ਕਿਸਾਨ ਸੰਘਰਸ਼ ਸਬੰਧੀ ਵਿਰੋਧੀ ਸਿਆਸੀ ਪਾਰਟੀਆਂ ਕੈ. ਅਮਰਿੰਦਰ ਸਿੰਘ ਤੋਂ ਸੇਧ ਲੈਣ : ਆਲੀਵਾਲ
Thursday, Jan 21, 2021 - 12:48 AM (IST)
ਚੰਡੀਗੜ੍ਹ, (ਰਮਨਜੀਤ)- ਦੇਸ਼ ਭਰ 'ਚ ਜੋ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਚਲਾਇਆ ਹੈ, ਉਹ ਹਰ ਤਰ੍ਹਾਂ ਨਾਲ ਜਾਇਜ਼ ਅਤੇ ਸਮੇਂ ਦੀ ਲੋੜ ਹੈ ਕਿਉਂਕਿ ਜੇ ਅੱਜ ਕਾਲੇ ਕਾਨੂੰਨਾਂ ਖਿਲਾਫ ਸਬੰਧਤ ਧਿਰਾਂ ਚੁੱਪ ਰਹੀਆਂ ਤਾਂ ਕਿਸਾਨੀ ਤਬਾਹ ਹੋ ਜਾਵੇਗੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਸੂਗਰਫੈੱਡ ਪੰਜਾਬ ਦੇ ਚੇਅਰਮੈਨ ਅਤੇ ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ ਨੇ ਕੀਤਾ। ਆਲੀਵਾਲ ਨੇ ਕਿਹਾ ਕਿ ਇਸ ਕਿਸਾਨ ਅੰਦੋਲਨ ਵਿਚ ਸਿਆਸੀ ਲੋਕਾਂ ਵਿਚੋਂ ਸਭ ਤੋਂ ਸ਼ਲਾਘਾਯੋਗ ਕੰਮ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੀਤਾ ਹੈ, ਜਿਨ੍ਹਾਂ ਕਿਸਾਨਾਂ ਦੇ ਦੁੱਖ ਨੂੰ ਸਮਝਦਿਆਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਬੁਲਾ ਕੇ ਕੇਂਦਰੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਸੋਧ ਬਿੱਲ ਵੀ ਪਾਸ ਕੀਤੇ। ਇਸ ਤੋਂ ਇਲਾਵਾ ਪਿਛਲੇ ਸੱਤ ਮਹੀਨਿਆਂ ਤੋਂ ਪੰਜਾਬ ਵਿਚ ਅੰਦੋਲਨ ਕਰ ਰਹੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਵੀ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਆਪਣੇ ਧੜੱਲੇਦਾਰ ਸੁਭਾਅ ਅਤੇ ਦੂਰਅੰਦੇਸ਼ੀ ਸੋਚ ਮੁਤਾਬਿਕ ਕੇਂਦਰ ਸਰਕਾਰ ਨਾਲ ਵੀ ਆਢਾ ਲਿਆ ਅਤੇ ਕਿਸਾਨਾਂ ਦੀ ਵੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜੁਮਲੇ ਸੁਣਾਉਂਦਾ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਹਕੀਕੀ ਕੰਮ ਕਰਦਾ ਹੈ।
ਆਲੀਵਾਲ ਨੇ ਕਿਹਾ ਕਿ ਭਾਜਪਾ ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਕੈ. ਅਮਰਿੰਦਰ ਸਿੰਘ ਤੋਂ ਸੇਧ ਲੈ ਕੇ ਪਿਛੇ ਰਹਿ ਕੇ ਕਿਸਾਨ ਸੰਘਰਸ਼ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕਿਸਾਨ ਝੰਡੇ ਤੇ ਬੈਨਰ ਥੱਲੇ ਹੀ ਸੰਘਰਸ ਲੜਨਾ ਚਾਹੀਦਾ ਹੈ। ਕਿਸੇ ਵੀ ਰਾਜਸੀ ਪਾਰਟੀ ਨੂੰ ਆਪਣੇ ਝੰਡੇ ਨਹੀਂ ਦਿਖਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇਸ ਵੇਲੇ ਦੁਨੀਆਂ ਦੇ ਲੋਕਾਂ ਦਾ ਅੰਦੋਲਨ ਬਣ ਗਿਆ ਹੈ। ਇਸ ਵਿਚ ਹਰ ਧਰਮ ਅਤੇ ਹਰ ਵਰਗ ਦੇ ਲੋਕ ਇਕ ਦੂਜੇ ਤੋਂ ਅੱਗੇ ਹੋ ਕੇ ਯੋਗਦਾਨ ਦੇ ਰਹੇ ਹਨ। ਇਸ ਅੰਦੋਲਨ ਦੀ ਇਹ ਵੀ ਵਿਲੱਖਣਤਾ ਹੈ ਕਿ ਇਸ ਵਿਚ ਜੋਸ਼ ਅਤੇ ਹੋਸ਼ ਭਾਵ ਨੌਜਵਾਨ ਅਤੇ ਬਜ਼ੁਰਗ ਹੀ ਨਹੀਂ ਸਗੋਂ ਔਰਤਾਂ ਵੀ ਹਿੱਸਾ ਪਾ ਰਹੀਆਂ ਹਨ।