ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ’ਤੇ ਕਾਂਗਰਸ ਪਾਰਟੀ ਦੇ ਮੇਅਰਾਂ ਦੀ ਹੀ ਹੋਵੇਗੀ ਨਿਯੁਕਤੀ
Friday, Feb 19, 2021 - 12:49 AM (IST)
ਚੰਡੀਗੜ੍ਹ, (ਰਮਨਜੀਤ)- ਮਿਉਂਸਪਲ ਚੋਣਾਂ ਵਿਚ ਜ਼ਬਰਦਸਤ ਜਿੱਤ ਦਰਜ ਕਰਨ ਤੋਂ ਬਾਅਦ ਰਾਜ ਦੀ ਸੱਤਾਧਿਰ ਕਾਂਗਰਸ ਨੇ ਉਹ ਕਰ ਦਿੱਤਾ ਹੈ, ਜੋ ਪਹਿਲਾਂ ਨਹੀਂ ਹੋਇਆ ਸੀ। ਰਾਜ ਦੇ ਸਾਰੇ ਨਗਰ ਨਿਗਮਾਂ ਵਿਚ ਮੇਅਰ ਦੀ ਕੁਰਸੀ ’ਤੇ ਕਾਂਗਰਸ ਦੇ ਨੇਤਾ ਹੀ ਬੈਠਣਗੇ। ਬਠਿੰਡਾ ਅਤੇ ਪਠਾਨਕੋਟ ਦੀ ਕੱਲ ਮਿਲੀ ਜਿੱਤ ਅਤੇ ਅੱਜ ਮੋਹਾਲੀ ਨਗਰ ਨਿਗਮ ਦੇ ਆਏ ਨਤੀਜਿਆਂ ਨੇ ਅਜਿਹਾ ਸੰਭਵ ਕਰ ਦਿੱਤਾ ਹੈ ਅਤੇ ਜੋ ਪੇਚ ਮੋਗਾ ਵਿਚ ਫਸ ਗਿਆ ਸੀ, ਉਸ ਦੀ ਪੂਰਤੀ ਮੋਗਾ ਤੋਂ ਜੇਤੂ ਹੋਏ 9 ਆਜ਼ਾਦ ਉਮੀਦਵਾਰਾਂ ਨੇ ਕਾਂਗਰਸ ਦਾ ਪੱਲਾ ਫੜ੍ਹ ਕੇ ਸੁਲਝਾ ਦਿੱਤਾ ਹੈ। ਰਾਜ ਦੀਆਂ ਸਾਰੀਆਂ ਨਗਰ ਨਿਗਮਾਂ ’ਤੇ ਕਾਂਗਰਸ ਦਾ ਹੀ ਰਾਜ ਹੋਵੇਗਾ, ਇਹ ਤੈਅ ਹੋ ਗਿਆ ਹੈ।
ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਪਠਾਨਕੋਟ ਜ਼ਿਲ੍ਹੇ ਤੋਂ ਲੈ ਕੇ ਰਾਜਸਥਾਨ-ਹਰਿਆਣਾ ਬਾਰਡਰ ’ਤੇ ਬਠਿੰਡਾ-ਅਬੋਹਰ ਤੱਕ ਪੈਂਦੇ ਸਾਰੇ ਨਗਰ ਨਿਗਮਾਂ ’ਤੇ ਤਾਜ਼ਾ ਨਤੀਜਿਆਂ ਵਿਚ ਮਿਲੀ ਜਿੱਤ ਦੇ ਨਾਲ ਕਾਂਗਰਸ ਦਾ ਇਹ ਟੀਚਾ ਪੂਰਾ ਹੋ ਸਕਿਆ ਹੈ। ਪਠਾਨਕੋਟ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਪਰ ਉਸ ਵਿਚ ਵੀ ਸੰਨ੍ਹ ਲਗਾਉਣ ਵਿਚ ਕਾਮਯਾਬੀ ਹਾਸਲ ਕਰਕੇ ਅਤੇ ਦੂਜੇ ਪਾਸੇ ਬਾਦਲਾਂ ਦੇ ਗੜ੍ਹ ਬਠਿੰਡਾ ’ਚ ਪਹਿਲੀ ਵਾਰ ਕਾਂਗਰਸ ਦਾ ਮੇਅਰ ਬਣਾ ਕੇ ਇਹ ਸੰਭਵ ਹੋ ਸਕਿਆ ਹੈ। ਕੱਲ ਆਏ ਨਤੀਜਿਆਂ ਤੋਂ ਬਾਅਦ ਮੋਗਾ ਨੇ ਕਾਂਗਰਸੀ ਨੇਤਾਵਾਂ ਦੇ ਮੱਥੇ ’ਤੇ ਸ਼ਿਕਨ ਜਰੂਰ ਲਿਆ ਦਿੱਤੀ ਸੀ ਪਰ ਮੋਗਾ ਦੇ ਵਿਧਾਇਕ ਹਰਜੋਤ ਕਮਲ ਅਤੇ ਹੋਰ ਸੀਨੀਅਰ ਕਾਂਗਰਸੀਆਂ ਵਲੋਂ ਕੀਤੀ ਗਈ ਭੱਜ-ਦੌੜ ਤੋਂ ਬਾਅਦ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਜਿੱਤ ਕੇ ਆਏ 9 ਜੇਤੂਆਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਮੋਗਾ ਵਿਚ ਵੀ ਕਾਂਗਰਸ ਦਾ ਮੇਅਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।
ਤਾਜ਼ਾ ਨਤੀਜਿਆਂ ਮੁਤਾਬਕ ਪਠਾਨਕੋਟ, ਬਟਾਲਾ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਬਠਿੰਡਾ, ਅਬੋਹਰ ਅਤੇ ਮੋਹਾਲੀ ਵਿਚ ਕਾਂਗਰਸ ਦੇ ਮੇਅਰ ਬਣਨ ’ਤੇ ਮੋਹਰ ਲੱਗੀ ਹੈ ਤਾਂ ਇਸ ਤੋਂ ਪਹਿਲਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿਚ ਪਹਿਲਾਂ ਤੋਂ ਹੀ ਕਾਂਗਰਸ ਦੇ ਮੇਅਰ ਕੁਰਸੀ ’ਤੇ ਕਾਬਿਜ਼ ਹਨ। ਇਕਲੌਤੀ ਨਗਰ ਨਿਗਮ ਫਗਵਾੜਾ ਹੈ, ਜਿੱਥੇ ਕੁੱਝ ਕਾਨੂੰਨੀ ਅੜਚਨਾਂ ਦੇ ਕਾਰਨ ਚੋਣ ਨਹੀਂ ਹੋ ਸਕੀ ਹੈ।
ਇਸ ਤੋਂ ਪਹਿਲਾਂ ਪੰਜਾਬ ਵਿਚ ਕਦੇ ਵੀ ਅਜਿਹਾ ਨਹੀਂ ਹੋਇਆ ਹੈ ਕਿ ਕਿਸੇ ਇਕ ਰਾਜਨੀਤਕ ਪਾਰਟੀ ਵਲੋਂ ਸਾਰੀਆਂ ਨਗਰ ਨਿਗਮਾਂ ਦੇ ਮੇਅਰ ਦੀ ਕੁਰਸੀ ’ਤੇ ਆਪਣੀ ਧਾਕ ਜਮਾਈ ਗਈ ਹੋਵੇ। ਹਾਲਾਂਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜ਼ਿਆਦਾਤਰ ਨਿਗਮਾਂ ’ਤੇ ਅਕਾਲੀ-ਭਾਜਪਾ ਕਾਬਿਜ਼ ਸਨ ਪਰ ਉਨ੍ਹਾਂ ਵਿਚ ਵੀ ਕਈ ਨਿਗਮਾਂ ’ਤੇ ਅਕਾਲੀ ਅਤੇ ਕੁੱਝ ’ਤੇ ਭਾਜਪਾ ਦੇ ਮੇਅਰ ਬਣਦੇ ਸਨ। ਇਸ ਵਾਰ ਉਕਤ ਦੋਵੇਂ ਰਾਜਨੀਤਕ ਪਾਰਟੀਆਂ ਵੀ ਵੱਖ-ਵੱਖ ਚੋਣਾਂ ਲੜ ਰਹੀਆਂ ਸਨ।