ਪੀ. ਸੀ. ਆਰ. ਕਰਮਚਾਰੀ ’ਤੇ ਹਮਲਾ, ਪਾਡ਼ੀ ਵਰਦੀ

Monday, Jul 30, 2018 - 05:47 AM (IST)

ਪੀ. ਸੀ. ਆਰ. ਕਰਮਚਾਰੀ ’ਤੇ ਹਮਲਾ, ਪਾਡ਼ੀ ਵਰਦੀ

ਲੁਧਿਆਣਾ, (ਰਿਸ਼ੀ)- ਸ਼ਨੀਵਾਰ ਨੂੰ ਰਾਜਗੁਰੂ ਨਗਰ ਮਾਰਕੀਟ ਵਿਚ ਸੂਚਨਾ ’ਤੇ ਪੁੱਜੇ ਪੀ. ਸੀ. ਆਰ. ਕਰਮਚਾਰੀ ’ਤੇ ਪਿਓ-ਪੁੱਤ ਨੇ ਹਮਲਾ ਕਰ ਦਿੱਤਾ ਅਤੇ ਉਸ ਦੀ ਵਰਦੀ ਪਾਡ਼ ਦਿੱਤੀ। ਇਸ ਮਾਮਲੇ ਵਿਚ ਥਾਣਾ ਨਗਰ ਦੀ ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਜੇ. ਬਲਾਕ, ਰਾਜਗੁਰੂ ਨਗਰ ਦੇ ਰਹਿਣ ਵਾਲੇ ਕਾਲੀਚਰਨ ਅਤੇ ਉਸ ਦੇ 17 ਸਾਲਾ ਪੁੱਤਰ ਦੇ ਰੂਪ ਵਿਚ ਹੋਈ ਹੈ।
ਥਾਣਾ ਇੰਚਾਰਜ ਬ੍ਰਿਜਮੋਹਨ ਅਨੁਸਾਰ ਪੀ. ਸੀ. ਆਰ. ਮੋਟਰਸਾਈਕਲ ਨੰ. 56 ਦੇ ਕਰਮਚਾਰੀਆਂ ਨੂੰ ਕਿਸੇ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਰਾਜਗੁਰੂ ਨਗਰ ਮਾਰਕੀਟ ਵਿਚ ਕਿਸੇ ਗੱਲ ਨੂੰ ਲੈ ਕੇ ਨੌਜਵਾਨ ਇਕੱਠੇ ਹੋ ਰਹੇ ਹਨ। ਲਡ਼ਾਈ ਝਗਡ਼ਾ ਹੋਣ ਦੇ ਸ਼ੱਕ ’ਤੇ ਪੀ. ਸੀ. ਆਰ. ਕਰਮਚਾਰੀ ਉਥੇ ਪੁੱਜੇ ਤਾਂ ਸਾਰੇ ਨੌਜਵਾਨ ਭੱਜ ਗਏ ਪਰ ਇਕ ਨੌਜਵਾਨ ਪੁਲਸ ਨਾਲ ਦੁਰਵਿਵਹਾਰ ਕਰਨ ਲੱਗ ਪਿਆ। ਇੰਨਾ ਹੀ ਨਹੀਂ ਉਸ ਨੇ ਫੋਨ ਕਰ ਕੇ ਆਪਣੇ ਪਿਤਾ ਨੂੰ ਬੁਲਾ ਲਿਆ। ਪਿਤਾ ਦੇ ਆਉਣ ਦੇ ਬਾਅਦ ਦੋਵਾਂ ਨੇੇ ਪੁਲਸ ਕਰਮਚਾਰੀ ’ਤੇ ਹਮਲਾ ਕਰ ਦਿੱਤਾ ਅਤੇ ਵਰਦੀ ਪਾਡ਼ ਦਿੱਤੀ, ਜਿਸ ਦੇ ਬਾਅਦ ਪੁਲਸ ਕਰਮਚਾਰੀ ਨੇ ਸਿਵਲ ਹਸਪਤਾਲ ’ਚ ਅਾਪਣਾ ਮੈਡੀਕਲ ਕਰਵਾ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਅਨੁਸਾਰ ਐਤਵਾਰ ਨੂੰ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।
ਪੁਲਸ ਨੇ ਕਬਜ਼ੇ ’ਚ ਲਿਆ ਰਿਵਾਲਵਰ
