ਪੀ. ਜੀ. ’ਚ ਰਹਿ ਰਹੀ ਲੜਕੀ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ

01/28/2023 1:18:42 AM

ਖਰੜ (ਰਣਬੀਰ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਦੇਸੂਮਾਜਰਾ ਵਿਖੇ ਅੱਜ ਸਵੇਰੇ ਇਕ ਲੜਕੀ, ਜੋ ਪੀ. ਜੀ. ’ਚ ਰਹਿ ਰਹੀ ਸੀ, ਦੀ ਲਾਸ਼ ਉਸ ਦੇ ਕਮਰੇ ’ਚ ਪਈ ਹੋਣ ਦੀ ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਥਾਂ ਅਤੇ ਇਸ ਦੇ ਆਸ-ਪਾਸ ਲੋਕਾਂ ’ਚ ਦਹਿਸ਼ਤ ਫੈਲ ਗਈ। ਮੌਤ ਦਾ ਕਾਰਨ ਖ਼ੁਦਕੁਸ਼ੀ ਜਾਂ ਕਤਲ ਹੈ, ਇਸ ਦਾ ਪਤਾ ਲਾਉਣ ਦੀ ਪੁਲਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ’ਤੇ ਇਕੱਠੇ ਹੋਏ ਵਿਅਕਤੀਆਂ ਵੱਲੋਂ ਇਸ ਦੀ ਇਤਲਾਹ ਫੌਰੀ ਪੁਲਸ ਨੂੰ ਦਿੱਤੇ ਜਾਣ ’ਤੇ ਡੀ. ਐੱਸ. ਪੀ. ਖਰੜ ਰੁਪਿੰਦਰਦੀਪ ਕੌਰ ਸੋਹੀ ਤੇ ਐੱਸ. ਐੱਚ. ਓ. ਸਦਰ ਭਗਤਵੀਰ ਸਿੰਘ ਮੌਕੇ ’ਤੇ ਪੁੱਜ ਗਏ ਅਤੇ ਘਟਨਾ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ।

ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ, ਢਾਈ ਸਾਲਾ ਬੱਚੀ ਦੀ ਇੰਝ ਗਈ ਜਾਨ

ਜਾਣਕਾਰੀ ਮੁਤਾਬਕ 23 ਸਾਲਾ ਸ਼ਰਨਜੀਤ ਕੌਰ ਪੁੱਤਰੀ ਹਰਜੀਤ ਸਿੰਘ ਪਿੰਡ ਬੁੱਚੇ ਨੰਗਲ ਗੁਰਦਾਸਪੁਰ ਹਾਲ ਵਾਸੀ ਅਕਾਲੀ ਟਾਵਰ ਦੇਸੂਮਾਜਰਾ ਡੇਢ ਸਾਲ ਤੋਂ ਇਥੇ ਕਮਰੇ ’ਚ ਰਹਿ ਰਹੀ ਸੀ। ਅੱਜ ਦਿਨੇ ਸਾਢੇ 11 ਵਜੇ ਤਕ ਉਸ ਦੇ ਕਮਰੇ ’ਚ ਕੋਈ ਹਲਚਲ ਨਾ ਹੁੰਦੀ ਵੇਖ ਕੇ ਉਸ ਦੇ ਗੁਆਂਢੀਆਂ ਨੇ ਉਥੇ ਜਾ ਕੇ ਦੇਖਿਆ ਤਾਂ ਸ਼ਰਨਜੀਤ ਕੌਰ ਬੇਸੁੱਧ ਹਾਲਤ ’ਚ ਬੈੱਡ ’ਤੇ ਪਈ ਸੀ, ਜਿਸ ਦੀ ਜਾਂਚ ਕੀਤੀ ਤਾਂ ਉਹ ਮ੍ਰਿਤਕ ਪਾਈ ਗਈ।

ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ

ਐੱਸ. ਐੱਚ. ਓ‌. ਭਗਤਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਰਨਜੀਤ ਕੌਰ ਇਕੱਲੀ ਹੀ ਇੱਥੇ ਰਹਿੰਦੀ ਸੀ, ਜੋ ਪਹਿਲਾਂ ਬਲੌਂਗੀ ਵਿਖੇ ਕੰਮ ਕਰਦੀ ਸੀ ਪਰ ਅੱਜਕਲ ਫ੍ਰੀ ਸੀ। ਸ਼ਾਇਦ ਉਹ ਆਪਣੇ ਪਰਿਵਾਰ ਨਾਲ ਸੰਪਰਕ ’ਚ ਨਹੀਂ ਸੀ ਕਿਉਂਕਿ ਜਦੋਂ ਦੀ ਉਹ ਇਥੇ ਰਹਿ ਰਹੀ ਸੀ, ਕਿਸੇ ਨੂੰ ਵੀ ਉਸ ਕੋਲ ਆਉਂਦੇ-ਜਾਂਦੇ ਨਹੀਂ ਦੇਖਿਆ। ਬੀਤੀ ਰਾਤ ਉਹ ਬਿਲਕੁਲ ਠੀਕ ਸੀ। ਘਟਨਾ ਨਾਲ ਸਬੰਧਿਤ ਕੁਝ ਅਹਿਮ ਸੁਰਾਗ਼ ਪੁਲਸ ਵੱਲੋਂ ਘਟਨਾ ਵਾਲੀ ਥਾਂ ਤੋਂ ਕਬਜ਼ੇ ’ਚ ਲਏ ਗਏ ਹਨ। ਫਿਲਹਾਲ ਪੁਲਸ ਨੇ ਲਾਸ਼ ਸਿਵਲ ਹਸਪਤਾਲ ਖਰੜ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।‌ ਮੌਤ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਪਿੱਛੋਂ ਹੀ ਪਤਾ ਲੱਗੇਗਾ। ਘਟਨਾ ਸਬੰਧੀ ਮ੍ਰਿਤਕਾ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਇਥੇ ਪੁੱਜਣ ਪਿੱਛੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : IND Vs NZ Ist T20 : ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ


Manoj

Content Editor

Related News