ਡੀ. ਆਈ. ਜੀ. ਇੰਦਰਬੀਰ ਸਿੰਘ ਨੂੰ ਪੇਸ਼ ਕਰਨ ਲਈ ਅਦਾਲਤ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
Wednesday, Jan 10, 2024 - 05:40 PM (IST)
ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਰਨ ਨਾਲ ਸਬੰਧਤ ਨਸ਼ਾ ਸਮੱਗਲਰਾਂ ਪਾਸੋਂ 10 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਡੀ. ਐੱਸ. ਪੀ. ਲਖਬੀਰ ਸਿੰਘ ਸੰਧੂ ਵੱਲੋਂ ਵਿਜੀਲੈਂਸ ਰਾਹੀਂ ਅਦਾਲਤ ਵਿਚ ਪੇਸ਼ ਹੋ ਸਰਕਾਰੀ ਗਵਾਹ ਬਣਨ ਸਬੰਧੀ ਹਲਫੀਆ ਬਿਆਨ ਪੇਸ਼ ਕੀਤਾ ਗਿਆ ਹੈ, ਜਿਸ ਸਬੰਧੀ ਅਦਾਲਤ ਨੇ ਪੁਲਸ ਨੂੰ ਡੀ. ਆਈ. ਜੀ. ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਅਗਲੇਰੀ ਸੁਣਵਾਈ 23 ਜਨਵਰੀ ਨੂੰ ਹੋਣ ਜਾ ਰਹੀ ਹੈ। 30 ਜੂਨ 2022 ਦੌਰਾਨ ਜ਼ਿਲ੍ਹੇ ਦੇ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਸੁਰਜੀਤ ਸਿੰਘ ਨਿਵਾਸੀ ਮਾੜੀ ਮੇਘਾ ਨੂੰ 900 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਆਪਣੀ ਪੁੱਛਗਿੱਛ ਵਿਚ ਪਿਸ਼ੌਰਾ ਸਿੰਘ ਦਾ ਨਾਂ ਲਿਆ ਸੀ। ਇਸ ਮਾਮਲੇ ਵਿਚ ਫਰੀਦਕੋਟ ਵਿਖੇ ਉਸ ਵੇਲੇ ਤਾਇਨਾਤ ਡੀ. ਐੱਸ. ਪੀ. ਲਖਬੀਰ ਸਿੰਘ ਸੰਧੂ, ਜੋ ਪਹਿਲਾਂ ਸਬ-ਡਵੀਜ਼ਨ ਭਿੱਖੀਵਿੰਡ ਵਿਖੇ ਤਾਇਨਾਤ ਰਹਿ ਚੁੱਕੇ ਸਨ, ਵੱਲੋਂ ਪਿਸ਼ੌਰਾ ਸਿੰਘ ਨੂੰ ਇਸ ਮਾਮਲੇ ਵਿਚੋਂ ਬਾਹਰ ਕੱਢਣ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਉਸ ਵੇਲੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਰਣਜੀਤ ਸਿੰਘ ਢਿੱਲੋਂ ਦੇ ਕਾਰਜਕਾਲ ਦੌਰਾਨ ਡੀ. ਐੱਸ. ਪੀ. ਲਖਬੀਰ ਸਿੰਘ ਸੰਧੂ ਨੂੰ 10 ਲੱਖ ਰੁਪਏ ਰਿਸ਼ਵਤ ਸਮੇਤ ਉਸਮਾ ਟੋਲ ਪਲਾਜ਼ਾ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਸੀ। ਵਸੂਲ ਕੀਤੀ ਗਈ ਰਿਸ਼ਵਤ ਸਬੰਧੀ ਡੀ. ਐੱਸ. ਪੀ. ਲਖਬੀਰ ਸੰਧੂ ਵੱਲੋਂ ਡੀ. ਆਈ. ਜੀ. ਇੰਦਰਬੀਰ ਸਿੰਘ ਦੇ ਕਹਿਣ ਉੱਪਰ ਵਸੂਲੀ ਰਿਸ਼ਵਤ ਸਬੰਧੀ ਦੋਸ਼ ਲਾਏ ਗਏ ਸਨ। ਵਿਜੀਲੈਂਸ ਵੱਲੋਂ ਇਸ ਮਾਮਲੇ ਵਿਚ ਸੁਰਜੀਤ ਸਿੰਘ ਅਤੇ ਪਿਸ਼ੌਰਾ ਸਿੰਘ ਨੂੰ ਗ੍ਰਿਫਤਾਰ ਕਰਦੇ ਹੋਏ ਏ. ਐੱਸ. ਆਈ. ਰਸ਼ਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ’ਤੇ 100 ਤੋਂ ਵੱਧ ਨੌਜਵਾਨਾਂ ਨੇ ਕੀਤਾ ਹਮਲਾ, ਇੰਨੀਆਂ ਗੋਲੀਆਂ ਚੱਲੀਆਂ ਕਿ ਕੰਬ ਗਏ ਲੋਕ
ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਪੱਟੀ ਵਿਖੇ ਤਾਇਨਾਤ ਸਬ-ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਵੱਲੋਂ ਡੀ. ਆਈ. ਜੀ. ਇੰਦਰਬੀਰ ਸਿੰਘ ਖ਼ਿਲਾਫ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਅਤੇ ਕੇਸ ਵਿਚ ਫਸਾਉਣ ਦੀ ਧਮਕੀ ਦਿੰਦੇ ਹੋਏ 23 ਲੱਖ ਰੁਪਏ ਵਸੂਲ ਕਰਨ ਸਬੰਧੀ ਉਸ ਵੇਲੇ ਦੇ ਐੱਸ. ਐੱਸ. ਪੀ. ਰਣਜੀਤ ਸਿੰਘ ਢਿੱਲੋਂ ਨੂੰ ਹਲਫੀਆ ਬਿਆਨ ਦਿੰਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਬੰਧੀ ਥਾਣਾ ਸਿਟੀ ਪੱਟੀ ਵਿਖੇ ਡੀ. ਆਈ. ਜੀ. ਇੰਦਰਬੀਰ ਸਿੰਘ ਦੇ ਰੀਡਰ ਨੂੰ ਵੀ ਨਾਮਜ਼ਦ ਕਰਦੇ ਹੋਏ ਪਰਚਾ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਵੀਡੀਓ ਪਾਉਂਦੀ ਸੀ ਪਤਨੀ, ਨਹੀਂ ਰੁਕੀ ਤਾਂ ਪਤੀ ਨੇ ਵੱਢ ਦਿੱਤੇ ਗੁੱਟ, ਅੱਖ ਵੀ ਆ ਗਈ ਬਾਹਰ
ਰਿਸ਼ਵਤ ਮਾਮਲੇ ’ਚ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਫਿਰੋਜ਼ਪੁਰ ਦੇ ਸਾਬਕਾ ਡੀ. ਐੱਸ. ਪੀ. ਲਖਬੀਰ ਸਿੰਘ ਵੱਲੋਂ ਆਪਣੇ ਤਤਕਾਲੀ ਡੀ. ਆਈ. ਜੀ. ਵਿਰੁੱਧ ਅਦਾਲਤ ਵਿਚ ਇਕਬਾਲੀਆ ਬਿਆਨ ਬਾਅਦ ਸੀਨੀਅਰ ਆਈ. ਪੀ. ਐੱਸ. ਇੰਦਰਬੀਰ ਸਿੰਘ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ ਕਿਉਂਕਿ ਲਖਬੀਰ ਸਿੰਘ ਡੀ. ਐੱਸ. ਪੀ. ਨੇ ਅਦਾਲਤ ਵਿਚ ਆਪਣਾ ਇਹ ਇਕਬਾਲੀਆ ਬਿਆਨ ਦਿੱਤਾ ਹੈ ਕਿ ਉਸ ਨੇ ਡਰੱਗ ਸਮੱਗਲਰਾਂ ਤੋਂ ਰਿਸ਼ਵਤ ਦੀ ਰਕਮ ਲੈ ਕੇ ਆਪਣੇ (ਉੱਚ ਅਧਿਕਾਰੀ) ਉਸ ਸਮੇਂ ਦੇ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਇੰਦਰਬੀਰ ਸਿੰਘ ਨੂੰ ਦੇ ਦਿੱਤੀ ਸੀ। ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦੀ ਮੁੱਢਲੀ ਜਾਂਚ ਦੌਰਾਨ 2023 ਵਿਚ ਦੋਵਾਂ ਮਾਮਲਿਆਂ ਵਿਚ ਡੀ. ਆਈ. ਜੀ. ਇੰਦਰਬੀਰ ਸਿੰਘ ਨੂੰ ਮੁਲਜ਼ਮ ਵਜੋਂ ਤਾਂ ਨਾਮਜ਼ਦ ਕਰ ਦਿੱਤਾ ਗਿਆ ਸੀ ਪਰ ਉਸ ਦੇ ਅਧਿਕਾਰੀਆਂ ਦਾ ਰਵੱਈਆ ਦੋਸਤਾਨਾ ਹੋਣ ਕਰਕੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਡੀ. ਜੀ. ਪੀ. ਪੰਜਾਬ ਵੱਲੋਂ ਇਹ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਇਨ੍ਹਾਂ ਇਲਾਕਿਆਂ ਵਿਚ ਪੈ ਸਕਦਾ ਹੈ ਮੀਂਹ
ਜਾਣਕਾਰੀ ਅਨੁਸਾਰ ਉਕਤ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਬੀਤੇ ਸੋਮਵਾਰ ਡੀ. ਐੱਸ. ਪੀ. ਲਖਬੀਰ ਸਿੰਘ ਸਮੇਤ ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਆਰ. ਕੇ. ਸ਼ਰਮਾ ਦੀ ਅਦਾਲਤ ਵਿਚ ਪੇਸ਼ ਹੋਈ, ਜਿੱਥੇ ਲਖਬੀਰ ਸਿੰਘ ਸੰਧੂ ਨੇ ਧਾਰਾ 164 ਸੀ. ਆਰ. ਪੀ. ਸੀ. (ਮੈਜਿਸਟਰੇਟ ਦੇ ਸਾਹਮਣੇ ਇਕਬਾਲੀਆ ਬਿਆਨ) ਸਰਕਾਰੀ ਗਵਾਹ ਬਣਨ ਸਬੰਧੀ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਇਸ ਸਬੰਧੀ ਡੀ. ਐੱਸ. ਪੀ. ਸੰਧੂ ਦੇ ਵਕੀਲ ਬਲਦੇਵ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਦੋਵਾਂ ਮਾਮਲਿਆਂ ਦੀ ਸੁਣਵਾਈ ਕਰ ਰਹੀ ਮਾਣਯੋਗ ਅਦਾਲਤ ਵੱਲੋਂ ਧਾਰਾ 164 ਤਹਿਤ ਬਿਆਨ ਦਰਜ ਕਰਦੇ ਹੋਏ ਡੀ. ਐੱਸ. ਪੀ. ਲਖਬੀਰ ਸਿੰਘ ਸੰਧੂ ਦੀ ਮੌਜੂਦਗੀ ਵਿਚ ਅਦਾਲਤ ਸਾਹਮਣੇ ਡੀ. ਆਈ. ਜੀ. ਇੰਦਰਬੀਰ ਸਿੰਘ ਨੂੰ ਪੇਸ਼ ਕਰਨ ਦੀ ਆਦੇਸ਼ ਜਾਰੀ ਕੀਤੇ ਹਨ, ਜਿਸ ਤੋਂ ਬਾਅਦ ਅਗਲੇਰੀ ਅਦਾਲਤੀ ਕਾਰਵਾਈ ਸ਼ੁਰੂ ਹੋਵੇਗੀ। ਅਦਾਲਤ ਵੱਲੋਂ ਅਗਲੀ ਸੁਣਵਾਈ ਲਈ 23 ਜਨਵਰੀ ਦੀ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਹੁਣ ਵਿਦਿਆਰਥੀ ਪੰਜਾਬੀ ’ਚ ਪੜ੍ਹਨਗੇ ਸਾਇੰਸ ਤੇ ਗਣਿਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8