ਪੁਲਸ ਅਨੁਸਾਰ ਕਾਲੀਚਰਨ ਫਾਈਨਾਂਸ ਦਾ ਕੰਮ ਕਰਦਾ ਹੈ। ਜਦ ਉਹ ਮੌਕੇ ’ਤੇ ਪੁੱਜਾ ਤਾਂ ਡਬ ਵਿਚ ਰਿਵਾਲਵਰ ਲੱਗਿਆ ਹੋਇਆ ਸੀ, ਜਿਸ ਨਾਲ ਪੁਲਸ ’ਤੇ ਪ੍ਰਭਾਵ ਪਾਉਣ ਦਾ ਯਤਨ ਕਰ ਰਿਹਾ ਸੀ। ਪੁਲਸ ਨੇ ਰਿਵਾਲਵਰ ਕਬਜ਼ੇ ਵਿਚ ਲੈ ਲਿਆ ਹੈ। ਥਾਣਾ ਇੰਚਾਰਜ ਅਨੁਸਾਰ ਉਕਤ ਦੋਸ਼ੀ ਦਾ ਲਾਇਸੈਂਸੀ ਰੱਦ ਕੀਤੇ ਜਾਣ ਦੀ ਰਿਪੋਰਟ ਬਣਾ ਕੇ ਭੇਜੀ ਜਾਵੇਗੀ। 
ਵੀਡੀਓ ਵਾਇਰਲ
 ਪੀ. ਸੀ. ਆਰ. ਕਰਮਚਾਰੀ ’ਤੇ ਹਮਲੇ ਦੀ ਵੀਡੀਓ ਐਤਵਾਰ ਨੂੰ ਵਾਇਰਲ ਹੋ ਗਈ। ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਕਾਰ ਤੋਂ ਉਤਰਦੇ ਹੀ ਪਿਉ-ਪੁੱਤ ਪੁਲਸ ਨਾਲ ਹੱਥੋਪਾਈ ’ਤੇ ਉਤਰ ਆਉਂਦੇ ਹਨ ਅਤੇ ਇਕ ਪੁਲਸ ਕਰਮਚਾਰੀ ਨੂੰ ਜ਼ਮੀਨ ’ਤੇ ਸੁੱਟ ਦਿੰਦੇ ਹਨ। ਹਰਕਤ ਦੇਖ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪਿਉ-ਪੁੱਤ ਨੂੰ ਖਾਕੀ ਦਾ ਬਿਲਕੁੱਲ ਵੀ ਖੌਫ ਨਹੀਂ ਹੈ। 
 ਪੁਲਸ ਨੇ ਲਏ ਸੈਂਪਲ
 ਪੁਲਸ ਨੂੰ ਸ਼ੱਕ ਹੈ ਕਿ ਪਿਉ-ਪੁੱਤ ਨੇ ਕੋਈ ਨਸ਼ਾ ਕੀਤਾ ਹੋਇਆ ਸੀ। ਇਸ ਕਾਰਨ ਸ਼ਨੀਵਾਰ ਨੂੰ ਦੇਰ ਰਾਤ ਦੋਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਬਲੱਡ  ਅਤੇ ਯੂਰਿਨ ਦੇ ਸੈਂਪਲ ਡਾਕਟਰਾਂ ਨੇ ਲਏ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗਾ। 
 ਸਿਫਾਰਸ਼ਾਂ ਦਾ ਚੱਲਿਆ ਦੌਰ
 ਪੁਲਸ ਅਨੁਸਾਰ ਦੋਵਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਹੀ ਉਨ੍ਹਾਂ ਨੂੰ ਬਚਾਉਣ ਦਾ ਦੌਰ ਚੱਲ ਪਿਆ। ਪੁਲਸ ਨੂੰ ਕਈਆਂ ਨੇ ਸਿਫਾਰਿਸ਼ ਕੀਤੀ ਪਰ ਪੁਲਸ ਨੇ ਕਿਸੇ ਦੀ ਨਾ ਮੰਨੀ ਅਤੇ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਸਪੱਸ਼ਟ ਕੀਤਾ ਪੁਲਸ ’ਤੇ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News