ਵਿਧਾਨ ਸਭਾ ''ਚ ਕਰਵਾਇਆ ਓਰੀਐਂਟੇਸ਼ਨ ਪ੍ਰੋਗਰਾਮ, CM ਮਾਨ ਨੇ ਵਿਧਾਇਕਾਂ ਨੂੰ ਸਰਗਰਮ ਰਹਿਣ ਲਈ ਪ੍ਰੇਰਿਆ
Tuesday, Feb 14, 2023 - 08:05 PM (IST)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਸੂਬੇ ਦੇ ਵਿਧਾਇਕਾਂ ਲਈ ਕਰਵਾਇਆ ਜਾ ਰਿਹਾ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਆਉਣ ਵਾਲੇ ਸੈਸ਼ਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਮਿਆਰੀ ਬਹਿਸਾਂ ਤੇ ਸੰਸਦੀ ਕੰਮਕਾਜ ਲਈ ਰਾਹ-ਦਸੇਰੇ ਦਾ ਕੰਮ ਕਰੇਗਾ। ਇੱਥੇ ਪੰਜਾਬ ਵਿਧਾਨ ਸਭਾ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿਸਾਲੀ ਪਹਿਲਕਦਮੀ ਵਿਧਾਨ ਸਭਾ ਦੇ ਕੰਮਕਾਜ ਵਿੱਚ ਸਿਫ਼ਤੀ ਤਬਦੀਲੀ ਲਿਆਏਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੇ ਫ਼ਤਵੇ ਨਾਲ ਵਿਧਾਇਕਾਂ ਨੂੰ ਜਿਤਾਇਆ ਹੈ ਅਤੇ ਉਨ੍ਹਾਂ ਦੀਆਂ ਚੁਣੇ ਹੋਏ ਨੁਮਾਇੰਦਿਆਂ ਤੋਂ ਬਹੁਤ ਆਸਾਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਸਾਂ ਦੀ ਪੂਰਤੀ ਤਾਂ ਹੀ ਹੋ ਸਕਦੀ ਹੈ, ਜੇ ਵਿਧਾਇਕ ਬਹਿਸਾਂ ਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਰਾਜਪਾਲ 'ਤੇ ਫਿਰ ਵਿੰਨ੍ਹਿਆ ਨਿਸ਼ਾਨਾ, ਆਪਣੇ ਅਧਿਕਾਰ ਖੇਤਰ 'ਚ ਰਹਿਣ ਦੀ ਦਿੱਤੀ ਸਲਾਹ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਸਿਆਸਤ ਤੋਂ ਦੂਰ ਨਹੀਂ ਰਹਿੰਦੇ ਅਤੇ ਉਹ ਆਪਣੇ ਨਾਲ ਸਬੰਧਤ ਸਿਆਸੀ ਮਾਹੌਲ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਲੀਡਰਸ਼ਿਪ ਦਾ ਗੁਣ ਵਿਰਸੇ ਵਿੱਚ ਮਿਲਿਆ ਹੈ, ਜਿਸ ਦਾ ਅੰਦਾਜ਼ਾ ਇਸ ਗੱਲੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਦੇਸ਼ਾਂ ਵਿੱਚ ਵੀ ਆਪਣੇ ਲਈ ਵੱਖਰੀ ਥਾਂ ਬਣਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਦੇ ਸਿਆਸੀ ਖੇਤਰ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਿਆਂ ਦੇਖਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚੋਂ ਪੰਜਾਬ ਹੀ ਅਜਿਹਾ ਇਕੋ-ਇਕ ਸੂਬਾ ਹੈ, ਜਿਸ ਦੀਆਂ ਜੜ੍ਹਾਂ ਦੁਨੀਆ ਭਰ ਵਿੱਚ ਫੈਲੀਆਂ ਹੋਈਆਂ ਹਨ ਕਿਉਂਕਿ ਪੰਜਾਬੀ ਹਰੇਕ ਮੁਲਕ ਵਿੱਚ ਛਾਏ ਹੋਏ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ, ਜਿਸ ਕਾਰਨ ਵਿਧਾਇਕਾਂ ਉਤੇ ਵੱਡੀ ਜ਼ਿੰਮੇਵਾਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਰਾ ਵਿਸ਼ਵ ਸਾਡੇ ਵੱਲ ਵੇਖ ਰਿਹਾ ਹੈ ਅਤੇ ਸਾਰੇ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਧਾਨ ਸਭਾ ਵਿੱਚ ਬਹਿਸਾਂ ਦੌਰਾਨ ਜ਼ਾਬਤਾ ਬਣਾ ਕੇ ਰੱਖਣ।
ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਵੱਖ-ਵੱਖ ਰੰਗਾਂ ਦਾ ਗੁਲਦਸਤਾ ਸੋਹਣਾ ਅਤੇ ਸੁਹਾਵਣਾ ਜਾਪਦਾ ਹੈ, ਉਸੇ ਤਰ੍ਹਾਂ ਜਮਹੂਰੀ ਢਾਂਚੇ ਵਿਚ ਵਿਰੋਧੀ ਅਤੇ ਸੱਤਾਧਾਰੀ ਬੈਂਚ ਦੋਵੇਂ ਹੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਤੇ ਸੱਤਾਧਾਰੀ ਪਾਰਟੀਆਂ ਸਿਹਤਮੰਦ ਜਮਹੂਰੀਅਤ ਦੀ ਅਹਿਮੀਅਤ ਨੂੰ ਦਰਸਾਉਂਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਦੋਵੇਂ ਧਿਰਾਂ ਨੂੰ ਸਦਨ ਵਿਚ ਮਿਆਰੀ ਵਿਚਾਰ-ਚਰਚਾ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ"
