ਨੌਜਵਾਨ ਨੂੰ ਮਾਰਨ ਦੀ ਨੀਅਤ ਨਾਲ ਦਿੱਤੀ ਚਿੱਟੇ ਦੀ ਓਵਰਡੋਜ਼, ਪਤੀ-ਪਤਨੀ ਗ੍ਰਿਫ਼ਤਾਰ
Wednesday, Jun 19, 2024 - 10:09 AM (IST)

ਤਲਵੰਡੀ ਸਾਬੋ (ਮੁਨੀਸ਼) : ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਇਕ ਨੌਜਵਾਨ ਨੂੰ ਪਤੀ-ਪਤਨੀ ਵੱਲੋਂ ਮਾਰਨ ਦੀ ਨੀਅਤ ਨਾਲ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਦਾ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਨੇ ਪੀੜਤ ਦੇ ਬਿਆਨ ’ਤੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਜ ਮਾਮਲੇ ਅਨੁਸਾਰ ਜਾਣਕਾਰੀ ਦਿੰਦੇ ਹੋਏ ਰਾਜੇਸ਼ ਸਨੇਹੀ ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਸ ਨੇ ਪੁਲਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਜਦੋਂ ਉਹ ਆਪਣੇ ਸੈਲੂਨ ਤੋਂ ਘਰ ਵਾਪਸ ਆਇਆ ਤਾਂ ਉਸ ਦੇ ਗੁਆਂਢੀ ਨੇ ਉਸ ਨੂੰ ਘਰ ਬੁਲਾਇਆ ਤੇ ਉਸ ਦੇ ਪਤਨੀ ਨੇ ਇਕ ਚਿੱਟਾ ਪਦਾਰਥ ਟੀਕੇ ’ਚ ਘੋਲ ਕੇ ਆਪਣੇ ਪਤੀ ਨੂੰ ਫੜ੍ਹਾ ਦਿੱਤਾ। ਗੁਆਂਢੀ ਨੇ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਮੇਰੇ ਨਸ਼ੇ ਦਾ ਟੀਕਾ ਲਗਾ ਦਿੱਤਾ, ਜਿਸ ਨਾਲ ਮੈਂ ਨਸ਼ੇ ਵਿਚ ਹੋ ਗਿਆ ਤੇ ਘਰ ਆ ਕੇ ਬੇਹੋਸ਼ ਹੋ ਗਿਆ।
ਪੀੜਤ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ, ਜਿੱਥੇ ਇਲਾਜ ਤੋਂ ਬਾਅਦ ਉਸ ਨੇ ਸਾਰੀ ਕਹਾਣੀ ਪੁਲਸ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪੁਲਸ ਨੇ ਪੀੜਤ ਨੌਜਵਾਨ ਵਨੀ ਪੁੱਤਰ ਰਜਿੰਦਰ ਸਿੰਘ ਦੇ ਬਿਆਨ ’ਤੇ ਕੁਲਦੀਪ ਸ਼ਰਮਾ ਅਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਤੋਂ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਿਸ ਤੋਂ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿਚ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।