ਵੇਰਕਾ ਦੀ ਚੜ੍ਹਤ ਦੇਖ ਵਿਰੋਧੀ ਘਬਰਾਏ : ਹਰਪਾਲ ਚੀਮਾ

Saturday, May 07, 2022 - 01:35 AM (IST)

ਵੇਰਕਾ ਦੀ ਚੜ੍ਹਤ ਦੇਖ ਵਿਰੋਧੀ ਘਬਰਾਏ : ਹਰਪਾਲ ਚੀਮਾ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦੱਸਿਆ ਕਿ ਤੁਰਕੀ 'ਚ ਸਾਲ 2020 ਵਿਚ ਬਣੀ ਵੀਡੀਓ ਰਾਹੀਂ ਵੇਰਕਾ ਦਾ ਅਕਸ ਖ਼ਰਾਬ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਮਿਲਕਫ਼ੈੱਡ ਵੱਲੋਂ ਸੂਚਨਾ ਟੈਕਨਾਲੋਜੀ ਐਕਟ 2000 ਤਹਿਤ ਪੰਜਾਬ ਪੁਲਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਸਮਾਜ ਦੇ ਬੇਈਮਾਨ ਅਤੇ ਗ਼ੈਰ-ਜ਼ਿੰਮੇਵਾਰ ਅਨਸਰਾਂ ਵਿਰੁੱਧ ਲੋੜੀਂਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਤੁਰਕੀ ਵਿਚ ਬਣੀ ਇਕ ਪੁਰਾਣੀ ਵੀਡੀਓ ਸਮਾਜ ਵਿਰੋਧੀ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਿਤ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਜੋ ਡੇਅਰੀ ਉਦਯੋਗ 'ਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸ ਦੇ ਸਹਿਕਾਰੀ ਬ੍ਰਾਂਡ ਦੇ ਸਾਫ਼ ਅਕਸ ਨੂੰ ਖੋਰਾ ਲਾਇਆ ਜਾ ਸਕੇ।

ਇਹ ਵੀ ਪੜ੍ਹੋ : 'ਸੋਸ਼ਲ ਮੀਡੀਆ 'ਤੇ ਵਾਇਰਲ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਵੀਡੀਓ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ'

ਮੰਤਰੀ ਚੀਮਾ ਨੇ ਦੱਸਿਆ ਕਿ ਵਾਇਰਲ ਵੀਡਿਓ ਦੀ ਤਸਵੀਰ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਇਹ ਕੋਝੀ ਹਰਕਤ ਵੇਰਕਾ ਬ੍ਰਾਂਡ ਦੀ ਨਿੱਤ ਵਧ ਰਹੀ ਪ੍ਰਸਿੱਧੀ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੈ। ਚੀਮਾ ਨੇ ਇਸ ਵੀਡਿਓ 'ਤੇ ਵੇਰਕਾ ਦਾ ਨਾਂ ਲਿਖ ਕੇ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਕਰਨ ਉਪਰੰਤ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਇਹ ਵੀਡੀਓ ਚਲਾਈ ਜਾ ਰਹੀ ਹੋਵੇ, ਉਥੋਂ ਪੋਸਟ ਨੂੰ ਤੁਰੰਤ ਹਟਾਇਆ ਜਾਵੇ। ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੇ ਮਿਲਕਫ਼ੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਲਗਭਗ 2 ਸਾਲ ਪੁਰਾਣੀ ਹੈ ਅਤੇ ਇਸ ਵੀਡਿਓ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ : ਜਨਤਾ ਬਜਟ 'ਤੇ ਉਦਯੋਗਪਤੀਆਂ ਦੇ ਸੁਝਾਅ ਲੈਣ ਪੁੱਜੇ ਵਿੱਤ ਮੰਤਰੀ ਨੇ ਪਿਛਲੀਆਂ ਸਰਕਾਰਾਂ 'ਤੇ ਵਿੰਨ੍ਹੇ ਨਿਸ਼ਾਨੇ


author

Mukesh

Content Editor

Related News