ਆਜ਼ਾਦੀ ਐਲਾਨ ‘ਸੱਚ ਦੀ ਦਾਸਤਾਨ’ : ਪੰਛੀਨਾਮਾ

Monday, May 18, 2020 - 01:43 PM (IST)

ਸਾਡੀ ਸ੍ਰਿਸ਼ਟੀ ਸੱਚੇ ਰੱਬ ਦੀ ਮਿਹਰ ਭਰੀ ਬਹੁਮੁੱਲੇ ਦੇਣ ਹੈ। ਜੋ ਮਾਨਵ ਅਤੇ ਹਜ਼ਾਰਾਂ ਤਰਾਂ ਦੇ ਹੋਰ ਜੀਵ ਜੰਤੂਆਂ ਦੇ ਜੀਵਨ ਦਾ ਅਨਿਖੜਵਾਂ ਅੰਗ ਹੈ। ਜਿਸ ਤਰਾਂ ਜਾਨਵਰਾਂ, ਪਸ਼ੂ ਪੰਛੀਆਂ ਅਤੇ ਰੀਂਗਣ ਵਾਲੇ ਜੀਵਾਂ ਦੀ ਆਪਸੀ ਅਣਬਣ ਦੇ ਨਤੀਜੇ ਤਰਾਂ ਤਰਾਂ ਦੀਆਂ ਲੜਾਈਆਂ ਦੇ ਪ੍ਰਤੀਕ ਹਨ। ਏਸੇ ਤਰਾਂ ਮਨੁੱਖਾਂ ਵਿਚ ਵੀ ਆਪਸੀ ਅਣਬਣ ਅਤੇ ਵੈਰ ਵਿਰੋਧ ਕਰਕੇ ਹੁੰਦੇ ਖੂਨ ਖਰਾਬੇ ਵੀ ਇਸੇ ਕੜੀ ਦਾ ਹਿੱਸਾ ਹਨ। ਪਸ਼ੂ ਪੰਛੀ ਰੀਂਗਣ ਵਾਲੇ ਜੀਵ ਅਤੇ ਆਪਸੀ ਰਵਾਇਤੀ ਅਣਬਣ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਇਨ੍ਹਾਂ ਦੀ ਕੋਈ ਜਾਤ ਨਹੀਂ ਪਰ ਮਨੁੱਖੀ ਅਣਬਣ ਵਿਚ ਜਾਤਪਾਤ ਅਤੇ ਰੰਗ ਨਸਲ ਭਾਰੂ ਹੈ। ਇਹੋ ਇਨ੍ਹਾਂ ਦੇ ਖੂਨ ਖਰਾਬੇ ਦੀ ਵਜਾ ਹੈ, ਜਿਸ ਵਿਚ ਲੱਖਾਂ ਬੇਕਸੂਰ ਅਣਆਈ ਮੌਤ ਮਾਰੇ ਜਾਂਦੇ ਹਨ ਪਰ ਤੀਲੀ ਲਾਉਣ ਵਾਲੇ ਰਾਜਨੀਤੀਵਾਨ ਬਗੈਰ ਵਾਲ ਵਿੰਗਾ ਹੋਏ ਆਪਣੇ ਨਜ਼ਰੀਏ ’ਚ ਸਫਲ ਹੋ ਜਾਂਦੇ ਹਨ।

