ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲਾ ਨਾਭਾ-ਭਵਾਨੀਗੜ੍ਹ ਓਵਰਬ੍ਰਿਜ ਬਣਿਆ ਰਾਹਗੀਰਾਂ ਲਈ ਖਿੱਚ ਦਾ ਕੇਂਦਰ

Wednesday, Dec 28, 2022 - 01:55 PM (IST)

ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲਾ ਨਾਭਾ-ਭਵਾਨੀਗੜ੍ਹ ਓਵਰਬ੍ਰਿਜ ਬਣਿਆ ਰਾਹਗੀਰਾਂ ਲਈ ਖਿੱਚ ਦਾ ਕੇਂਦਰ

ਨਾਭਾ  (ਭੂਪਾ) : ਧਰਮੀ ਰਾਜੀਵ ਮਹਾਰਾਜਾ ਹੀਰਾ ਸਿੰਘ ਦੀ ਇਤਿਹਾਸਿਕ ਨਗਰੀ ਅਤੇ ਮਿੰਨੀ ਕਾਸੀ ਵਜੋਂ ਜਾਣੇ ਜਾਂਦੇ ਰਿਆਸਤੀ ਸ਼ਹਿਰ ਨਾਭਾ ਨੂੰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਹੇਠ ਸੁੰਦਰ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਦੋਂ ਕਿ ਸਵੱਛ ਭਾਰਤ ਰੈਂਕਿੰਗ ’ਚ ਰਿਜ਼ਰਵ ਹਲਕਾ ਨਾਭਾ 28ਵੇਂ ਸਥਾਨ ’ਤੇ ਪੁੱਜ ਗਿਆ ਹੈ, ਜੋ ਪਿਛਲੀਆਂ ਸਰਕਾਰਾਂ ਸਮੇਂ ਰੈਂਕਿੰਗ ਵਿਚ ਕਾਫੀ ਪੱਛੜਿਆ ਹੋਇਆ ਸੀ। ਇਹ ਪ੍ਰਗਟਾਵਾ ਨਗਰ ਕੌਂਸਲ ਨਾਭਾ ਦੀ ਮਹਿਲਾ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਸਮਾਜ-ਸੇਵਕ ਪੰਕਜ ਪੱਪੂ ਸਟੀਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕੀਤਾ। ਪੰਕਜ ਪੱਪੂ ਨੇ ਕਿਹਾ ਕਿ ਵਿਧਾਇਕ ਦੇਵਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਥੇ ਪੁਰਾਣੇ ਕਿਲੇ ’ਚ ਸੈਲਫੀ ਪੁਆਇੰਟ ਬਣਾਇਆ ਗਿਆ ਹੈ, ਉਥੇ ਸ਼ਹਿਰ ’ਚ ਦਾਖਲ ਹੋਣ ਵਾਲੇ ਸਾਰੇ ਸਵਾਗਤੀ ਗੇਟਾਂ ’ਤੇ ਸਾਫ-ਸਫਾਈ ਦੇ ਪੁਖਤਾ ਪ੍ਰਬੰਧਾਂ ਦੇ ਨਾਲ-ਨਾਲ ਸ਼ਹਿਰ ਦੇ ਵੱਖ-ਵੱਖ ਚੌਕਾਂ ਨੂੰ ਨਵੀਂ ਦਿੱਖ ਦੇਣ ਤੋਂ ਇਲਾਵਾ ਸਫਾਈ ਪ੍ਰਬੰਧਾਂ ਅਧੀਨ ਖਾਲ੍ਹੀ ਕਰਵਾਏ ਗਏ ਵੱਖ-ਵੱਖ ਗੰਦਗੀ ਡੰਪਾਂ ਨੂੰ ਸਾਫ-ਸੁੱਥਰਾ ਬਣਾ ਕੇ ਜਨਤਕ ਕਾਰਜਾਂ ਲਈ ਪ੍ਰਯੋਗ ’ਚ ਲਿਆਂਦਾ ਜਾ ਰਿਹਾ ਹੈ।

ਹਮੇਸ਼ਾ ਵਿਵਾਦਾਂ ’ਚ ਰਹਿਣ ਵਾਲੀ ਨਾਭਾ-ਭਵਾਨੀਗੜ੍ਹ ਸਡ਼ਕ ’ਤੇ ਬਣੇ ਓਵਰਬ੍ਰਿਜ ਨੂੰ ਸੁੰਦਰ ਢੰਗ ਨਾਲ ਰੰਗ-ਰੋਗਨ ਕਰ ਕੇ ਰੰਗ ਬਰੰਗੀਆਂ ਲਾਈਟਾਂ ਨਾਲ ਚਮਕਾਇਆ ’ਤੇ ਸਜਾਇਆ ਗਿਆ ਹੈ, ਜੋ ਕਿ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੰਕਜ ਪੱਪੂ ਸਟੀਲ ਨੇ ਕਿਹਾ ਕਿ ਸਾਨੂੰ ਸੰਤੁਸ਼ਟੀ ਉਦੋਂ ਹੋਵੇਗੀ, ਜਦੋਂ ਹਲਕਾ ਨਾਭਾ ਸਾਫ-ਸਫਾਈ ਪੱਖੋਂ ਸੂਬੇ ’ਚੋਂ ਪਹਿਲੇ ਸਥਾਨ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿਸ਼ੇਸ਼ ਸਹਿਯੋਗ ਨਾਲ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਗਤੀਸ਼ੀਲ ਅਤੇ ਸੁਚੱਜੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹ ਕੇ ਇਤਿਹਾਸ ਸਿਰਜਿਆ ਜਾਵੇਗਾ।
 


author

Gurminder Singh

Content Editor

Related News