ਟਰਾਂਸਪੋਰਟ ਵਿਭਾਗ ਨੇ ਸ਼ੁਰੂ ਕੀਤੀਆਂ ਡਰਾਈਵਿੰਗ ਲਾਇਸੈਂਸਾਂ ਦੀਆਂ ਆਨਲਾਈਨ ਫੀਸਾਂ

Wednesday, Dec 06, 2017 - 11:51 AM (IST)

ਟਰਾਂਸਪੋਰਟ ਵਿਭਾਗ ਨੇ ਸ਼ੁਰੂ ਕੀਤੀਆਂ ਡਰਾਈਵਿੰਗ ਲਾਇਸੈਂਸਾਂ ਦੀਆਂ ਆਨਲਾਈਨ ਫੀਸਾਂ


ਪਟਿਆਲਾ (ਰਾਜੇਸ਼, ਇੰਦਰਪ੍ਰੀਤ) - ਟਰਾਂਸਪੋਰਟ ਵਿਭਾਗ ਵੱਲੋਂ ਡਰਾਈਵਿੰਗ ਲਾਇਸੈਂਸਾਂ ਦੀਆਂ ਫੀਸਾਂ ਆਨਲਾਈਨ ਸ਼ੁਰੂ ਕੀਤੀਆਂ ਗਈਆਂ ਹਨ। ਪਬਲਿਕ ਨੂੰ ਹੁਣ ਡਰਾਈਵਿੰਗ ਲਾਇਸੈਂਸ ਦੀ ਫੀਸ ਭਰਨ ਲਈ ਟ੍ਰੈਕ 'ਤੇ ਲੰਬੀਆਂ ਲਾਈਨਾਂ ਵਿਚ ਨਹੀਂ ਖੜ੍ਹਣਾ ਪਵੇਗਾ। ਜਾਣਕਾਰੀ ਅਨੁਸਾਰ ਕੁੱਝ ਬਾਹਰੀ ਵਿਅਕਤੀ ਵਾਧੂ ਪੈਸੇ ਲੈ ਕੇ ਫੀਸਾਂ ਕਟਵਾਉਂਦੇ ਸਨ। ਟਰਾਂਸਪੋਰਟ ਵਿਭਾਗ ਵੱਲੋਂ ਹਾਲ ਹੀ ਵਿਚ ਡਰਾਈਵਿੰਗ ਲਾਇਸੈਂਸ ਆਨਲਾਈਨ ਸ਼ੁਰੂ ਕੀਤੇ ਗਏ ਸਨ। ਹੁਣ ਫੀਸਾਂ ਵੀ ਆਨਲਾਈਨ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। 
ਜਨਤਾ ਆਪਣਾ ਡਰਾਈਵਿੰਗ ਲਾਇਸੈਂਸ ਆਨਲਾਈਨ ਅਪਲਾਈ ਕਰ ਕੇ ਫੀਸ ਵੀ ਬਾਹਰੋਂ ਕਿਤੋਂ ਵੀ ਆਨਲਾਈਨ ਭਰ ਸਕਦੀ ਹੈ। ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਟਰਾਂਸਪੋਰਟ ਸੇਵਾ ਵਿਚ ਡਰਾਈਵਿੰਗ ਲਾਇਸੈਂਸ ਦੀ ਆਨਲਾਈਨ ਫੀਸ ਭਰੀ ਜਾ ਸਕਦੀ ਹੈ। ਜਨਤਾ ਨੂੰ ਆਪਣਾ ਕੋਈ ਵੀ ਡਰਾਈਵਿੰਗ ਲਾਇਸੈਂਸ ਆਨਲਾਈਨ ਅਪਲਾਈ ਕਰ ਕੇ ਫੀਸ ਭਰਨ ਤੋਂ ਬਾਅਦ ਟੈਸਟ ਦੇਣ ਤੇ ਫੋਟੋ ਖਿਚਵਾਉਣ ਲਈ ਹੀ ਡਰਾਈਵਿੰਗ ਟੈਸਟ ਟ੍ਰੈਕ 'ਤੇ ਜਾਣਾ ਪਵੇਗਾ।  ਇਸ ਸਬੰਧੀ ਜਦੋਂ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਗੁਰਪ੍ਰੀਤ ਸਿੰਘ ਥਿੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਾਰੇ ਤਰ੍ਹਾਂ ਦੇ ਡਰਾਈਵਿੰਗ ਲਾਇਸੈਂਸਾਂ ਦੀਆਂ ਫੀਸਾਂ ਆਨਲਾਈਨ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨਾਲ ਪਬਲਿਕ ਨੂੰ ਰਾਹਤ ਮਿਲੇਗੀ। ਆਰ. ਟੀ. ਏ. ਗੁਰਪ੍ਰੀਤ ਥਿੰਦ ਨੇ ਕਿਹਾ ਕਿ ਟੈਸਟ ਟ੍ਰੈਕ 'ਤੇ ਤਾਇਨਾਤ ਕਲਰਕ ਤੇ ਕੰਪਿਊਟਰ ਆਪਰੇਟਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਸੀਟ 'ਤੇ ਬੈਠ ਕੇ ਪਬਲਿਕ ਦਾ ਕੰਮ ਕਰਨ। ਇਸ ਮੌਕੇ ਸਟੈਨੋ ਤਰਸੇਮ ਚੰਦ ਵੀ ਹਾਜ਼ਰ ਸਨ।


Related News