ਪੀ. ਯੂ. ਦਾ 18 ਕਰੋੜ ਦਾ ਘਾਟਾ ਪੂਰਾ ਕਰੇਗੀ ਪੰਜਾਬ ਸਰਕਾਰ
Wednesday, Feb 14, 2018 - 05:54 AM (IST)

ਚੰਡੀਗੜ੍ਹ, (ਰਸ਼ਮੀ)- ਪੰਜਾਬ ਯੂਨੀਵਰਸਿਟੀ ਦੇ ਬੋਰਡ ਆਫ ਫਾਈਨਾਂਸ (ਬੀ. ਓ. ਐੱਫ.) ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਪੀ. ਯੂ. ਦਾ ਪਿਛਲਾ 18 ਕਰੋੜ ਦਾ ਘਾਟਾ ਪੂਰਾ ਕਰਨ ਲਈ ਇੰਨੀ ਰਕਮ ਦੇਣ ਦੀ ਹਾਮੀ ਭਰ ਦਿੱਤੀ ਹੈ। ਇਹ ਵੀ ਤੈਅ ਹੋਇਆ ਕਿ ਕੇਂਦਰ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ ਸਾਲਾਨਾ 6 ਫੀਸਦੀ ਦੇ ਵਾਧੇ ਨਾਲ ਆਪਣਾ ਹਿੱਸਾ ਦੇਵੇਗੀ। ਮੀਟਿੰਗ ਵਿਚ ਪੰਜਾਬ ਸਰਕਾਰ ਪ੍ਰਿੰਸੀਪਲ ਫਾਈਨਾਂਸ ਸੈਕਟਰੀ ਅਨਿਰੁਧ ਤਿਵਾੜੀ ਵੀ ਮੌਜੂਦ ਰਹੇ।
ਮੀਟਿੰਗ ਵਿਚ ਭਰੋਸਾ ਦੁਆਇਆ ਗਿਆ ਕਿ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਜਿਵੇਂ ਹੀ ਪੰਜਾਬ ਵਿਚ ਲਾਗੂ ਹੋਣਗੀਆਂ, ਉਨ੍ਹਾਂ ਨੂੰ ਉਂਝ ਹੀ ਪੀ. ਯੂ. ਵਿਚ ਵੀ ਲਾਗੂ ਕਰ ਦਿੱਤਾ ਜਾਵੇਗਾ। ਮੀਟਿੰਗ ਵਿਚ ਇਹ ਵੀ ਚਰਚਾ ਹੋਈ ਕਿ ਪੰਜਾਬ ਸਰਕਾਰ ਪੀ. ਯੂ. ਨੂੰ ਦਿੱਤੇ ਜਾਣ ਵਾਲੇ ਆਰਥਿਕ ਹਿੱਸੇ ਨੂੰ ਕਿੰਨਾ ਵਧਾ ਕੇ ਦੇ ਸਕਦੀ ਹੈ, ਜਿਸ ਨਾਲ ਉਸ ਦਾ ਆਰਥਿਕ ਸੰਕਟ ਖਤਮ ਹੋ ਜਾਵੇ ਤੇ ਪੀ. ਯੂ. ਨੂੰ ਹਰਿਆਣਾ ਤੋਂ ਮਦਦ ਨਾ ਲੈਣੀ ਪਏ।
ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਹਲਫਨਾਮਾ ਦੇ ਕੇ ਇਸ ਦਾ ਵਿਰੋਧ ਕੀਤਾ ਜਾ ਚੁੱਕਾ ਹੈ ਕਿ ਹਰਿਆਣਾ ਦੇ ਕਾਲਜ ਪੀ. ਯੂ. ਨਾਲ ਨਾ ਜੋੜੇ ਜਾਣ। ਇਸ ਦੇ ਬਦਲੇ ਪੀ. ਯੂ. ਨੂੰ ਜਿੰਨੀ ਵੀ ਆਰਥਿਕ ਮਦਦ ਚਾਹੀਦੀ ਹੈ, ਪੰਜਾਬ ਸਰਕਾਰ ਦੇਵੇਗੀ। ਫਿਲਹਾਲ ਆਰਥਿਕ ਸੰਕਟ ਸਬੰਧੀ ਮਾਮਲਾ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ।