ਜਥੇਬੰਦੀਆਂ ਨੇ ਲਾਸ਼ ਸੜਕ ''ਤੇ ਰੱਖ ਕੇ ਲਾਇਆ ਜਾਮ

Monday, Apr 30, 2018 - 12:59 AM (IST)

ਜਥੇਬੰਦੀਆਂ ਨੇ ਲਾਸ਼ ਸੜਕ ''ਤੇ ਰੱਖ ਕੇ ਲਾਇਆ ਜਾਮ

ਲਹਿਰਾਗਾਗਾ, (ਲੱਕੀ,ਗੋਇਲ, ਜਿੰਦਲ)- ਲਹਿਰਾਗਾਗਾ ਵਾਰਡ ਨੰ. 5 ਦੇ ਵਸਨੀਕ ਅਸ਼ੋਕ ਕੁਮਾਰ ਬਾਂਸਲ ਜੋ ਕਿ ਬੀ. ਕੇ. ਓ. (ਭੱਠਾ) ਦੇ ਮਾਲਕ ਸਨ, ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਈ ਦਿਨ ਪਹਿਲਾਂ ਫੱਟੜ ਕਰ ਦਿੱਤਾ ਗਿਆ ਸੀ ਤੇ ਉਸ ਦੀ ਕਾਰ 'ਚ ਪਏ ਲੱਖਾਂ ਰੁਪਏ ਖੋਹ ਕੇ ਫਰਾਰ ਹੋ ਗਏ ਸਨ, ਉਸ ਦੀ ਅੱੱਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਇਹ ਵਾਰਦਾਤ 5 ਅਪ੍ਰੈਲ ਦੀ ਹੈ। 25 ਦਿਨ ਬੀਤਣ ਉਪਰੰਤ ਵੀ ਪੁਲਸ ਦੇ ਹੱਥ ਖਾਲੀ ਹਨ। ਮਾਸਟਰ ਅਸ਼ੋਕ ਕੁਮਾਰ ਦੇ ਅਣਪਛਾਤਿਆਂ ਵੱਲੋਂ ਦੋ ਗੋਲੀਆਂ ਇਕ ਉਸ ਦੇ ਢਿੱਡ 'ਚ ਤੇ ਦੂਜੀ ਪੱਟ 'ਚ ਲੱਗੀ ਸੀ, ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਨੂੰ ਬਾਅਦ 'ਚ ਚੰਡੀਗੜ੍ਹ ਪੀ. ਜੀ. ਆਈ. ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਜੋ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦੇਰ ਰਾਤ ਦਮ ਤੋੜ ਗਏ । ਪੁਲਸ ਚੌਕੀ ਕੋਹਰੀਆਂ ਦੇ ਇੰਚਾਰਜ ਸਤਨਾਮ ਸਿੰਘ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਰੇ ਦੱਸਿਆ ਕਿ ਅਜੇ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਜਲਦੀ ਹੀ ਦੋਸ਼ੀ ਸਲਾਖਾਂ 'ਚ ਹੋਣਗੇ । ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਜਸ ਪੇਂਟਰ, ਸਤਵੰਤ ਸਿੰਘ ਕਾਮਰੇਡ, ਜਗਜੀਤ ਭੁਟਾਲ, ਅਧਿਆਪਕ ਯੂਨੀਅਨ ਦੇ ਆਗੂ ਸੁਖਜਿੰਦਰ ਸਿੰਘ ਹਰੀਕਾ, ਰਾਮ ਗੋਪਾਲ ਗਾਲਾ ਸੀਨੀਅਰ ਕਾਂਗਰਸੀ ਆਗੂ, ਪ੍ਰਧਾਨ ਯੋਗ ਰਾਜ ਬਾਂਸਲ ਆਦਿ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਾਂਚ ਮੁਕੰਮਲ ਕਰ ਕੇ ਦੋਸ਼ੀ ਜਲਦੀ ਗ੍ਰਿਫਤਾਰ ਕੀਤੇ ਜਾਣ।
ਉਧਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਮ੍ਰਿਤਕ ਪਰਿਵਾਰ ਦਾ ਸਾਥ ਦਿੱਤਾ ਗਿਆ ਤੇ ਅਧਿਆਪਕ ਯੂਨੀਅਨ, ਸ਼ੈਲਰ ਐਸੋ., ਭੱਠਾ ਐਸੋ., ਵਪਾਰ ਮੰਡਲ, ਅਗਰਵਾਲ ਯੂਨੀਅਨ, ਕਰਿਆਨਾ ਐਸੋ., ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਨੇ ਵੀ ਆਪਣੇ ਕਾਰੋਬਾਰ ਬੰਦ ਕੀਤੇ ਤੇ ਲਾਸ਼ ਲਹਿਰਾ-ਸੁਨਾਮ ਰੋਡ ਮੁੱਖ ਮਾਰਗ 'ਤੇ ਗਾਗਾ ਨਹਿਰ ਦੇ ਪੁਲ 'ਤੇ ਰੱਖ ਕੇ ਜਾਮ ਲਾ ਦਿੱਤਾ।
ਇਸ ਸਮੇਂ ਅਧਿਆਪਕ ਯੂਨੀਅਨ ਆਗੂ ਸੁਖਜਿੰਦਰ ਹਰੀਕਾ, ਮਾਸਟਰ ਰਘਵੀਰ ਭੁਟਾਲ, ਜਸ ਪੇਂਟਰ, ਵਰਿੰਦਰ ਗੋਇਲ ਐਡਵੋਕੇਟ, ਭੱਠਾ ਐਸੋ. ਦੇ ਜ਼ਿਲਾ ਪ੍ਰਧਾਨ ਪ੍ਰੇਮ ਗੁਪਤਾ, ਗੌਰਵ ਗੋਇਲ, ਭਰਤ ਸਿੰਗਲਾ, ਕੇਵਲ ਕ੍ਰਿਸ਼ਨ ਸਿੰਗਲਾ, ਕਾਮਰੇਡ ਸੁਖਵੰਤ ਖੰਡੇਬਾਦ, ਰਾਜ ਕੁਮਾਰ ਠੇਕੇਦਾਰ, ਅਸ਼ੋਕ ਸਿੰਗਲਾ, ਮਾਸਟਰ ਹਰਭਗਵਾਨ ਗੁਰਨੇ, ਛੱਜੂ ਸਿੰੰਘ ਸਰਾਓਂ ਆਦਿ ਨੇ ਲੋਕਾਂ ਦੇ ਇਕੱਠ ਨੂੰ ਸੰੰਬੋਧਨ ਕੀਤਾ ਕਿ ਪੁਲਸ ਚਾਹੁੰਦੀ ਤਾਂ ਇਨ੍ਹਾਂ ਨੂੰ 2 ਦਿਨਾਂ ਦੇ ਅੰਦਰ-ਅੰਦਰ ਕਾਬੂ ਕਰ ਸਕਦੀ ਸੀ ਪਰ ਕਾਤਲਾਂ ਨੂੰ ਪੁਲਸ ਦੀ ਸ਼ਹਿ ਹੈ, ਜਿਸ ਕਰਕੇ ਕਾਤਲ 25 ਦਿਨਾਂ ਤੋਂ ਫੜੇ ਨਹੀਂ ਗਏ। ਇਸ ਸਮੇਂ ਵੱਖ-ਵੱੱਖ ਕਾਰੋਬਾਰੀ ਐਸੋਸੀਏੇਸ਼ਨਾਂ ਨੇ ਕਾਤਲਾਂ ਦੇ ਫੜੇ ਜਾਣ ਤੱਕ ਆਪਣੇ ਕਾਰੋਬਾਰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ । 
ਇਸ ਸਮੇਂ ਡੀ.ਐੱਸ.ਪੀ. ਮੁਨਕ ਅਜੈਪਾਲ ਸਿੰਘ, ਥਾਣਾ ਦਿੜ੍ਹਬਾ ਦੇ ਇੰਚਾਰਜ ਇੰਸਪੈਕਟਰ ਪੁਸ਼ਪਿੰਦਰ ਸਿੰਘ, ਚੋਟੀਆਂ ਦੇ ਚੌਕੀ ਇੰਚਾਰਜ ਸੁਰਜਨ ਸਿੰਘ, ਆਪਣੀ ਫੋਰਸ ਨਾਲ ਮੌਜੂਦ ਰਹੇ । ਲੋਕਾਂ ਦੇ ਇਕੱਠ ਨੂੰ ਡੀ. ਐੱਸ. ਪੀ. ਮੂਨਕ ਅਜੇਪਾਲ ਸਿੰਘ ਨੇ ਆ ਕੇ ਵਿਸ਼ਵਾਸ ਦਿਵਾਇਆ ਕਿ ਕਾਤਲ 7 ਦਿਨਾਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਏ ਜਾਣਗੇ, ਜਿਨ੍ਹਾਂ 'ਤੇ ਵਿਸ਼ਵਾਸ ਕਰਦਿਆਂ ਜਥੇਬੰਦੀਆਂ ਨੇ ਆਪਸੀ ਸਲਾਹ ਕਰ ਕੇ ਧਰਨਾ ਚੁੱਕ ਦਿੱਤਾ ਤੇ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ।


Related News