ਮੋਗਾ ''ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
Monday, Jun 24, 2019 - 12:44 PM (IST)

ਮੋਗਾ (ਵਿਪਨ) : ਪੰਜਾਬ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਡਾਲਾ ਦਾ ਸਾਹਮਣੇ ਆਇਆ ਹੈ, ਜਿਥੇ ਚਿੱਟੇ (ਨਸ਼ੇ) ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਅਮਰਜੀਤ ਹੈ ਅਤੇ ਉਸ ਦੀ ਲਾਸ਼ ਪਿੰਡ 'ਚੋਂ ਲੰਘਦੇ ਸੇਮ ਨਾਲੇ ਨੇੜਿਓਂ ਬਰਾਮਦ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਨਸ਼ੇ ਦੀ ਓਵਰਡੋਜ਼ ਕਾਰਨ ਕਿਸੇ ਨੌਜਵਾਨ ਦੀ ਜਾਨ ਗਈ ਹੋਵੇ, ਆਏ ਦਿਨ ਸੂਬੇ ਵਿਚ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਸਰਕਾਰ ਵਲੋਂ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਲੱਖ ਯਤਨ ਕੀਤੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਵਾਪਰ ਰਹੀਆਂ ਇਹ ਮੰਦਗਭਾਗੀਆਂ ਘਟਨਾਵਾਂ ਦਾ ਚਿੰਤਾ ਦਾ ਵਿਸ਼ਾ ਹੈ।