ਦੇਸ਼ ਵੰਡ ਵਿਚ ਕੋਈ ਪਸ਼ੂ ਪੰਛੀ ਸ਼ਾਮਲ ਨਹੀਂ ਸੀ। ਇਹ ਵੰਡ ਪ੍ਰਮਾਤਮਾ/ਅੱਲਾ ਦੇ ਨਾਮ ’ਤੇ ਹੋਈ ਪਰ ਅਫਸੋਸ ਕਿ ਇਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ। ਸਗੋਂ ਇਹ ਵੰਡ ਮਜ਼੍ਹਬੀ ਤੁਅਸਬ ਅਤੇ ਰਾਜਨੀਤਕ ਲਾਭਾਂ ’ਤੇ ਅਧਾਰਿਤ ਸੀ। ਫਿਰੰਗੀਆਂ ਦੇ ਜ਼ੁਲਮੋ ਸਿਤਮ ਦੀ ਜਦ ਇੰਤਹਾ ਹੋਈ ਤਾਂ ਇਹ ਗੁੱਸਾ ਅੰਦੋਲਨ ਦਾ ਰੂਪ ਧਾਰਨ ਕਰ ਗਿਆ। ਕੌਮ ਪਰਸਤਾਂ ਦੇ ਨਾਲ-ਨਾਲ ਫਿਰੰਗੀ ਪਰਸਤ ਵੀ ਦਿਖਾਵੇ ਵਜੋਂ ਆਜ਼ਾਦੀ ਸੰਗਰਾਮ ਵਿਚ ਸ਼ਰੀਕ ਹੋਏ। ਪਰ ਵਤਨ ਪਰਸਤਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਕਰਕੇ ਖਤਾ ਹੀ ਖਾਧੀ। ਆਜ਼ਾਦੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਨੀਅਤ ਨਾਲ ਫਿਰੰਗੀਆਂ ਹਿੰਦੂ-ਮੁਸਲਿਮਾ ਵਿਚ ਮਜ਼੍ਹਬੀ ਤੁਅਸਬ ਦਾ ਬੀਜ ਬੀਜ ਦਿੱਤਾ । ਤਾਂ ਕਿ ਬਣਨ ਵਾਲੇ ਦੋਹਾਂ ਮੁਲਕਾਂ ਦੀ ਆਰਥਿਕ ਅਤੇ ਫੌਜੀ ਸਹਾਇਤਾ ਦੇ ਨਾਮ ’ਤੇ ਲੁੱਟ-ਕਸੁੱਟ ਕੀਤੀ ਜਾ ਸਕੇ। ਇਸ ਲਈ ਉਨ੍ਹਾਂ ਆਪਣੇ ਯਾਰਾਂ ਦੀਆਂ ਹਿੰਦੂ-ਮੁਸਲਿਮ ਤਨਜੀਮਾਂ ਰਾਹੀਂ ਪਾਕਿਸਤਾਨ ਦੀ ਮੰਗ ਰਖਵਾਈ। ਦੂਜੀ ਧਿਰ ਵਲੋਂ ਇਸ ਦਾ ਵਿਦਰੋਹ ਕਰਵਾਇਆ। ਨਫਰਤਾਂ ਦੇ ਨਸ਼ਤਰ ਤਿੱਖੇ ਹੋਣ ਲੱਗੇ। ਫਿਰ ਵੀ ਉਨ੍ਹਾਂ ਦੀ ਜਾਨ ਦੇ ਜੋਖਮ ਵਿਚ ਕਮੀ ਨਾ ਆਈ। ਤਦੋਂ ਫਿਰੰਗੀ ਲਈ  ਇਹ ਡਾਹਢੇ ਫਿਕਰ ਦੀ ਘੜੀ ਸੀ ਕਿ ਉਹ ਦੂਜੀ ਆਲਮੀ ਜੰਗ ਵਿਚ 'ਕੱਲਾ ਹੀ ਜੂਝ ਰਿਹਾ ਸੀ ਦੁਨੀਆਂ ਦਾ ਥਾਣੇਦਾਰ ਸਮਝਿਆ ਜਾਂਦਾ ਅਮਰੀਕਾ ਵੀ ਉਸ ਨਾਲ ਨਾ ਤੁਰਿਆ। ਦੂਜੇ ਪਾਸੇ ਜਰਮਨ, ਇਟਲੀ ਅਤੇ ਜਪਾਨ ਦੇ ਤੇਗੜੇ ਨੇ ਇੰਗਲੈਂਡ ਅਤੇ ਉਹਦੀਆਂ ਬਸਤੀਆਂ ਨੂੰ ਖਦੇੜਨਾ ਅਤੇ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਫਿਰੰਗੀ ਨੇ ਨਮੋਸ਼ੀ ਭਰੀ ਹਾਰ ਤੋਂ ਬਚਣ ਲਈ ਅਮਰੀਕਾ ਦੇ ਚਰਨੀ ਡਿਗਣ ਦਾ ਫੈਸਲਾ ਕਰਦਿਆਂ ਉਸ ਨੂੰ ਮਦਦ ਦੀ ਗੁਹਾਰ ਲਗਾਈ। ਅਮਰੀਕੀਆਂ ਨੇ ਇੰਗਲੈਂਡ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਬਦਲੇ ਵਿਚ " ਇਟਲਾਂਟਿਕ ਚਾਰਟਰ " ਦੇ ਕਰਾਰ ਮੁਤਾਬਕ ਇੰਗਲੈਂਡ ਤੋਂ ਦੋ ਸਾਲ ਦੇ ਅੰਦਰ-ਅੰਦਰ ਨੌ ਆਬਾਦੀਅਤ ਭਾਵ ਗੁਲਾਮ ਮੁਲਕਾਂ ਨੂੰ ਆਜ਼ਾਦ ਕਰਨ ਦਾ ਵਚਨ ਲਿਆ ਪਰ ਅਫਸੋਸ ਕਿ ਫਿਰੰਗੀ ਨੂੰ ਇਹ ਸ਼ਰਤ ਹਜਮ ਨਾ ਹੋਈ। ਜਦ ਜਰਮਨ ਅਤੇ ਜਪਾਨ ਨੇ ਇੰਗਲੈਂਡ ਅਤੇ ਉਹਦੀਆਂ ਬਸਤੀਆਂ ਦੇ ਬਖੀਏ ਉਧੇੜ ਦਿੱਤੇ ਤਾਂ ਵਾਹ ਚਲਦੀ ਨਾ ਦੇਖ ਕੇ :-

' ਜੇ ਧਨ ਜਾਂਦਾ ਦੇਖੀਏ ਤਾਂ ਅੱਧਾ ਦਈਏ ਲੁਟਾ '

ਦੇ ਆਖਾਣ ਮੁਤਾਬਕ ਉਨ੍ਹਾਂ ਅਮਰੀਕਾ ਦੀ ਇਸ ਸ਼ਰਤ ਨੂੰ ਕਬੂਲ ਕਰਦਿਆਂ ਚਾਰਟਰ ’ਤੇ ਦਸਤਖਤ ਕਰ ਦਿੱਤੇ। ਹੁਣ ਜਿਥੇ ਅਮਰੀਕਾ ਨੇ ਜਪਾਨ ਅਤੇ ਜਰਮਨ ਨੂੰ ਹਰਾਉਣਾ ਸੀ, ਉਥੇ ਇੰਗਲੈਂਡ ਨੇ ਦੋ ਸਾਲਾਂ ਵਿਚ ਭਾਰਤ ਨੂੰ ਆਜ਼ਾਦ ਕਰ ਦੇਣਾ ਸੀ। ਚਾਰਟਰ ਦੇ ਸਮਝਾਉਤੇ ਮੁਤਾਬਕ ਅਮਰੀਕਾ ਨੇ ਜਪਾਨ ਦੇ ਹੀਰੋਸੀਮਾ ਅਤੇ ਨਾਗਾਸਾਕੀ ਸ਼ਹਿਰਾਂ ਤੇ ਕਰਮਵਾਰ 6 ਅਤੇ 9 ਅਗਸਤ 1945 ਨੂੰ ਐਟਮ ਬੰਬ ਸੁੱਟੇ।

"ਇਸ ਬੰਬ ਦੀ ਤਾਕਤ ਕਾਰਨ ਐਂਟਲਾਟਿਕ ਚਾਰਟਰ ਬਣਿਆਂ,
ਬਸਤੀਵਾਦ ਖਤਮ ਹੈ ਕਰਨਾ ਪਹਿਲੀ ਸ਼ਰਤ ਲਿਖਾਈ।"

-ਸੋਬਤੀ
ਲੱਖਾਂ ਜਪਾਨੀ ਇਸ ਦੀ ਭੇਟ ਚੜਗੇ। ਵਾਹ ਚਲਦੀ ਨਾ ਦੇਖ ਕੇ ਜਰਮਨ ਨੇ ਵੀ ਹਥਿਆਰ ਸੁੱਟ ਦਿੱਤੇ। 1945 ਵਿਚ ਇੰਗਲੈਂਡ ਅਤੇ ਅਮਰੀਕਾ ਵਿੱਚਕਾਰ ਹੋਏ ਇਟਲਾਂਟਿਕ ਚਾਰਟਰ ਸਮਝੌਤੇ ਵਾਰੇ ਭਾਰਤੀ ਕਾਂਗਰਸ ਭਲੀਭਾਂਤ ਜਾਣੂੰ ਸੀ। ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਦੇਸ਼ ਦੇ ਨਾਲ-ਨਾਲ ਪੰਜਾਬ ਅਤੇ ਬੰਗਾਲ ਦੀ ਵੰਡ ਦੀ ਵੀ ਹਾਮੀ ਸੀ। ਉਨ੍ਹਾਂ ਦਾ ਤਰਕ ਇਹ ਸੀ ਕਿ ਪੰਜਾਬੀਆਂ ਅਤੇ ਬੰਗਾਲੀਆਂ ਵਿਚ ਕੌਮ ਅਤੇ ਵਤਨ ਪ੍ਰਸਤੀ ਦੇ ਜਜ਼ਬੇ ਦਾ ਕੋਈ ਸਾਨੀ ਨਹੀਂ, ਆਜ਼ਾਦੀ ਸੰਘਰਸ਼ ਵਿਚ ਇਨ੍ਹਾਂ ਦੀ ਕੁਰਬਾਨੀ ਲਾ ਮਿਸਾਲ ਹੈ। ਉਮਰ ਭਰ ਇਨ੍ਹਾਂ ਸਾਨੂੰ ਟਿਕ ਕੇ ਬੈਠਣ ਨਹੀਂ ਦੇਣਾ।
ਜੰਗ ਆਜ਼ਾਦੀ ਵਿਚ ਪੰਜਾਬੀ ਸਿੱਖਾਂ ਦਾ ਹਿੱਸਾ ਸਭ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਕੁੱਲ ਫਾਂਸੀ ਚੜੇ 121 ਵਿਚੋਂ 93 ਸਿੱਖ, ਕੁੱਲ ਉਮਰ ਕੈਦੀਆਂ 2646 ਵਿਚੋਂ 2147 ਸਿੱਖ, ਜਲ੍ਹਿਆਂਵਾਲਾ ਬਾਗ ਸਾਕਾ ਕੁੱਲ ਸ਼ਹੀਦ 1300 ਵਿਚੋਂ 799 ਸਿੱਖ, ਬਜ ਬਜ ਘਾਟ ਗੋਲੀ ਕਾਂਡ ’ਚ ਕੁੱਲ ਸ਼ਹੀਦ 113 ਵਿਚੋਂ 67 ਸਿੱਖ, ਕੂਕਾ ਲਹਿਰ ’ਚ 91 ਅਤੇ 'ਕਾਲੀ ਲਹਿਰ ਵਿਚ 500 ਸਿੱਖ ਸ਼ਹੀਦ ਹੋਏ। ਪਰ ਅਫਸੋਸ ਕਿ ਆਜ਼ਾਦੀ ਦਾ ਸਿਹਰਾ ਗਾਂਧੀ, ਨਹਿਰੂ ਹੋਰੀਂ ਹੀ ਲੈ ਗਏ।
ਸ਼ੇਅਰ ਹੈ:-

