ਖੇਤੀ ਖੇਤਰ ''ਚ ਸੁਧਾਰ ਆਰਡੀਨੈਂਸ ਕਿਸਾਨਾਂ ਨਾਲ ਠੱਗੀ : ਮੰਜੂ ਬਾਂਸਲ
Saturday, Jun 06, 2020 - 06:12 PM (IST)

ਬੁਢਲਾਡਾ (ਬਾਂਸਲ) : ਕਥਿਤ ਖੇਤੀ ਸੁਧਾਰ ਆਰਡੀਨੈਂਸ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਠੱਗੀ ਮਾਰਨ ਅਤੇ ਪਰ ਕੁਤਰਨ ਵੱਲ ਕਦਮ ਇਕ ਕੋਝਾ ਯਤਨ ਹੈ। ਇਹ ਸ਼ਬਦ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ ਮੰਜੂ ਬਾਂਸਲ ਨੇ ਕਹੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਪਾਰਕ ਕੰਪਨੀਆਂ ਅਤੇ ਵਪਾਰਕ ਘਰਾਣਿਆਂ ਨੂੰ ਵਿੱਤੀ ਸਹਿਯੋਗ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਕਦੇ ਸਿੱਧੀ ਅਤੇ ਕਦੇ ਅਸਿੱਧੀ। ਡਾ. ਬਾਂਸਲ ਨੇ ਆਖਿਆ ਕਿ ਅਖੌਤੀ ਆਰਡੀਨੈਂਸ ਕਿਸਾਨਾਂ ਦੇ ਅਧਿਕਾਰ ਸੀਮਤ ਕਰਨ ਵੱਲ ਇਕ ਕਦਮ ਹੈ ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਵੇਗਾ। ਇਹ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹੋਵੇਗਾ ।
ਉਨ੍ਹਾਂ ਆਖਿਆ ਕਿ ਕੇਂਦਰ ਕਿਸਾਨਾਂ ਦੀ ਰਾਇ ਲੈਣ ਤੋਂ ਬਿਨਾਂ ਇਹ ਨਾਦਰਸ਼ਾਹੀ ਫਰਮਾਨ ਲਾਗੂ ਕਰਨ ਵਿਚ ਕਾਹਲਾ ਪੈਣ ਲੱਗਾ ਹੈ ਜੋ ਬਹੁਤ ਹੀ ਨਿੰਦਣਯੋਗ ਹੈ । ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਹੋ ਕੇ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੇ ਹੱਕਾਂ 'ਤੇ ਪੈਣ ਵਾਲੇ ਕੇਂਦਰ ਸਰਕਾਰ ਦੇ ਡਾਕੇ ਨੂੰ ਰੋਕਿਆ ਜਾ ਸਕੇ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ।