31 ਮਤਿਆਂ ''ਚੋਂ 28 ਪਾਸ, 5 ਮੈਂਬਰੀ ਕਮੇਟੀ ਗਠਿਤ

11/18/2017 2:52:54 AM

ਫਗਵਾੜਾ,   (ਜਲੋਟਾ, ਹਰਜੋਤ)   ਫਗਵਾੜਾ ਨਗਰ ਨਿਗਮ ਦੀ ਅੱਜ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਇਕ ਵਾਰ ਫਿਰ ਜਮ ਕੇ ਹੰਗਾਮਾ ਹੋਇਆ। ਮੀਟਿੰਗ ਵਿਚ 50 ਕੌਂਸਲਰਾਂ ਵਿਚੋਂ 45 ਕੌਂਸਲਰਾਂ ਨੇ ਹਿੱਸਾ ਲਿਆ, ਜਦਕਿ 5 ਕੌਂਸਲਰ ਜਿਨ੍ਹਾਂ ਵਿਚ ਭਾਜਪਾ ਕੌਂਸਲਰ ਸੰਜੇ ਗਰੋਵਰ, ਕੌਂਸਲਰ ਮਨਜੀਤ ਕੌਰ, ਜਸਵਿੰਦਰ ਕੌਰ, ਰਮੇਸ਼ ਕੌਲ ਤੇ ਇਕ ਹੋਰ ਕੌਂਸਲਰ ਗੈਰ-ਹਾਜ਼ਰ ਪਾਏ ਗਏ। ਮੀਟਿੰਗ ਵਿਚ ਇਕ ਪਾਸੇ ਜਿਥੇ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨਹੀਂ ਪਹੁੰਚੇ ਤਾਂ ਉਥੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਮੀਟਿੰਗ ਵਿਚ ਮੌਜੂਦ ਰਹੇ।
ਮੀਟਿੰਗ ਦੌਰਾਨ ਭਾਜਪਾ ਮੇਅਰ ਅਰੁਣ ਖੋਸਲਾ ਨਾਲ ਰੁਕ-ਰੁਕ  ਕੇ ਹੁੰਦੀ ਰਹੀ ਤਿੱਖੀ ਨੋਕ-ਝੋਕ ਤੇ ਕੌਂਸਲਰਾਂ ਵਲੋਂ ਲਾਏ ਜਾ ਰਹੇ ਕਈ ਸੰਗੀਨ ਦੋਸ਼ਾਂ ਦੇ ਵਿਚਕਾਰ ਨਿਗਮ ਪੱਧਰ 'ਤੇ ਹਾਊਸ ਵਿਚ ਰੱਖੇ ਗਏ ਕੁਲ 31 ਮਤਿਆਂ ਵਿਚੋਂ 28 ਪਾਸ ਕਰਵਾਉਣ ਵਿਚ ਸਫਲ ਹੋ ਗਏ। ਉਥੇ ਹੀ 2 ਮਤੇ ਪੈਂਡਿੰਗ ਰੱਖੇ ਗਏ, ਜਦਕਿ ਇਕ ਮਤਾ ਜਿਸ ਨੂੰ ਆਪ ਅਕਾਲੀ ਦਲ (ਬ) ਦੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਪੇਸ਼ ਕੀਤਾ, ਨੂੰ ਲੈ ਕੇ ਨਿਗਮ ਹਾਊਸ ਵਲੋਂ 5 ਕੌਂਸਲਰਾਂ ਦੀ ਵਿਸ਼ੇਸ਼ ਕਮੇਟੀ ਗਠਿਤ ਕਰ ਦਿੱਤੀ ਗਈ। ਮੀਟਿੰਗ ਦੀ ਸ਼ੁਰੂਆਤ ਹੀ ਹੁੰਦੇ ਹੀ ਕਾਂਗਰਸੀ ਕੌਂਸਲਰਾਂ ਰਾਮ ਪਾਲ ਉੱਪਲ, ਮਨੀਸ਼ ਪ੍ਰਭਾਕਰ, ਸੰਜੀਵ ਬੁੱਗਾ, ਜਤਿੰਦਰ ਵਰਮਾਨੀ,  ਗੁਰਬਚਨ ਸਿੰਘ ਵਾਲੀਆ ਤੇ ਹੋਰ ਕੌਂਸਲਰਾਂ ਨੇ ਨਿਗਮ ਵਲੋਂ ਪਿਛਲੀ ਬੈਠਕ ਦੀ ਪ੍ਰੋੋਸੀਡਿੰਗ ਬਦਲਣ ਨੂੰ ਲੈ ਕੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ। ਇਸਦੇ ਚਲਦੇ ਹਾਲਾਤ ਉਸ ਸਮੇਂ ਕਾਫੀ ਗਰਮ ਹੋਏ, ਜਦ ਹਾਊਸ ਵਿਚ ਭਾਜਪਾ ਮੇਅਰ ਅਰੁਣ ਖੋਸਲਾ ਤੇ ਕਾਂਗਰਸੀ ਕੌਂਸਲਰ ਗੁਰਬਚਨ ਵਾਲੀਆ ਵਿਚ ਬਹਿਸ ਹੋ ਗਈ। ਇਸਨੂੰ ਦੇਖਦੇ ਹੋਏ ਹੋਰ ਕਾਂਗਰਸੀ ਕੌਂਸਲਰਾਂ ਨੇ ਵਾਲੀਆ ਦਾ ਸਾਥ ਦਿੰਦੇ ਹੋਏ ਮੇਅਰ ਖੋਸਲਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਇਸਦੇ ਚਲਦੇ ਕਾਂਗਰਸੀ ਕੌਂਸਲਰਾਂ ਨੇ ਨਿਰੰਤਰ ਦੋਸ਼ ਲਾਇਆ ਕਿ ਪਿਛਲੀ ਬੈਠਕ ਦੀ ਪ੍ਰੋਸੀਡਿੰਗ ਵਿਚ ਬਦਲਾਅ ਕੀਤੇ ਗਏ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹਨ, ਜਦਕਿ ਭਾਜਪਾ ਕੌਂਸਲਰ ਰੀਟਾ ਰਾਣੀ ਆਪਣੇ ਵਾਰਡ ਵਿਚ ਪਾਣੀ ਦੀ ਟੈਂਕੀ ਦੇ ਮਾਮਲੇ ਨੂੰ ਲੈ ਕੇ ਜਮ ਕੇ ਭੜਕੀ। 
ਇਸੇ ਤਰਜ਼ 'ਤੇ ਭਾਜਪਾ ਕੌਂਸਲਰ ਚੰਦਾ ਮਿਸ਼ਰਾ ਨੇ ਵਾਰਡ ਵਿਚ ਟਿਊਬਵੈੱਲ ਲਗਾਉਣ ਦਾ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਤਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਕੌਂਸਲਰ ਰਵੀ ਨੇ ਦੋਸ਼ ਲਗਾਇਆ ਕਿ ਜਨਤਾ ਦੇ ਪ੍ਰਤੀਨਿਧੀ ਹੋਣ ਦੇ ਬਾਵਜੂਦ ਨਿਗਮ ਕਮਿਸ਼ਨਰ ਨਾਲ ਮਿਲਣ ਦੇ ਲਈ ਕੌਂਸਲਰਾਂ ਨੂੰ ਬਾਹਰ ਇੰਤਜ਼ਾਰ ਕਰਨਾ ਪਿਆ ਹੈ। ਇਕ ਸੀਨੀਅਰ ਅਕਾਲੀ ਨੇਤਾ ਤੇ ਕੌਂਸਲਰ ਨੇ ਕਿਹਾ ਕਿ ਸ਼ਹਿਰ ਵਿਚ ਲੱਗੀਆਂ ਐੱਲ. ਈ. ਡੀ. ਲਾਈਟਾਂ ਵਿਚ ਘਪਲਾ ਹੋਣ ਦਾ ਉਨ੍ਹਾਂ ਨੂੰ ਪੁਖਤਾ ਤੌਰ 'ਤੇ ਸ਼ੱਕ ਹੈ ਤੇ ਹਾਊਸ ਇਸ ਗੰਭੀਰ ਮੁੱਦੇ ਨੂੰ ਲੈ ਕੇ ਤੁਰੰਤ ਜਾਂਚ ਕਰਵਾਏੇ। 
ਕਾਂਗਰਸੀ ਕੌਂਸਲਰਾਂ ਨੇ ਭਾਜਪਾ ਮੇਅਰ 'ਤੇ ਗੱਡੀ ਕਿਰਾਏ 'ਤੇ ਲੈਣ ਦੇ ਮਾਮਲੇ ਨੂੰ ਮੁੱਦਾ ਬਣਾ ਕੇ ਉਸਦਾ ਵਿਰੋਧ ਕੀਤਾ।


Related News