ਓਪਨ ਸਕੂਲ ਪ੍ਰਣਾਲੀ ਅਧੀਨ 10ਵੀਂ ਤੇ 12ਵੀਂ ''ਚ ਦਾਖ਼ਲਾ ਲੈਣ ਲਈ ਸ਼ਡਿਊਲ ਜਾਰੀ

07/13/2022 3:02:51 PM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2022-23 ਲਈ ਓਪਨ ਸਕੂਲ ਪ੍ਰਣਾਲੀ ਅਧੀਨ 10ਵੀਂ ਅਤੇ 12ਵੀਂ ਸ਼੍ਰੇਣੀਆਂ 'ਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2022-23 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ 'ਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਆਨਲਾਈਨ ਪ੍ਰਕਿਰਿਆ ਰਾਹੀਂ ਹੀ ਆਪਣਾ ਦਾਖ਼ਲਾ ਫ਼ਾਰਮ ਅਤੇ ਦਾਖ਼ਲਾ ਫ਼ੀਸ ਭਰ ਸਕਦੇ ਹਨ।

ਇੱਛੁਕ ਵਿਦਿਆਰਥੀਆਂ ਨੂੰ ਵੈੱਬਸਾਈਟ 'ਤੇ ਮੌਜੂਦ 'ਓਪਨ ਸਕੂਲ' ਲਿੰਕ 'ਤੇ ਕਲਿੱਕ ਕਰਕੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਪੰਜਾਬ ਓਪਨ ਸਕੂਲ ਦੇ ਇਨ੍ਹਾਂ ਕੋਰਸਾਂ ਲਈ 31 ਅਗਸਤ, 2022 ਤੱਕ ਬਿਨਾ ਕਿਸੇ ਲੇਟ ਫ਼ੀਸ ਦੇ ਦਾਖ਼ਲਾ ਲਿਆ ਜਾ ਸਕਦਾ ਹੈ। ਸਿੱਖਿਆ ਬੋਰਡ ਵੱਲੋਂ ਮੁਹੱਈਆ ਕਰਵਾਈ ਹੋਰ ਜਾਣਕਾਰੀ ਅਨੁਸਾਰ ਸਬੰਧਿਤ ਵਿਦਿਆਰਥੀਆਂ ਨੇ ਬੋਰਡ ਵੱਲੋਂ ਨਿਰਧਾਰਿਤ ਦਾਖ਼ਲਾ ਅਤੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਫ਼ੀਸ ਅਦਾ ਨਹੀਂ ਕਰਨੀ ਹੋਵੇਗੀ।

ਦਸਵੀਂ ਅਤੇ ਬਾਰ੍ਹਵੀਂ ਕੋਰਸਾਂ ਦੇ ਦਾਖ਼ਲੇ ਲਈ ਪ੍ਰਾਸਪੈਕਟਸ ਵੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲੱਬਧ ਕਰਵਾ ਦਿੱਤੇ ਗਏ ਹਨ। ਜੇਕਰ ਦਾਖ਼ਲੇ ਦੀਆਂ ਮਿਤੀਆਂ 'ਚ ਕੋਈ ਫ਼ੇਰਬਦਲ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਸਿੱਖਿਆ ਬੋਰਡ ਦੀ ਵੈੱਬਸਾਈਟ ਅਤੇ ਵੱਖ-ਵੱਖ ਅਖ਼ਬਾਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ। ਇਨ੍ਹਾਂ ਕੋਰਸਾਂ ਸਬੰਧੀ ਪਾਠਕ੍ਰਮ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਵੈੱਬਸਾਈਟ 'ਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ ਅਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
 


Babita

Content Editor

Related News