ਪੀ. ਐੱਨ. ਬੀ. ਤੋਂ ਰਿਟਾਇਰਡ ਹੈੱਡ ਕੈਸ਼ੀਅਰ ਦੀ ਮੌਤ

Saturday, Sep 09, 2017 - 08:15 AM (IST)

ਪੀ. ਐੱਨ. ਬੀ. ਤੋਂ ਰਿਟਾਇਰਡ ਹੈੱਡ ਕੈਸ਼ੀਅਰ ਦੀ ਮੌਤ

ਜਲੰਧਰ, (ਜ. ਬ.)— ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਇੰਡਸਟ੍ਰੀਅਲ ਏਰੀਆ ਤੋਂ ਰਿਟਾਇਰਡ ਹੋਏ ਹੈੱਡ ਕੈਸ਼ੀਅਰ ਕ੍ਰਿਸ਼ਨ ਲਾਲ ਤ੍ਰੇਹਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਨ੍ਹਾਂ ਦੇ ਬੇਟੇ ਦਾ ਦੋਸ਼ ਹੈ ਕਿ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ ਅਤੇ ਹੱਤਿਆ ਦੂਸਰੀ ਪਤਨੀ ਨੇ ਆਪਣੀ ਭੈਣ ਅਤੇ ਜੀਜੇ ਨਾਲ ਮਿਲ ਕੇ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਹਸਪਤਾਲ ਥਾਣਾ ਨੰ. 3 ਦੇ ਐੱਸ. ਐੱਚ. ਓ. ਵਿਜੇ ਕੰਵਰਪਾਲ ਪਹੁੰਚੇ ਅਤੇ ਮ੍ਰਿਤਕ ਦੇ ਬੇਟੇ ਧਰਮਿੰਦਰ ਨਿਵਾਸੀ ਕਰਾਰ ਖਾਂ ਮੁਹੱਲਾ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਲੋਕਾਂ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਕ੍ਰਿਸ਼ਨ ਲਾਲ ਤ੍ਰੇਹਨ ਦਾ ਬੇਟੇ ਧਰਮਿੰਦਰ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਦੇ ਪਿਤਾ ਕ੍ਰਿਸ਼ਨ ਲਾਲ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ ਅਤੇ ਸਾਰੇ ਵਿਆਹੇ ਹਨ, ਉਸ ਦੇ ਪਿਤਾ ਬੈਂਕ ਤੋਂ ਰਿਟਾਇਰਡ ਹੋਏ ਸਨ ਅਤੇ ਕਰੀਬ ਸੰਨ 1998 ਵਿਚ ਉਨ੍ਹਾਂ ਦੀ ਪਤਨੀ ਮੀਨਾ ਦੀ ਬੀਮਾਰੀ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ 2004 ਵਿਚ ਉਸ ਦੇ ਪਿਤਾ ਨੇ ਰਾਣੀ ਨਾਂ ਦੀ ਔਰਤ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਸ ਦੇ ਪਿਤਾ ਰਾਣੀ ਦੇ ਨਾਲ ਕਈ ਥਾਵਾਂ 'ਤੇ ਕਿਰਾਏ ਦੇ ਮਕਾਨ 'ਚ ਰਹਿਣ ਲੱਗੇ। 
ਆਖਰਕਾਰ ਰਸਤਾ ਮੁਹੱਲਾ ਰਾਣੀ ਦੀ ਭੈਣ ਰੀਟਾ ਅਤੇ ਉਸ ਦੇ ਪਤੀ ਹੈਪੀ ਦੇ ਮਕਾਨ 'ਚ ਉਸ ਦੇ ਪਿਤਾ ਕਿਰਾਏ 'ਤੇ ਰਹਿ ਕੇ ਉਨ੍ਹਾਂ ਨੂੰ ਹਰ ਮਹੀਨੇ 3500 ਰੁਪਏ ਦੇਣ ਲੱਗੇ। ਧਰਮਿੰਦਰ ਦੇ ਮੁਤਾਬਕ ਉਨ੍ਹਾਂ ਦੇ ਪਿਤਾ ਦੇ ਨਾਲ ਤਿੰਨੋਂ ਲਗਾਤਾਰ ਮਾਰਕੁੱਟ ਕਰਨ ਲੱਗੇ। ਕੁਝ ਦਿਨ ਪਹਿਲਾਂ ਪਿਤਾ ਉਸ ਦੇ ਕੋਲ ਆਏ ਅਤੇ ਇਸ ਸੰਬੰਧੀ ਉਸ ਨੂੰ ਦੱਸਿਆ। ਉਸ ਨੇ ਪਿਤਾ ਦੀ ਸਿਵਲ ਹਸਪਤਾਲ ਤੋਂ ਐੱਮ. ਐੱਲ. ਆਰ. ਵੀ ਕਟਵਾਈ ਅਤੇ ਥਾਣਾ ਨੰਬਰ 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਪੁਲਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। 
