'ਕੋਰੋਨਾ' ਮਹਾਮਾਰੀ 'ਚ ਅਹਿਮ ਫੈਸਲਾ, ਕੈਂਬ੍ਰਿਜ ਯੂਨੀਵਰਸਿਟੀ 'ਚ ਹੋਵੇਗੀ ਆਨਲਾਈਨ ਪੜ੍ਹਾਈ

05/23/2020 3:01:20 PM

ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਨ ਨਾਲ ਨਾ ਕੇਵਲ ਭਾਰਤ 'ਚ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਵਿਦੇਸ਼ਾਂ 'ਚ ਵੀ ਇਸ ਦਾ ਅਸਰ ਸਿੱਖਿਆ 'ਤੇ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ ਨੇ ਨਵੇਂ ਸੈਸ਼ਨ 2020-21 'ਚ ਵਿਦਿਆਰਥੀਆਂ ਨੂੰ ਆਨਲਾਈਨ ਸਟੱਡੀ ਕਰਵਾਉਣ ਦਾ ਫੈਸਲਾ ਲਿਆ ਹੈ। ਲਗਭਗ 800 ਸਾਲ ਪੁਰਾਣੀ ਇਸ ਯੂਨੀਵਰਸਿਟੀ ਦੇ ਇਸ ਕਦਮ ਨਾਲ ਹੀ ਕੈਂਬ੍ਰਿਜ ਬ੍ਰਿਟੇਨ ਦਾ ਇਸ ਤਰ੍ਹਾਂ ਦਾ ਪਹਿਲਾ ਸਥਾਨ ਬਣ ਗਿਆ ਹੈ, ਜਿੱਥੇ ਅਗਲੇ ਸੈਸ਼ਨ ਤੋਂ ਫੇਸ-ਟੂ-ਫੇਸ ਕਲਾਸਾਂ ਨਹੀਂ ਲੱਗਣਗੀਆਂ, ਸਿਰਫ ਆਨਲਾਈਨ ਪੜ੍ਹਾਈ ਹੀ ਹੋਵੇਗੀ। ਇਸ ਤੋਂ ਪਹਿਲਾਂ ਵੀ ਕੈਂਬ੍ਰਿਜ 'ਚ ਮਾਰਚ 'ਚ ਹੀ ਸਟੱਡੀ ਆਨਲਾਈਨ ਕਰ ਦਿੱਤੀ ਸੀ।

PunjabKesari

ਦੱਸ ਦਈਏ ਕਿ ਕੈਂਬ੍ਰਿਜ ਯੂਨੀਵਰਸਿਟੀ ਇੰਗਲੈਂਡ ਦੇ ਕੈਂਬ੍ਰਿਜ ਸ਼ਹਿਰ 'ਚ ਸਥਿਤ ਹੈ। ਯੂਰੋਪ ਦੀ ਚੌਥੀ ਸਭ ਤੋਂ ਪੁਰਾਣੀ ਇਸ ਯੂਨੀਵਰਸਿਟੀ ਵਿਚ ਦੇਸ਼ ਵਿਦੇਸ਼ ਦੇ ਵਿਦਿਆਰਥੀ ਹਰ ਸਾਲ ਪੜ੍ਹਨ ਲਈ ਆਉਂਦੇ ਹਨ। ਕੈਂਬ੍ਰਿਜ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਰੇ ਲੈਕਚਰ 2021 ਦੀਆਂ ਗਰਮੀਆਂ ਤੱਕ ਆਨਲਾਈਨ ਹੀ ਹੋਣਗੇ ਅਤੇ ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਨਵਾਂ ਸੈਸ਼ਨ ਵੀ ਆਨਲਾਈਨ ਸ਼ੁਰੂ ਕੀਤਾ ਜਾਵੇਗਾ। ਯੂਨੀਵਰਸਿਟੀ ਮੁਤਾਬਕ ਅਕਤੂਬਰ ਤੋਂ ਸ਼ੁਰੂ ਹੋ ਕੇ 2021 ਦੀਆਂ ਗਰਮੀਆਂ ਤੱਕ ਚੱਲਣ ਵਾਲੇ ਵਿਦਿਅਕ ਸੈਸ਼ਨ ਲਈ ਸੋਸ਼ਲ ਡਿਸਟੈਂਸਿੰਗ ਰੱਖਣਾ ਅਹਿਮ ਹੈ। ਉਥੇ ਯੂਨੀਵਰਸਿਟੀ ਨੇ ਇਕ ਯੋਜਨਾ ਇਹ ਵੀ ਬਣਾਈ ਹੈ ਕਿ ਜੇਕਰ ਛੋਟੇ ਵਿਦਿਅਕ ਸਮੂਹ ਨੇ ਕੋਈ ਲੈਕਚਰ ਆਫ ਲਾਈਨ ਲਿਆ ਤਾਂ ਉਸ 'ਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਫਿਲਹਾਲ ਕੋਰੋਨਾ ਮਹਾਮਾਰੀ ਕਾਰਨ ਆਫ ਲਾਈਨ ਕਲਾਸਾਂ ਨੂੰ ਇੰਨੇ ਲਮੇਂ ਸਮੇਂ ਤੱਕ ਬੰਦ ਰੱਖਣ ਦਾ ਫੈਸਲਾ ਹੀ ਕੀਤਾ ਗਿਆ ਹੈ।

ਹਾਵਰਡ ਯੂਨੀਵਰਸਿਟੀ ਕਰ ਚੁੱਕੀ ਹੈ 64 ਕੋਰਸ ਆਨਲਾਈਨ
ਇਸ ਤੋਂ ਪਹਿਲਾਂ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਨੇ ਵੀ ਵਿਦਿਆਰਥੀਆਂ ਲਈ 64 ਕੋਰਸ ਮੁਫਤ ਆਨਲਾਈਨ ਕਰ ਦਿੱਤੇ। ਆਨਲਾਈਨ ਮੁਫਤ ਕੀਤੇ ਗਏ ਕੋਰਸ 'ਚ ਕਈ ਇਸ ਤਰ੍ਹਾਂ ਦੇ ਵੀ ਹਨ। ਜਿਨਾਂ ਦੀ ਫੀਸ 2.5 ਲੱਖ ਤੱਕ ਵੀ ਹੁੰਦੀ ਹੈ। ਇਹ ਸਾਰੇ ਕੋਰਸ ਹਾਵਰਡ ਦੀ ਵੈੱਬਸਾਈਟ 'ਤੇ ਉਪਲੱਬਧ ਹਨ। ਇਨ੍ਹਾਂ ਵਿਚ ਆਰਟ ਐਂਡ ਡਿਜ਼ਾਈਨ, ਬਿਜ਼ਨੈੱਸ, ਕੰਪਿਊਟਰ ਸਾਇੰਸ, ਡੇਟਾ ਸਾਇੰਸ, ਐਜੂਕੇਸ਼ਨ ਐਂਡ ਟੀਚਿੰਗ, ਹੈਲਥ ਐਂਡ ਮੈਡੀਸਨ, ਆਰਟਸ, ਮੈਥ ਅਤੇ ਪ੍ਰੋਗਰਾਮਿੰਗ ਸਾਇੰਸ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ।


Anuradha

Content Editor

Related News