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਵੱਲੋਂ ਅਸਰਦਾਰ ਢੰਗ ਨਾਲ ਬਹਿਸ ਕਰਨ ਲਈ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ ਅਤੇ ਸਾਰੇ ਵਿਧਾਇਕਾਂ ਨੂੰ ਸਦਨ ਵਿਚ ਪੂਰੀ ਤਿਆਰੀ ਨਾਲ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜਿਨ੍ਹਾਂ ਕੁਰਸੀਆਂ ਉਤੇ ਅੱਜ ਉਹ ਬੈਠੇ ਹੋਏ ਹਨ, ਇਨ੍ਹਾਂ ਕੁਰਸੀਆਂ ਉਤੇ ਉਹ ਮਹਾਨ ਸ਼ਖਸੀਅਤਾਂ ਵੀ ਬੈਠਿਆਂ ਕਰਦੀਆਂ ਸਨ, ਜਿਨ੍ਹਾਂ ਨੇ ਸੂਬੇ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕਾਂ ਨੂੰ ਨਵੀਂ ਦਿੱਲੀ ਵਿਚ ਸੰਸਦ ਮਿਊਜ਼ੀਅਮ ਦਾ ਦੌਰਾ ਕਰਕੇ ਜਮਹੂਰੀਅਤ ਦੇ ਮਹਾਨ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ
ਮੁੱਖ ਮੰਤਰੀ ਨੇ ਲੋਕ ਸਭਾ ਵਾਂਗ ਇੱਥੇ ਵੀ ਵਿਧਾਇਕਾਂ ਲਈ ਮੈਂਬਰਜ਼ ਰੈਫਰੈਂਸ ਸੇਵਾ ਸ਼ੁਰੂ ਕਰਨ ਦਾ ਸੁਝਾਅ ਦਿੱਤਾ, ਜਿਸ ਨਾਲ ਵਿਧਾਇਕਾਂ ਨੂੰ ਲੋਕਾਂ ਦੇ ਮਸਲੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਵਿਚ ਮਦਦ ਮਿਲੇਗੀ। ਭਗਵੰਤ ਮਾਨ ਨੇ ਵਿਧਾਇਕਾਂ ਨਾਲ ਲੋਕ ਸਭਾ ਵਿਚ ਬਤੌਰ ਸੰਸਦ ਮੈਂਬਰ ਆਪਣੇ ਤਜਰਬੇ ਵੀ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਬਹਿਸ ਦੇ ਮਿਆਰ ਅਤੇ ਸਦਨ ਦੀ ਕਾਰਵਾਈ ਵਿਚ ਸੁਧਾਰ ਲਿਆਉਣ ਵਿਚ ਮਦਦਗਾਰ ਸਾਬਤ ਹੋਵੇਗਾ। ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਸੈਸ਼ਨ ਸਿਰਫ ਵਿਧਾਇਕਾਂ ਲਈ ਹੀ ਨਹੀਂ, ਸਗੋਂ ਸੂਬੇ ਦੇ ਲੋਕਾਂ ਲਈ ਵੀ ਲਾਭਦਾਇਕ ਸਾਬਤ ਹੋਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਇਹ ਪ੍ਰੋਗਰਾਮ ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਦੇ ਨਾਲ-ਨਾਲ ਬਾਕੀ ਵਿਧਾਇਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਲੀਹੋਂ ਹਟਵਾਂ ਉਪਰਾਲਾ ਭਵਿੱਖ ਵਿਚ ਸੂਬੇ ਲਈ ਵੀ ਲਾਹੇਵੰਦ ਹੋਵੇਗਾ। ਡਾ. ਨਿੱਜਰ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸੈਸ਼ਨ ਵਿਚ ਮਾਹਿਰ ਵਡਮੁੱਲੇ ਵਿਚਾਰ ਪੇਸ਼ ਕਰਨਗੇ ਅਤੇ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: ਫੀਸ ਨਾ ਦੇਣ ’ਤੇ ਬੇਰਹਿਮੀ ਨਾਲ ਕੁੱਟੇ ਬੱਚੇ ਨੂੰ ਹੋਇਆ ਅਧਰੰਗ, ਸਲੂਕ ਸੁਣ ਹੋ ਜਾਵੋਗੇ ਹੈਰਾਨ
ਆਪਣੇ ਸੰਬੋਧਨ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੁਝਾਅ ਦਿੱਤਾ ਕਿ ਵਿਧਾਇਕਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਕਾਨੂੰਨੀ ਸਹਾਇਕਾਂ ਦੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਵਿਧਾਇਕਾਂ ਨੂੰ ਆਪਣੇ ਸਰੋਕਾਰ ਸਦਨ ਵਿਚ ਪੇਸ਼ ਕਰਨ ਲਈ ਲੋੜੀਂਦੇ ਦਸਤਾਵੇਜ਼ ਜਾਂ ਹੋਰ ਸਬੰਧਤ ਜਾਣਕਾਰੀ ਛੇਤੀ ਤੋਂ ਛੇਤੀ ਮਿਲ ਸਕੇਗੀ। ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਹ ਸੈਸ਼ਨ ਕਰਵਾਉਣ ਦੀ ਸ਼ਲਾਘਾ ਕਰਦਿਆਂ ਸਦਨ ਦੇ ਉਸਾਰੂ ਕੰਮਕਾਜ ਦੀ ਵਕਾਲਤ ਕੀਤੀ।
ਇਸ ਮੌਕੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਸਭ ਦਾ ਧੰਨਵਾਦ ਕੀਤਾ। ਇਸ ਦੌਰਾਨ ਸਪੀਕਰ ਤੇ ਡਿਪਟੀ ਸਪੀਕਰ ਨੇ ਮੁੱਖ ਮੰਤਰੀ ਤੇ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।