ਪਿਤਾ ਨੇ ਉਸ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪਿਸ਼ਾਬ ਨਿਕਲ ਜਾਣ ਕਾਰਨ ਪਤਨੀ ਕਮਰੇ ਵਿਚ ਗੰਦਗੀ ਫੈਲਾਉਣ ਦੇ ਦੋਸ਼ ਲਾ ਕੇ ਮਾਰਕੁੱਟ ਕਰਦੀ ਹੈ। ਧਰਮਿੰਦਰ ਨੇ ਦੱਸਿਆ ਕਿ ਕੁਝ ਸਮੇਂ ਤਕ ਪਿਤਾ ਉਨ੍ਹਾਂ ਦੇ ਕੋਲ ਕਰਾਰ ਖਾਂ ਮੁਹੱਲਾ ਵੀ ਰਹੇ ਪਰ ਇਸੇ ਦੌਰਾਨ ਰਾਣੀ ਨੇ ਫੋਨ ਕਰ ਕੇ ਮੁਆਫੀ ਮੰਗ ਕੇ ਉਨ੍ਹਾਂ ਨੂੰ ਵਾਪਸ ਆਪਣੇ ਕੋਲ ਬੁਲਾ ਲਿਆ। ਅੱਜ ਉਨ੍ਹਾਂ ਨੂੰ ਰੀਟਾ ਦਾ ਫੋਨ ਆਇਆ ਕਿ ਉਸ ਦੀ ਭੈਣ ਰਾਣੀ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਹਸਪਤਾਲ ਵਿਚ ਦਾਖਲ ਹੈ ਅਤੇ ਉਹ ਉਨ੍ਹਾਂ ਦੇ ਪਿਤਾ ਦੀ ਸੇਵਾ ਨਹੀਂ ਕਰ ਸਕਦੀ। ਉਹ ਆਪਣੇ ਪਿਤਾ ਨੂੰ ਨਾਲ ਲੈ ਜਾਵੇ।
ਇਹ ਸੁਣ ਕੇ ਉਹ ਤੁਰੰਤ ਆਪਣੀ ਭੈਣ ਰਾਖੀ ਖੁਰਾਣਾ ਨਿਵਾਸੀ ਸ਼ੇਖਾਂ ਬਾਜ਼ਾਰ ਦੇ ਨਾਲ ਰਸਤਾ ਮੁਹੱਲਾ ਪਹੁੰਚਿਆ ਅਤੇ ਰੀਟਾ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਰਿਕਸ਼ੇ 'ਤੇ ਬਿਠਾ ਕੇ ਉਨ੍ਹਾਂ ਦੇ ਘਰ ਉਸ ਨੇ ਭੇਜ ਦਿੱਤਾ ਹੈ। ਧਰਮਿੰਦਰ ਮੁਤਾਬਕ ਇਹ ਸੁਣ ਕੇ ਉਹ ਜਿਵੇਂ ਹੀ ਮੁਹੱਲਾ ਕਰਾਰ ਖਾਂ ਪਹੁੰਚਿਆ ਤਾਂ ਉਸ ਦੇ ਪਿਤਾ ਨੂੰ ਰਿਕਸ਼ੇ 'ਤੇ ਦੋ ਔਰਤਾਂ ਅਤੇ ਦੋ ਮਰਦ ਛੱਡਣ ਪਹੁੰਚੇ ਹੋਏ ਸਨ। ਪੁੱਛਣ 'ਤੇ ਇਕ ਔਰਤ ਨੇ ਦੱਸਿਆ ਕਿ ਉਹ ਹੈਪੀ ਦੀ ਭੈਣ ਹੈ। ਪਿਤਾ ਨੇ ਉਸ ਨੂੰ ਦੱਸਿਆ ਕਿ ਉਸ ਦੇ ਨਾਲ ਰਾਣੀ, ਉਸ ਦੀ ਭੈਣ ਰੀਟਾ ਅਤੇ ਉਸ ਦੇ ਪਤੀ ਹੈਪੀ ਨੇ ਮਾਰਕੁੱਟ ਕਰਨ ਦੇ ਨਾਲ ਗਰਮ ਪ੍ਰੈੱਸ ਉਸ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਲਾਈ। ਪਿਤਾ ਨੂੰ ਉਸ ਨੇ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਕੁਝ ਦੇਰ ਬਾਅਦ ਮੌਤ ਹੋ ਗਈ। ਉਥੇ ਐੱਸ. ਐੱਚ. ਓ. ਵਿਜੇ ਕੰਵਰਪਾਲ ਨੇ ਦੱਸਿਆ ਕਿ ਪੁਲਸ ਨੇ ਰਾਣੀ, ਉਸ ਦੀ ਭੈਣ ਰੀਟਾ ਅਤੇ ਪਤੀ ਹੈਪੀ ਦੇ ਖਿਲਾਫ ਹੱਤਿਆ ਕਰਨ ਸੰਬੰਧੀ ਕੇਸ ਦਰਜ ਕਰ ਲਿਆ ਹੈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 


Related News