"ਦਰਦੀ ਨਾਲ ਵਿਗਾੜ ਰਿਹਾ ਏ ਚੜ੍ਹ ਕੇ ਢਹੇ ਸ਼ਰੀਕਾਂ ਦੇ, ਨਾਲੇ ਮੂੰਹ ਵਿਚ ਚੋਗਾ ਦਿੰਦਾ ਕਰਦਾ ਹੈ ਰਖਵਾਲੀ ਵੀ ।
ਯੂ.ਪੀ. ਦਾ ਸਰਬਾਲਾ ਲੈ ਗਿਆ ਆਜ਼ਾਦੀ ਦੀ ਲਾੜੀ ਨੂੰ
ਭੇਟ ਸਿਰਾਂ ਦੀ ਦਿੰਦੇ ਰਹਿਗੇ ਪੰਜਾਬੀ ਵੀ ਬੰਗਾਲੀ ਵੀ "।

(ਸਤਨਾਮ ਸਿੰਘ ਦਰਦੀ)
ਕੇਂਦਰ ਪੰਜਾਬ ਦਾ ਕਦੇ ਸਕਾ ਨਾ ਬਣਿਆਂ। ਨਹਿਰੂ ਅਤੇ ਪਟੇਲ ਨੇ ਵੀ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਪਰਤੀ ਈਰਖਾ ਹੀ ਰੱਖੀ। ਪਾਕਿਸਤਾਨ ਤੋਂ ਉੱਜੜ ਕੇ ਆਏ ਸਿੱਖਾਂ ਨੂੰ ਹਿੰਦੂ ਬਹੁ ਵਸੋਂ ਵਾਲੇ ਇਲਾਕਿਆਂ ਅਤੇ ਹਿੰਦੂਆਂ ਨੂੰ ਸਿੱਖ ਰਿਆਸਤਾਂ ਵਿਚ ਵਸਾਇਆ। ਜ਼ਮੀਨਾਂ ਵੀ ਬਦਲੇ ਵਿਚ ਕਾਟ ਕੱਟ ਕੇ ਅੱਧੀਆਂ ਹੀ ਦਿੱਤੀਆਂ। ਰਾਜਨੀਤਕ ਚਾਲ ਇਹ ਸੀ ਕਿ ਪੰਜਾਬ ਵਿਚ ਸਿਖਾਂ ਦਾ ਬਹੁ ਮਤ ਤੋੜਿਆ ਜਾਵੇਂ। ਇਹੋ ਨਹੀਂ ਸਗੋਂ ਨਹਿਰੂ ਹਕੂਮਤ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਦੇ ਨਾਮ ਪੁਰ ਇਹ ਗਸ਼ਤੀ ਪੱਤਰ ਜਾਰੀ ਕੀਤਾ ਗਿਆ ਕਿ ਸਿੱਖ ਇਕ ਜਰਾਇਮ ਪੇਸ਼ਾ ਕੌਮ ਹੈ। ਇਨ੍ਹਾਂ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਵੇ। ਇਹੀ ਹੀ ਨਹੀਂ ਸਗੋਂ ਨਹਿਰੂ ਹਕੂਮਤ ਨੇ ਅੰਗਰੇਜ਼ ਸਰਕਾਰ ਵਲੋਂ ਫੌਜ ਵਿਚ ਸਿੱਖਾਂ ਦੀ 17% ਰਾਖਵਾਂਕਰਨ ਦੇ ਕਾਇਦੇ ਨੂੰ ਵੀ ਖਤਮ ਕਰ ਦਿੱਤਾ।

