ਪੰਜਾਬ ਦੇ ਨੌਜਵਾਨਾਂ ਲਈ Microsoft ਤੋਂ ਸਿਖਲਾਈ ਲੈਣ ਦਾ ਮੌਕਾ! PSDM ਨੇ ਕੀਤਾ ਕਰਾਰ

06/22/2024 9:09:49 AM

ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਦੇ ਹੁਨਰ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਆਲਮੀ ਲੋੜਾਂ ਅਨੁਸਾਰ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਉਣ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ (PSDM ) ਨੇ ਮਾਈਕ੍ਰੋਸਾਫਟ ਨਾਲ ਇਕ ਸਮਝੌਤਾ (MoU) ਸਹੀਬੱਧ ਕੀਤਾ ਹੈ, ਜਿਸ ਤਹਿਤ ਇਕ ਸਾਲ ਅੰਦਰ 10 ਹਜ਼ਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਸਮਝੌਤੇ ਉੱਤੇ ਡਾਇਰੈਕਟਰ PSDM ਅੰਮ੍ਰਿਤ ਸਿੰਘ ਅਤੇ ਮਾਈਕ੍ਰੋਸਾਫਟ ਕਾਰਪੋਰੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਵਿਚ ਐਜੂਕੇਸ਼ਨ ਦੇ ਕੰਟਰੀ ਹੈੱਡ ਸੰਜੈ ਢੀਂਗਰਾ ਵੱਲੋਂ ਹਸਤਾਖ਼ਰ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ ਜ਼ਿਮਨੀ ਚੋਣ: ਅਖ਼ੀਰਲੇ ਦਿਨ 14 ਉਮੀਦਵਾਰਾਂ ਨੇ ਭਰੀ ਨਾਮਜ਼ਦਗੀ, ਕੁੱਲ 23 ਉਮੀਦਵਾਰ ਮੈਦਾਨ 'ਚ

ਇਸ ਸਮਝੌਤੇ ਲਈ ਸਮੁੱਚੇ ਵਿਭਾਗ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ 10,000 ਨੌਜਵਾਨਾਂ ਨੂੰ ਕਲਾਊਡ, ਆਰਟੀਫਿਸ਼ੀਅਲ ਇੰਟੈਲੀਜੈਂਸ (AI), ਸਾਈਬਰ ਸੁਰੱਖਿਆ ਅਤੇ ਸਸਟੇਨਿਬਿਲਟੀ, ਡਿਜੀਟਲ ਪ੍ਰੋਡਕਟੀਵਿਟੀ, ਰੋਜ਼ਗਾਰ, ਇੰਗਲਿਸ਼ ਕਮਿਊਨੀਕੇ਼ਸ਼ਨ ਸਕਿੱਲਜ਼, ਤਕਨਾਲੋਜੀ ਅਤੇ ਉੱਦਮੀ ਹੁਨਰ ਸਿਖਲਾਈ ਪ੍ਰਦਾਨ ਕਰਨ ਵਿੱਚ ਅਹਿਮ ਸਿੱਧ ਹੋਵੇਗਾ। ਉਨ੍ਹਾਂ ਦੁਹਰਾਇਆ ਕਿ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

ਸਮਝੌਤੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਸਾਲ 2024-25 ਲਈ ਮਾਈਕ੍ਰੋਸਾਫਟ ਨਾਲ ਕੀਤੇ ਗਏ ਇਸ ਸਮਝੌਤੇ ਵਿੱਚ ਅਜਿਹੀਆਂ ਵੱਖ-ਵੱਖ ਪਹਿਲਕਦਮੀਆਂ ਸ਼ਾਮਲ ਹਨ, ਜੋ PSDM ਦੇ ਸਹਿਯੋਗ ਨਾਲ ਸਿਖਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਆਲਮੀ ਲੋੜਾਂ ਅਨੁਸਾਰ ਨੌਜਵਾਨਾਂ ਦੇ ਹੁਨਰ ਅਤੇ ਯੋਗਤਾ ਨੂੰ ਵਧਾਉਣਾ ਹੈ ਤਾਂ ਜੋ ਉਨ੍ਹਾਂ ਨੂੰ AI ਦੇ ਬੋਲਬਾਲੇ ਵਾਲੀ ਅਰਥਵਿਵਸਥਾ ਵਿੱਚ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਇਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਫੇਰਬਦਲ, IPS ਤੇ PPS ਅਧਿਕਾਰੀਆਂ ਦੇ ਹੋਏ ਤਬਾਦਲੇ

ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਨਾਲ ਵੀ ਅਜਿਹੇ ਸਮਝੌਤੇ ਸਹੀਬੱਧ ਕੀਤੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News