਰਾਅ ਚੜ੍ਹਾਅ ਦੇਖਣ ਨੂੰ ਮਿਲਿਆ ਤਾਂ ਉਸ ਵਿਚ ਤਕਨੀਕੀ ਗ਼ਲਤੀ ਹੋ ਸਕਦੀ ਹੈ। ਅਜਿਹੀਆਂ ਗ਼ਲਤੀਆਂ ਹੱਥ ਨਾਲ ਲਗਾਏ ਝੋਨੇ ਵਿਚ ਹੁੰਦੀਆਂ ਹਨ। 

ਉਨ੍ਹਾਂ ਕਿਹਾ ਕਿ ਜੇਕਰ ਕਿਤੇ ਝਾੜ ਘੱਟ ਨਿਕਲਿਆ ਹੈ ਤਾਂ ਉਸ ਨੂੰ ਇਸ ਨਜ਼ਰ ਨਾਲ ਦੇਖਿਆ ਜਾਵੇ ਕਿ ਡੀ. ਐੱਸ. ਆਰ. ਨਾਲ ਬੀਜੇ ਝੋਨੇ ਦੇ ਖ਼ਰਚੇ ਕਿੰਨੇ ਘਟੇ ਹਨ। ਉਨ੍ਹਾਂ ਕਿਹਾ ਕਿ ਬਿਜਾਈ ਸਾਨੂੰ ਪੀ. ਏ. ਯੂ. ਦੀਆਂ ਹਦਾਇਤਾਂ ਮੁਤਾਬਕ 8-9 ਇੰਚ ਦੀ ਦੂਰੀ ’ਤੇ ਕਰਨੀ ਚਾਹੀਦੀ ਹੈ ਪਰ ਕਈਆਂ ਕਿਸਾਨਾਂ ਨੇ ਆਪਣੀ ਮਰਜ਼ੀ ਨਾਲ ਇਹ ਦੂਰੀ ਵਧਾ ਦਿੱਤੀ ਜਿਸ ਕਰ ਕੇ ਵੀ ਕਈ ਜ਼ਿਮੀਦਾਰਾਂ ਦਾ ਝੋਨਾ ਘੱਟ ਨਿਕਲਿਆ ਹੈ ਪਰ ਸਿੱਧੀ ਬਿਜਾਈ ਜ਼ਿਮੀਦਾਰਾਂ ਲਈ ਵਰਦਾਨ ਸਾਬਤ ਹੋਈ ਹੈ, ਜਿਨ੍ਹਾਂ ਨੇ ਵੀ ਇਸ ਦੀ ਕਾਸ਼ਤ ਕੀਤੀ ਹੈ।


rajwinder kaur

Content Editor

Related News