ਬਟਵਾਰੇ ਸਮੇਂ ਅਬਾਦੀ ਦੇ ਤਬਾਦਲੇ ’ਤੇ ਚਲਦਿਆਂ ਲੱਖਾਂ ਲੋਕ ਮਜ੍ਹਬੀ ਤੁਅਸਬ ਦੀ ਭੇਟ ਚੜ੍ਹ ਗਏ। ਕੋਹ ਕੋਹ ਕੇ ਮਾਰੇ ਗਏ। ਹਜ਼ਾਰਾਂ ਬਹੁ ਬੇਟੀਆਂ ਨੂੰ ਫਿਰਕੂ ਦਰਿੰਦਿਆਂ ਨੇ ਉਧਾਲ ਕੇ ਬੇਪਤ ਕੀਤਾ। ਅਰਬਾਂ ਦੀ ਸੰਪਤੀ ਤਬਾਹ ਹੋ ਗਈ। ਦੂਜੇ ਪਾਸੇ ਹਕੂਮਤ ਸਾਂਭਣ ਦੇ ਚਾਅ ਵਿਚ ਲੀਡਰਸ਼ਿਪ ਜਸ਼ਨ ਮਨਾ ਰਹੀ ਸੀ। ਮੇਰਾ ਸ਼ੇਅਰ ਹੈ:-

'ਤਖ਼ਤ ਪਾ ਕਰ ਬਨ ਗਏ ਹਾਕਿਮ ਤੋ ਸਦੀਓਂ ਕੇ ਗੁਲਾਮ,
ਜ਼ਿਹਨੀਯੱਤ ਜੋ ਥੀ ਗ਼ੁਲਾਮਾਨਾ, ਗ਼ੁਲਾਮਾਨਾ ਰਹੀ'।

ਦੇਸ਼ ਦੀ ਵੰਡ ਨੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਤਦੋਂ ਦੇ ਅਥਾਹ ਪੀੜਾਂ ਸਹਿਣ ਕਰਨ ਵਾਲੇ ਜਿੰਦਾ ਸ਼ਹੀਦ ਇਤਿਹਾਸਕ ਪਾਤਰਾਂ ਨੂੰ ਬੜੀ ਮੁਸ਼ੱਕਤ ਨਾਲ ਲੱਭ-ਲੱਭ ਕੇ ਪਾਠਕਾਂ ਦੇ ਰੂ-ਬ-ਰੂ ਕਰਨ ਦਾ ਵਡਮੁੱਲਾ ਉੱਦਮ, ਬਹੁਤ ਸਾਰੇ ਉਦਮੀ ਨੌਜਵਾਨ ਵੀਡੀਓਜ਼ ਦੇ ਜ਼ਰੀਏ ਜਾਂ ਆਪਣੀਆਂ ਲਿਖਤਾਂ ਨਾਲ ਸਰੋਤਿਆਂ/ਪਾਠਕਾਂ ਦੇ ਰੂ ਬ ਰੂ ਕਰ ਰਹੇ ਹਨ। ਆਸ ਹੈ ਕਿ ਆਉਣ ਵਾਲੀਆਂ ਨਸਲਾਂ ਇਸ ਦੁਖਾਂਤਕ ਘਟਨਾਕ੍ਰਮ ਤੋਂ ਸਬਕ ਅਤੇ ਸੇਧ ਲੈਂਦੀਆਂ ਰਹਿਣ ਗੀਆਂ।
ਪਰਦੇ ਪਿੱਛੇ ਸੱਚ ਦੀ ਦਾਸਤਾਨ ਬਿਆਨ ਕਰਦੀ ਸ:ਈਸ਼ਰ ਸਿੰਘ ਸੋਬਤੀ ਦੀ ਪੁਸਤਕ 'ਹਕੀਕਤ-ਏ-ਤਕਸੀਮ-ਏ-ਵਤਨ' ਉਪਰੋਕਤ ਹਵਾਲੇ ਦੇਣ ਲਈ, ਸਾਡੀ ਮਦਦਗਾਰ ਹੋਈ ਐ। ਮੈਂ ਸੋਬਤੀ ਸਾਹਿਬ ਦਾ ਅਹਿਸਾਨਮੰਦ ਅਤੇ ਸ਼ੁਕਰਗੁਜ਼ਾਰ ਹਾਂ।

PunjabKesari

ਸਰਦਾਰ ਪੰਛੀ
94170-91668


rajwinder kaur

Content Editor

Related News