ਆਕਸੀਜਨ ਸਪਲਾਈ ’ਤੇ ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ

Thursday, Apr 22, 2021 - 05:38 PM (IST)

ਆਕਸੀਜਨ ਸਪਲਾਈ ’ਤੇ ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ

ਜਲੰਧਰ (ਧਵਨ) : ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਵੇਖਦਿਆਂ ਆਕਸੀਜਨ ਸਪਲਾਈ ’ਤੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਆ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸੂਬੇ ਨੂੰ ਰੋਜ਼ਾਨਾ ਘੱਟੋ-ਘੱਟ 120 ਐੱਮ. ਟੀ. ਆਕਸੀਜਨ ਦੀ ਸਪਲਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ 2 ਮਹੀਨਿਆਂ ਤੋਂ ਕੀਤੀ ਜਾ ਰਹੀ ਅਪੀਲ ਨੂੰ ਵੇਖਦਿਆਂ 2 ਪੀ. ਐੱਸ. ਏ. ਪਲਾਂਟਾਂ ਲਈ ਮਨਜ਼ੂਰੀ ਮੰਗੀ। ਸਿਹਤ ਮੰਤਰੀ ਨੂੰ ਲਿਖੀ ਚਿੱਠੀ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਆਧਾਰ ’ਤੇ ਲਿਕਵਿਡ ਮੈਡੀਕਲ ਆਕਸੀਜਨ (ਐੱਲ. ਐਮ. ਓ.) ਦੀ ਨਿਰਵਿਘਨ ਸਪਲਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚੰਡੀਗੜ੍ਹ ਦੇ 22 ਐੱਮ. ਟੀ. ਕੋਟੇ ਤੋਂ ਇਲਾਵਾ 120 ਐੱਮ. ਟੀ. ਕੋਟਾ ਰੋਜ਼ਾਨਾ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਸਿਹਤ ਮੰਤਰੀ ਨੇ ਕੇਂਦਰ ਸਰਕਾਰ ’ਤੇ ਲਾਇਆ ਵੈਕਸੀਨ ਭੇਜਣ ’ਚ ਪੱਖਪਾਤ ਕਰਨ ਦਾ ਦੋਸ਼

ਸੂਬੇ ਵਿਚ ਰੋਜ਼ਾਨਾ 300 ਐੱਮ. ਟੀ. ਮੈਡੀਕਲ ਆਕਸੀਜਨ ਨੂੰ ਸਟੋਰ ਕਰਨ ਦੀ ਸਮਰੱਥਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਇਸ ਵੇਲੇ 105 ਤੋਂ 110 ਐੱਮ. ਟੀ. ਮੈਡੀਕਲ ਆਕਸੀਜਨ ਦੀ ਖਪਤ ਹੋ ਰਹੀ ਹੈ, ਜੋ ਕਿ ਅਗਲੇ 2 ਹਫਤਿਆਂ ਵਿਚ ਵਧ ਕੇ 150 ਤੋਂ 170 ਐੱਮ. ਟੀ. ਤਕ ਪਹੁੰਚਣ ਦੀ ਉਮੀਦ ਹੈ। ਸੂਬੇ ਵਿਚ ਮੁੱਖ ਲੋੜ ਨੂੰ ਪੂਰਾ ਕਰਨ ਲਈ ਬਾਹਰੋਂ ਮੈਡੀਕਲ ਆਕਸੀਜਨ ਦੀ ਸਪਲਾਈ ਆਉਣੀ ਜ਼ਰੂਰੀ ਹੈ। ਆਕਸੀਜਨ ’ਤੇ ਕੰਟਰੋਲ ਰੱਖਣ ਵਾਲੇ ਗਰੁੱਪ ਨੇ 15 ਅਪ੍ਰੈਲ ਨੂੰ ਪੰਜਾਬ ਨੂੰ 126 ਐੱਮ. ਟੀ. ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਸੀ ਪਰ 25 ਅਪ੍ਰੈਲ ਨੂੰ ਸਪਲਾਈ ਘਟਾ ਕੇ 82 ਐੱਮ. ਟੀ. ਕਰ ਦਿੱਤੀ ਗਈ। ਇਸ ਨਾਲ ਸੂਬੇ ਵਿਚ ਆਕਸੀਜਨ ਦੀ ਸਪਲਾਈ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਈ ਵੀ ਐੱਲ. ਐੱਮ. ਓ. ਪਲਾਂਟ ਨਹੀਂ ਲੱਗਾ। ਸੂਬੇ ਨੂੰ ਲਿਕਵਿਡ ਆਕਸੀਜਨ ਨੂੰ ਭਰਨ ਦੀ ਮੰਗ ਬੱਦੀ, ਪਾਨੀਪਤ, ਰੁੜਕੀ ਤੇ ਦੇਹਰਾਦੂਨ ’ਚ ਸਥਿਤ ਪਲਾਂਟਾਂ ਤੋਂ ਪੂਰੀ ਕਰਨੀ ਪੈ ਰਹੀ ਹੈ।

ਇਹ ਵੀ ਪੜ੍ਹੋ :  ਸਕੂਲਾਂ ਦੇ ਪੈਂਡਿੰਗ ਬਿਜਲੀ ਬਿੱਲਾਂ ਦੀ ਅਦਾਇਗੀ ਕਰਵਾਏਗਾ ਮਹਿਕਮਾ, ਹਦਾਇਤਾਂ ਜਾਰੀ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News