ਸੇਵਾਮੁਕਤੀ ਤੋਂ 24 ਘੰਟੇ ਪਹਿਲਾਂ ਕੀਤੀ ਵੱਡੀ ਧਾਂਦਲੀ, ਸਾਬਕਾ ਡੀ. ਡੀ. ਪੀ. ਓ. ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ

Friday, Aug 04, 2023 - 06:18 PM (IST)

ਚੰਡੀਗੜ੍ਹ : ਨਿੱਜੀ ਵਿਅਕਤੀਆਂ ਨੂੰ 100 ਏਕੜ ਪੰਚਾਇਤੀ ਜ਼ਮੀਨ ਤਬਦੀਲ ਕਰਨ ਵਿਚ ਹੋਈਆਂ ਬੇਨਿਯਮੀਆਂ ਦਾ ਸਖ਼ਤੀ ਨਾਲ ਨੋਟਿਸ ਲੈਂਦਿਆਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਤੇ ਪੰਚਾਇਤਾਂ ਨੂੰ ਹਦਾਇਤ ਕੀਤੀ ਹੈ ਕਿ ਸੇਵਾਮੁਕਤ ਡੀ. ਡੀ. ਪੀ. ਓ. ਕੁਲਦੀਪ ਸਿੰਘ ਅਤੇ 27-2-2023 ਦੇ ਉਸ (ਕੁਲਦੀਪ ਸਿੰਘ) ਵੱਲੋਂ ਦਿੱਤੇ ਹੁਕਮਾਂ ਦੇ ਹੋਰ ਲਾਭਪਾਤਰਤੀਆ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ. ਪੀ. ਸੀ. ਦੀਆਂ ਹੋਰ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਜਾਵੇ।  

ਅਨੁਰਾਗ ਵਰਮਾ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਵੱਲੋਂ ਵੱਡੇ ਪੱਧਰ ’ਤੇ ਬੇਨਿਯਮੀਆਂ ਕੀਤੀਆਂ ਗਈਆਂ ਸਨ। ਕੁਲਦੀਪ ਸਿੰਘ ਨੂੰ 24-2-2023 ਨੂੰ ਏ. ਡੀ. ਸੀ. (ਡੀ) ਪਠਾਨਕੋਟ ਵਜੋਂ ਤਾਇਨਾਤ ਸਨ ਜਿਸ ਦਿਨ ਸ਼ੁੱਕਰਵਾਰ ਸੀ। ਉਸਨੇ 28-2-2023 ਭਾਵ ਮੰਗਲਵਾਰ ਨੂੰ ਸੇਵਾਮੁਕਤ ਹੋਣਾ ਸੀ। ਇਸ ਲਈ ਉਸਨੇ ਅਗਲੇ ਕੰਮਕਾਜੀ ਦਿਨ ਭਾਵ 27-2-2023 (ਸੋਮਵਾਰ) ਨੂੰ ਸੁਣਵਾਈ ਲਈ ਕੇਸ ਸੂਚੀਬੱਧ ਕੀਤਾ। ਕੁਲਦੀਪ ਸਿੰਘ ਨੇ 27-2-2023 ਨੂੰ ਹੀ ਨਿੱਜੀ ਪਟੀਸ਼ਨਰਾਂ ਦੇ ਹੱਕ ਵਿਚ ਕੇਸ ਦਾ ਫ਼ੈਸਲਾ ਸੁਣਾਇਆ। ਉਨ੍ਹਾਂ ਨੇ ਗ੍ਰਾਮ ਪੰਚਾਇਤ ਨੂੰ ਇਸ ਦੇ ਸਬੂਤ ਰਿਕਾਰਡ ’ਤੇ ਲਿਆਉਣ ਦਾ ਕੋਈ ਮੌਕਾ ਦੇਣਾ ਜ਼ਰੂਰੀ ਨਹੀਂ ਸਮਝਿਆ।

ਜਾਂਚ ਰਿਪੋਰਟ ਵਿਚ ਸਾਫ ਤੌਰ ’ਤੇ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਵਿਚ 26 ਜਨਵਰੀ 1950 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਜਮ੍ਹਾਂਬੰਦੀਆਂ ਦੀ ਜਾਂਚ ਕੀਤੀ ਜਾਵੇ । ਕੁਲਦੀਪ ਸਿੰਘ ਨੇ ਇਨ੍ਹਾਂ ਜਮ੍ਹਾਂਬੰਦੀਆਂ ਨੂੰ ਰਿਕਾਰਡ ’ਤੇ ਲਿਆਉਣ ਦੀ ਖੇਚਲ ਨਹੀਂ ਕੀਤੀ। ਇਹ ਪਾਇਆ ਗਿਆ ਕਿ ਉਸ ਵਲੋਂ ਕੀਤੀਆਂ ਗਈਆਂ ਬੇਨਿਯਮੀਆਂ ਪਹਿਲੀ ਨਜ਼ਰੇ ਜਾਣਬੁੱਝ ਕੇ ਕੀਤੀਆਂ ਗਈਆਂ ਅਤੇ ਦੋਸ਼ਪੂਰਨ ਸਨ ਕਿਉਂਕਿ ਕੁਲੈਕਟਰ ਨੂੰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਭਲੀਭਾਂਤ ਪਤਾ ਸੀ ਕਿ ਉਹ (ਕੁਲਦੀਪ ਸਿੰਘ) 28.02.2023 ਨੂੰ ਸੇਵਾਮੁਕਤ ਹੋ ਰਿਹਾ ਹੈ। ਆਪਣੀ ਸੇਵਾਮੁਕਤੀ ਤੋਂ ਸਿਰਫ 24 ਘੰਟੇ ਪਹਿਲਾਂ ਉਸਨੇ ਇਕ ਕੇਸ ਦਾ ਫ਼ੈਸਲਾ ਕੀਤਾ ਜਿਸ ਵਿਚ 734 ਕਨਾਲ 1 ਮਰਲਾ (91.75 ਏਕੜ) ਸ਼ਾਮਲਾਟ ਜ਼ਮੀਨ ਨਿੱਜੀ ਵਿਅਕਤੀਆਂ ਦੇ ਹੱਕ ਵਿਚ ਅਤੇ ਕੁਲੈਕਟਰ ਦੀ ਕਾਰਵਾਈ ਨਾਲ ਗ੍ਰਾਮ ਪੰਚਾਇਤ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ । ਵਰਮਾ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਕੁਲਦੀਪ ਸਿੰਘ ਵਿਰੁੱਧ ਪੰਜਾਬ ਸਿਵਲ ਸਰਵਿਸਿਜ਼ ਰੂਲਜ਼ ਦੇ ਨਿਯਮ 2.2 (ਬੀ) ਤਹਿਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਨਿਯਮਾਂ ਤਹਿਤ ਲੋੜ ਅਨੁਸਾਰ ਕੁਲਦੀਪ ਸਿੰਘ ਦੇ ਬਣਦੇ ਸੇਵਾਮੁਕਤੀ ਦੇ ਲਾਭ ਨਾ ਦਿੱਤੇ ਜਾਣ।


Gurminder Singh

Content Editor

Related News